ਅੰਮ੍ਰਿਤਸਰ ਵਿਕਾਸ ਮੰਚ ਨੇ ਉਮੀਦਵਾਰਾਂ ਅੱਗੇ ਰੱਖਿਆ ਵਿਕਾਸ ਏਜੰਡਾ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 13 ਦਸੰਬਰ
ਅੰਮ੍ਰਿਤਸਰ ਵਿਕਾਸ ਮੰਚ ਦੀ ਇਕੱਤਰਤਾ ਕਾਰਜਕਾਰੀ ਪ੍ਰਧਾਨ ਰਾਜਵਿੰਦਰ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਨ ਸਿੰਘ ਬਰਾੜ, ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਹਰਦੀਪ ਸਿੰਘ ਚਾਹਲ, ਜਸਪਾਲ ਸਿੰਘ, ਕੁਲਦੀਪ ਸਿੰਘ ਬੋਪਾਰਾਏ, ਜਤਿੰਦਰ ਪਾਲ ਸਿੰਘ ਨਿਊ ਅੰਮ੍ਰਿਤਸਰ, ਜਤਿੰਦਰ ਪਾਲ ਸਿੰਘ ਤਿਲਕ ਨਗਰ, ਕਵਲਜੀਤ ਸਿੰਘ ਭਾਟੀਆ, ਬਲਬੀਰ ਸਿੰਘ ਰੰਧਾਵਾ, ਮਨਜੀਤ ਸਿੰਘ ਬਾਠ ਅਤੇ ਹੋਰ ਆਗੂ ਸ਼ਾਮਲ ਹੋਏ। ਆਗੂਆਂ ਨੇ ਨਗਰ ਨਿਗਮ ਅੰਮ੍ਰਿਤਸਰ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।
ਇਸ ਮੌਕੇ ਮੰਗ ਕੀਤੀ ਗਈ ਕਿ ਮੰਚ ਕਮਿਸ਼ਨਰ ਨਗਰ ਨਿਗਮ ਵੱਲੋਂ ਡੇਢ ਵਰ੍ਹੇ ਪਿੱਛੋਂ ਸ਼ੁਰੂ ਕੀਤੀ ਗਈ ਬੀਆਰਟੀਐੱਸ ਬੱਸ ਸੇਵਾ ਹਵਾਈ ਅੱਡੇ ਤੱਕ ਵਧਾਈ ਜਾਵੇ, ਸਟਰੀਟ ਵੈਂਡਿੰਗ ਐਕਟ ਨੂੰ ਸਹੀ ਅਰਥਾਂ ਵਿੱਚ ਲਾਗੂ ਕਰ ਕੇ ਸ਼ਹਿਰ ਦੀਆਂ ਸੜਕਾਂ ਨੂੰ ਰੇਹੜੀ-ਮੁਕਤ ਕੀਤਾ ਜਾਵੇ, ਬੱਸ ਸਟੈਂਡ, ਰੇਲਵੇ ਸਟੇਸ਼ਨ, ਹਵਾਈ ਅੱਡਾ, ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ, ਹਾਲ ਗੇਟ, ਪੁਤਲੀਘਰ ਆਦਿ ਥਾਵਾਂ ਤੋਂ ਚੱਲਣ ਵਾਲੀਆਂ ਟੈਕਸੀਆਂ ਅਤੇ ਆਟੋ ਰਿਕਸ਼ਾ ’ਤੇ ਸਵਾਰ ਹੋਣ ਵਾਲੀਆਂ ਸਵਾਰੀਆਂ ਦਾ ਰਿਕਾਰਡ ਰੱਖਣ ਦੀ ਪ੍ਰਣਾਲੀ ਲਾਗੂ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਵਿੱਚ ਉਸਰ ਰਹੀਆਂ ਇਮਾਰਤਾਂ ਦੀ ਉਚਾਈ ਨਿਰਧਾਰਤ ਸਾਢੇ ਅਠੱਤੀ ਫੁੱਟ ਤੱਕ ਸੀਮਤ ਕੀਤੀ ਜਾਵੇ, ਸ਼ਹਿਰ ਦੀ ਚਾਰਦੀਵਾਰੀ ਅੰਦਰੂਨ ਹੋਟਲਾਂ ਅਤੇ ਹੋਰ ਇਮਾਰਤਾਂ ਦੀ ਉਸਾਰੀ ਨਗਰ ਨਿਗਮ ਨਿਯਮਾਂ ਅਧੀਨ ਰੱਖਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ ਤੇ ਮੁਹੱਲਿਆਂ ਦੀਆਂ ਗਲੀਆਂ ਤੇ ਬਜ਼ਾਰਾਂ ਵਿੱਚ ਸਮਾਗਮ ਕਰਾਉਣ ਲਈ ਨਗਰ ਨਿਗਮ ਵੱਲੋਂ ਨਿਰਧਾਰਤ ਫ਼ੀਸ ਅਤੇ ਪ੍ਰਵਾਨਗੀ ਲਾਜ਼ਮੀ ਹੋਵੇ।