ਪੰਚਾਇਤੀ ਚੋਣਾਂ ਕਾਰਨ ਨਹੀਂ ਹੋਇਆ ‘ਆਪ’ ਵਰਕਰ ਦਾ ਕਤਲ
ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਦਾ ਪਿੰਡ ਖੈਰਾ ਖੁਰਦ ਵਿੱਚ ਕੀਤੇ ਕਤਲ ਦਾ ਮਾਮਲਾ ਪੁਲੀਸ ਨੇ ਕੁੱਝ ਘੰਟਿਆਂ ਵਿੱਚ ਹੱਲ ਕਰ ਲਿਆ। ਪੁਲੀਸ ਅਨੁਸਾਰ ਇਹ ਮਾਮਲਾ ਪੰਚਾਇਤੀ ਚੋਣਾਂ ਦਾ ਨਹੀਂ, ਸਗੋਂ ਇੱਕ ਲੜਕੀ ਨਾਲ ਕੁੱਝ ਸਮਾਂ ਪਹਿਲਾਂ ਹੋਈ ਛੇੜ-ਛਾੜ ਦਾ ਨਿਕਲਿਆ ਹੈ। ਮਾਨਸਾ ਦੇ ਐੱਸਐੱਸਪੀ ਭਾਗੀਰਥ ਸਿੰਘ ਮੀਨਾ ਨੇ ਅੱਜ ਇਥੇ ਬਾਅਦ ਦੁਪਹਿਰ ਪ੍ਰੈੱਸ ਕਾਨਫੰਰਸ ਦੌਰਾਨ ਦੱਸਿਆ ਕਿ ਕੱਲ੍ਹ ਥਾਣਾ ਸਰਦੂਲਗੜ੍ਹ ਦੇ ਪਿੰਡ ਖੈਰਾ ਖੁਰਦ ਵਿੱਚ ਰਾਧੇ ਸ਼ਾਮ (39) ਦਾ ਜੋ ਕਤਲ ਹੋਇਆ ਸੀ, ਉਸ ਸਬੰਧ ਵਿੱਚ ਪੁਲੀਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮਤੀਦਾਸ ਅਤੇ ਭਰਤ ਸਿੰਘ ਉਰਫ ਚਾਨਣ ਰਾਮ ਵਾਸੀ ਖੈਰਾ ਖੁਰਦ ਨੂੰ ਮੋਟਰਸਾਈਕਲ ਨੰ. ਐੱਚਆਰ-24ਵੀ-5810 ਸਣੇ ਪਿੰਡ ਝੰਡਾ ਕਲਾਂ ਤੋਂ ਨਾਕੇ ਦੌਰਾਨ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਾਧੇ ਸ਼ਾਮ ਵਾਸੀ ਖੈਰਾ ਖੁਰਦ ਦਾ ਰਾਤ ਸਮੇਂ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦੀ ਕਾਰ ਪੀਬੀ 31 ਪੀ 5373 ਦੀ ਵੀ ਭੰਨ ਤੋੜ ਕੀਤੀ ਗਈ ਸੀ। ਇਸ ਸਬੰਧੀ ਐਡਵੋਕੇਟ ਅਭੈ ਰਾਮ ਵਾਸੀ ਖੈਰਾ ਖੁਰਦ ਦੇ ਬਿਆਨ ’ਤੇ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਅੱਜ ਮਤੀਦਾਸ ਉਰਫ ਪੋਪਲੀ, ਭਰਤ ਸਿੰਘ ਉਰਫ ਚਾਨਣ ਰਾਮ, ਈਸ਼ਵਰ, ਵਿਕਾਸ ਅਤੇ ਰਵੀ ਵਾਸੀ ਖੈਰਾ ਖੁਰਦ ਨੂੰ ਇਸ ਕੇਸ ਸਬੰਧੀ ਕਸੂਰਵਾਰ ਵਜੋਂ ਨਾਮਜ਼ਦ ਕੀਤਾ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਪੁੱਛ ਪੜਤਾਲ ਦੌਰਾਨ ਇਹ ਖੁਲਾਸਾ ਹੋਇਆ ਕਿ ਮੁੱਖ ਸ਼ਾਜਿਸ਼ਕਰਤਾ ਮਤੀਦਾਸ ਉਰਫ ਪੋਪਲੀ ਕਰੀਬ 4-5 ਮਹੀਨੇ ਪਹਿਲਾਂ ਪਿੰਡ ਖੈਰਾ ਖੁਰਦ ਦੇ ਸਾਬਕਾ ਸਰਪੰਚ ਭਜਨ ਲਾਲ ਦੇ ਘਰ ਵਿਆਹ ਸਮਾਗਮ ਵਿੱਚ ਗਿਆ ਸੀ। ਇਸ ਦੌਰਾਨ ਕਿਸੇ ਲੜਕੀ ਨਾਲ ਕਥਿਤ ਗਲਤ ਹਰਕਤ ਕਰਨ ਕਰਕੇ ਰਾਧੇ ਸ਼ਾਮ ਅਤੇ ਸਾਬਕਾ ਸਰਪੰਚ ਭਜਨ ਲਾਲ ਨੇ ਮਤੀਦਾਸ ਅਤੇ ਉਸ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ। ਇਸੇ ਰੰਜਿਸ਼ ਕਾਰਨ ਮਤੀਦਾਸ ਨੇ ਭਰਤ ਸਿੰਘ ਉਰਫ ਚਾਨਣ, ਰਵੀ ਕੁਮਾਰ, ਈਸ਼ਵਰ ਅਤੇ ਵਿਕਾਸ ਕੁਮਾਰ ਉਰਫ ਵਿੱਕੀ ਨਾਲ ਮਿਲ ਕੇ ਇਸ ਸਬੰਧੀ ਸਾਜ਼ਿਸ਼ ਰਚੀ।