ਅੰਮ੍ਰਿਤਸਰ: ਦੋ ਆਜ਼ਾਦ ਕੌਂਸਲਰ ‘ਆਪ’ ਵਿੱਚ ਸ਼ਾਮਲ
ਅੰਮ੍ਰਿਤਸਰ, 14 ਜਨਵਰੀ
ਅੰਮ੍ਰਿਤਸਰ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਵਾਸਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਾਲੇ ਚਲ ਰਹੀ ਜੱਦੋ-ਜਹਿਦ ਤਹਿਤ ‘ਆਪ’ ਵੱਲੋਂ ਲਗਾਤਾਰ ਆਪਣਾ ਪੱਖ ਮਜ਼ਬੂਤ ਕੀਤਾ ਜਾ ਰਿਹਾ ਹੈ। ਅੱਜ ਦੋ ਆਜ਼ਾਦ ਕੌਂਸਲਰ ‘ਆਪ’ ਵਿੱਚ ਸ਼ਾਮਲ ਹੋਏ ਹਨ। ਅੰਮ੍ਰਿਤਸਰ ਵਿੱਚ ਹੋਏ ਸਮਾਰੋਹ ਵਿੱਚ ਕੌਂਸਲਰ ਅਨੀਤਾ ਰਾਣੀ (ਵਾਰਡ ਨੰਬਰ 67) ਅਤੇ ਕੌਂਸਲਰ ਊਸ਼ਾ ਰਾਣੀ (ਵਾਰਡ ਨੰਬਰ 63) ਅਧਿਕਾਰਤ ਤੌਰ ’ਤੇ ‘ਆਪ’ ਪਰਿਵਾਰ ਦਾ ਹਿੱਸਾ ਬਣ ਗਈਆਂ।
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੋਵਾਂ ਕੌਂਸਲਰਾਂ ਦਾ ਪਾਰਟੀ ਵਿੱਚ ਨਿੱਘਾ ਸਵਾਗਤ ਕੀਤਾ। ਧਾਲੀਵਾਲ ਨੇ ਭਰੋਸਾ ਦਿੱਤਾ ਕਿ ਦੋਵਾਂ ਕੌਂਸਲਰਾਂ ਨੂੰ ਪਾਰਟੀ ਅੰਦਰ ਬਣਦਾ ਸਤਿਕਾਰ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਉਨ੍ਹਾਂ ਕਿਹਾ, ‘ਆਮ ਆਦਮੀ ਪਾਰਟੀ ਸਾਫ਼-ਸੁਥਰਾ ਅਤੇ ਲੋਕ-ਕੇਂਦ੍ਰਿਤ ਸ਼ਾਸਨ ਯਕੀਨੀ ਬਣਾ ਕੇ ਪੰਜਾਬ ਨੂੰ ਬਦਲਣ ਲਈ ਵਚਨਬੱਧ ਹੈ। ਅਨੀਤਾ ਰਾਣੀ ਤੇ ਊਸ਼ਾ ਰਾਣੀ ਵਰਗੇ ਸਮਰਪਿਤ ਜਨਤਕ ਨੁਮਾਇੰਦਿਆਂ ਦਾ ਸ਼ਾਮਲ ਹੋਣਾ ਲੋਕਾਂ ਦੀ ਬਿਹਤਰ ਸੇਵਾ ਕਰਨ ਦੇ ਸਾਡੇ ਇਰਾਦੇ ਨੂੰ ਮਜ਼ਬੂਤ ਕਰਦਾ ਹੈ।’