ਅੰਮ੍ਰਿਤਸਰ: ਹਵਾ ਪ੍ਰਦੂਸ਼ਣ ਘਟਾਉਣ ਲਈ ਨਿਗਮ ਵੱਲੋਂ ਯਤਨ ਸ਼ੁਰੂ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਨਵੰਬਰ
ਅੰਮ੍ਰਿਤਸਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਅੱਜ ਵੀ ਖਤਰਨਾਕ ਸਥਿਤੀ ’ਤੇ ਬਣਿਆ ਰਿਹਾ। ਅੱਜ ਸਵੇਰੇ ਅਤੇ ਸ਼ਾਮ ਵੇਲੇ ਅਸਮਾਨ ਵਿੱਚ ਬਣੀ ਧੂੰਏਂ ਵਾਲੀ ਪਰਤ ਕਾਰਨ ਧੁੰਦ ਬਣੀ ਰਹੀ ਅਤੇ ਵਿਜੀਬਿਲਟੀ ਘੱਟ ਰਹੀ। ਇਸ ਤਰ੍ਹਾਂ ਨਗਰ ਨਿਗਮ ਵੱਲੋਂ ਇਸ ਧੂੰਏਂ ਦੀ ਪਰਤ ਨੂੰ ਖਤਮ ਕਰਨ ਵਾਸਤੇ ਡਸਟ ਸਪਰੈਸ਼ਨ ਮਸ਼ੀਨਾਂ ਦੀ ਮਦਦ ਨਾਲ ਪਾਣੀ ਦੀਆਂ ਬੁਛਾਰਾਂ ਮਾਰ ਕੇ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਯਤਨ ਸ਼ੁਰੂ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਅੱਜ ਵੀ ਏਅਰ ਕੁਆਲਿਟੀ ਇੰਡੈਕਸ 260 ’ਤੇ ਰਿਹਾ ਹੈ ਜੋ ਪਹਿਲਾਂ ਨਾਲੋਂ ਲਗਭਗ 100 ਅੰਕ ਹੇਠਾਂ ਆਇਆ ਹੈ। ਦੀਵਾਲੀ ਤੋਂ ਬਾਅਦ ਇਹ ਅੰਕ 352 ਤੇ ਪੁੱਜ ਗਿਆ ਸੀ। ਅੱਜ ਏਅਰ ਕੁਆਲਿਟੀ ਇੰਡੈਕਸ ਜਿੱਥੇ 260 ਅੰਕ ਰਿਹਾ ਹੈ, ਉੱਥੇ ਪਰਟੀਕੁਲੈਟ ਮੈਟਰ (ਪੀਐੱਮ) 2.5 ਵੀ ਲਗਭਗ ਚਾਰ ਗੁਣਾ ਵੱਧ ਰਿਹਾ। ਨਗਰ ਨਿਗਮ ਵੱਲੋਂ ਵੱਡੀਆਂ ਅਤੇ ਛੋਟੀਆਂ ਡਸਟ ਸਪਰੈਸ਼ਨ ਮਸ਼ੀਨਾਂ ਦੀ ਵਰਤੋਂ ਕੀਤੀ ਗਈ। ਇਨ੍ਹਾਂ ਮਸ਼ੀਨਾਂ ਨਾਲ ਰੇਲਵੇ ਸਟੇਸ਼ਨ, ਬੱਸ ਸਟੈਂਡ, ਗੋਲਡਨ ਗੇਟ ਅਤੇ ਹਾਲਗੇਟ ਦੇ ਇਲਾਕੇ ਵਿੱਚ ਹਵਾ ਵਿੱਚ ਪਾਣੀ ਦਾ ਛਿੜਕਾਅ ਕੀਤਾ ਗਿਆ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਅਜਿਹੀਆਂ ਤਿੰਨ ਮਸ਼ੀਨਾਂ ਸ਼ਹਿਰ ਵਿੱਚ ਲਗਾਤਾਰ ਕੰਮ ਕਰਨਗੀਆਂ ਅਤੇ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਯਤਨ ਕੀਤਾ ਜਾਵੇਗਾ। ਇਸ ਨਾਲ ਹਵਾ ਵਿੱਚ ਫੈਲੇ ਪ੍ਰਦੂਸ਼ਣ ਨੂੰ ਕੁਝ ਹੱਦ ਤੱਕ ਕਾਬੂ ਕਰਨ ਵਿੱਚ ਮਦਦ ਮਿਲੇਗੀ।