Blast at police chowki ਅੰਮ੍ਰਿਤਸਰ: ਗੁਮਟਾਲਾ ਪੁਲੀਸ ਚੌਕੀ ’ਚ ਸ਼ੱਕੀ ਧਮਾਕਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 9 ਜਨਵਰੀ
ਇੱਥੇ ਗੁਮਟਾਲਾ ਬਾਈਪਾਸ ਰੋਡ ’ਤੇ ਵੀਰਵਾਰ ਦੇਰ ਸ਼ਾਮੀਂ ਗੁਮਟਾਲਾ ਪੁਲੀਸ ਚੌਕੀ ਵਿੱਚ ਸ਼ੱਕੀ ਧਮਾਕੇ ਕਰਕੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਧਮਾਕੇ ਦਾ ਪਤਾ ਲੱਗਦੇ ਹੀ ਉੱਚ ਪੁਲੀਸ ਅਧਿਕਾਰੀ ਮੌਕੇ ’ਤੇੇ ਪੁੱਜ ਗਏ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਹਾਲਾਂਕਿ ਕੋਈ ਧਮਾਕਾ ਹੋਣ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਰ ਦੇ ਰੇਡੀਏਟਰ ਵਿੱਚੋਂ ਕੁਝ ਤਰਲ ਲੀਕ ਹੋਣ ਕਾਰਨ ਹੋਇਆ ਧਮਾਕਾ ਹੈ। ਇਹ ਕਾਰ ਇੱਕ ਪੁਲੀਸ ਮੁਲਾਜ਼ਮ ਦੀ ਸੀ, ਜੋ ਪੁਲੀਸ ਚੌਂਕੀ ਦੇ ਬਾਹਰ ਖੜ੍ਹੀ ਸੀ।
ਪੁਲੀਸ ਦੇ ਏਸੀਪੀ ਸ਼ਿਵਦਰਸ਼ਨ ਸਿੰਘ ਨੇ ਕਿਹਾ ਕਿ ਇਹ ਕਾਰ ਏਐੱਸਆਈ ਤਜਿੰਦਰ ਸਿੰਘ ਦੀ ਸੀ, ਜੋ ਚੌਕੀ ਦੇ ਬਾਹਰ ਖੜ੍ਹੀ ਸੀ। ਕਾਰ ਦੇ ਹੇਠਾਂ ਧਮਾਕਾ ਹੋਇਆ ਪਰ ਜਦੋਂ ਜਾਂਚ ਕੀਤੀ ਤਾਂ ਇਹ ਰੇਡੀਏਟਰ ਦੇ ਫਟਣ ਕਾਰਨ ਹੋਇਆ ਧਮਾਕਾ ਸੀ। ਇਸ ਨਾਲ ਕਾਰ ਦੇ ਸ਼ੀਸ਼ੇ ਵਿੱਚ ਤਰੇੜਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਫਵਾਹਾ ਫੈਲਾਈਆਂ ਜਾ ਰਹੀਆਂ ਹਨ। ਇਹ ਕੋਈ ਧਮਾਕਾ ਨਹੀਂ ਹੈ ਸਗੋਂ ਕਾਰ ਦਾ ਰੇਡੀਏਟਰ ਫਟਣ ਕਾਰਨ ਆਈ ਧਮਾਕੇ ਦੀ ਆਵਾਜ਼ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਦਿਹਾਤੀ ਤੇ ਸ਼ਹਿਰੀ ਖੇਤਰ ਵਿੱਚ ਪੁਲੀਸ ਚੌਂਕੀਆਂ ਤੇ ਥਾਣਿਆਂ ਦੇ ਬਾਹਰ ਅਜਿਹੇ ਧਮਾਕੇ ਹੋ ਚੁੱਕੇ ਹਨ। ਪੁਲੀਸ ਵੱਲੋਂ ਇਸ ਸਬੰਧ ਵਿੱਚ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ। ਪੰਜਾਬ ਵਿਚ 23 ਨਵੰਬਰ ਤੋਂ ਬਾਅਦ ਇਹ 9ਵਾਂ ਧਮਾਕਾ ਸੀ। ਪਾਕਿਸਤਾਨ ਅਧਾਰਿਤ ਆਈਐੱਸਆਈ ਦੀ ਹਮਾਇਤ ਵਾਲੀ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹੈਂਡਲਰਾਂ ਅਤੇ ਸੰਚਾਲਕ ਹਰਪ੍ਰੀਤ ਸਿੰਘ ਹੈਪੀ ਪਾਸੀਆ, ਜੀਵਨ ਫੌਜੀ ਆਦਿ ਨੇ ਇਨ੍ਹਾਂ ਧਮਾਕਿਆਂ ਦੀ ਜ਼ਿੰਮੇਵਾਰੀ ਲਈ ਸੀ। ਪੁਲੀਸ ਨੇ ਇਨ੍ਹਾਂ ਮਾਮਲਿਆਂ ਵਿੱਚ ਪੰਜ ਦਹਿਸ਼ਤੀ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਸੀ।
ਫੋਟੋਆਂ: ਵਿਸ਼ਾਲ ਕੁਮਾਰ