ਅੰਮ੍ਰਿਤਸਰ: ਚੋਰੀ ਦੇ ਛੇ ਮੋਟਰਸਾਈਕਲਾਂ ਸਮੇਤ ਤਿੰਨ ਮੁਲਜ਼ਮ ਗ੍ਰਿਫ਼ਤਾਰ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਜੂਨ
ਪੁਲੀਸ ਨੇ ਦੋ ਮਾਮਲਿਆਂ ਵਿੱਚ ਦੋਪਹੀਆ ਵਾਹਨ ਚੋਰੀ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਚੋਰੀ ਕੀਤੇ ਛੇ ਮੋਟਰਸਾਈਕਲ ਬਰਾਮਦ ਕੀਤੇ ਹਨ। ਗ੍ਰਿਫ਼ਤਾਰ ਵਿਅਕਤੀਆਂ ਦੀ ਸ਼ਨਾਖਤ ਵਿਕਰਮਜੀਤ ਸਿੰਘ ਉਰਫ ਵਿੱਕੀ, ਚੰਦ ਸਿੰਘ ਉਰਫ ਗੋਰੂ ਅਤੇ ਰਜਿੰਦਰ ਸਿੰਘ ਉਰਫ ਅੰਸ਼ ਵੱਜੋਂ ਹੋਈ ਹੈ। ਪੁਲੀਸ ਨੇ ਦੋਵਾਂ ਮਾਮਲਿਆਂ ਵਿੱਚ ਥਾਣਾ ਈ ਡਿਵੀਜ਼ਨ ਵਿੱਚ ਧਾਰਾ 379 ਅਤੇ 411 ਹੇਠ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਈ ਡਿਵੀਜ਼ਨ ਦੀ ਪੁਲੀਸ ਨੇ ਹਾਲ ਗੇਟ ਇਲਾਕੇ ਵਿੱਚੋਂ ਵਾਹਨਾਂ ਦੀ ਚੈਕਿੰਗ ਦੌਰਾਨ ਵਿਕਰਮਜੀਤ ਸਿੰਘ ਉਰਫ ਵਿੱਕੀ ਵਾਸੀ ਪਿੰਡ ਉਬੋਕੇ ਨੇੜੇ ਪੱਟੀ, ਤਰਨ ਤਾਰਨ ਨੂੰ ਇੱਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਚੋਰੀ ਦਾ ਸੀ ਜੋ ਕੁਝ ਦਿਨ ਪਹਿਲਾਂ ਇਸ ਵਿਅਕਤੀ ਨੇ ਗੁਰੂ ਬਾਜ਼ਾਰ ਤੋਂ ਚੋਰੀ ਕੀਤਾ ਸੀ। ਪੁਲੀਸ ਨੇ ਪੁੱਛਗਿੱਛ ਦੌਰਾਨ ਵਿਅਕਤੀ ਕੋਲੋਂ ਚਾਰ ਮੋਟਰਸਾਈਕਲ ਬਰਾਮਦ ਕੀਤੇ ਹਨ ਜੋ ਕਿ ਚੋਰੀ ਕੀਤੇ ਹੋਏ ਹਨ। ਦੂਜੇ ਕੇਸ ਵਿੱਚ ਥਾਣਾ ਈ ਡਿਵੀਜ਼ਨ ਦੀ ਪੁਲੀਸ ਨੇ ਸੂਚਨਾ ਦੇ ਆਧਾਰ ’ਤੇ ਸਿਕੰਦਰੀ ਗੇਟ ਚੌਕ ਵਿੱਚੋਂ ਚੰਦ ਸਿੰਘ ਅਤੇ ਰਜਿੰਦਰ ਸਿੰਘ ਦੋਵੇਂ ਵਾਸੀ ਜਿਲਾ ਤਰਨ ਤਾਰਨ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਤੋਂ ਬਾਅਦ ਇਨ੍ਹਾਂ ਕੋਲੋਂ ਇੱਕ ਹੋਰ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।