ਅੰਮ੍ਰਿਤਸਰ ਸਮਾਰਟ ਸਿਟੀ ਦੇ ਅੱਠ ਸਾਲ ਹੋਏ ਪੂਰੇ
ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 27 ਜੂਨ
ਸਮਾਰਟ ਸਿਟੀ ਮਿਸ਼ਨ ਦੇ 8 ਸਾਲ ਪੂਰੇ ਹੋਣ ‘ਤੇ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੇ ਸੀਈਓ ਅਤੇ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਸੰਦੀਪ ਰਿਸ਼ੀ ਵਲੋਂ ਅੰਮ੍ਰਿਤਸਰ ਸ਼ਹਿਰ ਵਿੱਚ ਸਮਾਰਟ ਸਿਟੀ ਪ੍ਰਾਜੈਕਟ ਅਧੀਨ ਪ੍ਰੋਗਰਾਮ ਉਲੀਕੇ ਗਏ। ਇਨ੍ਹਾਂ ਪ੍ਰੋਜੈਕਟਾਂ ਦੀ ਜਾਣਕਾਰੀ ਦੇਣ ਲਈ ਸੰਦੀਪ ਰਿਸ਼ੀ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਸਕੂਲਾਂ ਨਿਸ਼ਕਾਮ ਸੇਵਾ ਪਬਲਿਕ ਸਕੂਲ ਰਾਮ ਬਾਗ ਅਤੇ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੇ ਵਿਦਿਆਰਥੀਆਂ ਨੂੰ ਨਗਰ ਨਿਗਮ ਦੇ ਮੁੱਖ ਦਫ਼ਤਰ ਰਣਜੀਤ ਐਵੇਨਿਊ ਵਿਖੇ ਬੁਲਾ ਕੇ ਸ਼ਹਿਰ ਦੀ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਅਤੇ ਸੁਰੱਖਿਆ ਤਿਆਰ ਕੀਤੇ ਗਏ ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਤੋਂ ਰੂਬਰੂ ਕਰਵਾਇਆ ਗਿਆ। ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੀ 8ਵੀਂ ਵਰ੍ਹੇਗੰਢ ‘ਤੇ ਇਹਨਾਂ ਵਿਦਿਆਰਥੀਆਂ ਦੇ ਨਾਲ ਮਿਲ ਕੇ ਕੇਕ ਕੱਟਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਮਿਸ਼ਨਰ ਰਿਸ਼ੀ ਨੇ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਬਾਰੇ ਦੱਸਦਿਆਂ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚੋਂ ਕੂੜੇ ਦੀ ਲਿਫਟਿੰਗ ਸਬੰਧੀ ਉਨ੍ਹਾਂ ਨੇ ਸਕੂਲੀ ਵਿਦਿਆਰਥੀਆਂ ਤੋਂ ਪ੍ਰਣ ਲਿਆ ਕਿ ਹਰ ਇਕ ਵਿਦਿਆਰਥੀ ਆਪਣੇ-ਆਪਣੇ ਘਰਾਂ ਵਿੱਚ ਗਿੱਲੇ ਅਤੇ ਸੁੱਕੇ ਕੂੜੇ ਲਈ ਦੋ ਕੂੜੇਦਾਨ ਲਗਵਾਵੇ। ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਦੀ 8ਵੀਂ ਵਰ੍ਹੇਗੰਢ ‘ਤੇ ਪ੍ਰੈਸ ਕਾਨਫਰੰਸ ਦੌਰਾਨ ਰਿਸ਼ੀ ਨੇ ਪੱਤਰਕਾਰਾਂ ਨੂੰ ਸਮਾਰਟ ਸਿਟੀ ਅਧੀਨ ਅੰਮ੍ਰਿਤਸਰ ਸ਼ਹਿਰ ਵਿਚ ਉਲੀਕੇ ਗਏ ਵੱਖ-ਵੱਖ ਪ੍ਰੋਜੈਕਟਾਂ ਦੀ ਪ੍ਰਗਤੀ ਅਤੇ ਆਉਣ ਵਾਲੇ ਨਵੇਂ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਗਿਆ।ਉਹਨਾਂ ਦੱਸਿਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਲਿਮ. ਵਲੋਂ ਕੁੱਲ 35 ਪ੍ਰੋਜੈਕਟ 912.08 ਕਰੋੜ ਰੁਪਏ ਦੀ ਲਾਗਤ ਨਾਲ ਚਲਾਏ ਗਏ ਸੀ ਜਿਨ੍ਹਾਂ ਵਿਚੋਂ 118.99 ਕਰੋੜ ਰੁਪਏ ਦੀ ਲਾਗਤ ਨਾਲ 27 ਪ੍ਰਾਜੈਕਟ ਮੁਕੰਮਲ ਕੀਤੇ ਜਾ ਚੁੱਕੇ ਹਨ ਅਤੇ 793.09 ਕਰੋੜ ਰੁਪਏ ਦੀ ਲਾਗਤ ਦੇ 8 ਪ੍ਰਾਜੈਕਟ ਪ੍ਰਗਤੀ ਅਧੀਨ ਹਨ। ਉਨ੍ਹ਼ਾਂ ਕਿਹਾ ਕਿ ਸ਼ਹਿਰ ਦੀ ਸੁਰੱਖਿਆ ਅਤੇ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ 91 ਕਰੋੜ ਰੁਪਏ ਦੀ ਲਾਗਤ ਦਾ ਇੰਟੀਗ੍ਰੇਟਿਡ ਕਮਾਂਡ ਅਤੇ ਕੰਟਰੋਲ ਸੈਂਟਰ ਸ਼ਾਮਲ ਹੈ। 416.94 ਕਰੋੜ ਦੀ ਲਾਗਤ ਨਾਲ 440 ਐਮ.ਐਲ.ਡੀ ਵਾਟਰ ਟ੍ਰੀਟਮੈਂਟ ਪਲਾਂਟ, 46.66 ਕਰੋੜ ਦੀ ਲਾਗਤ ਦੀ ਕੈਰੋਂ ਮਾਰਕੀਟ ਮਲਟੀਲੈਵਲ ਕਾਰ ਪਾਰਕਿੰਗ ਦੀ ਉਸਾਰੀ, ਪ੍ਰਦੂਸ਼ਣ ਰਹਿਤ ਆਵਾਜਾਈ ਦੇ ਸਾਧਨਾਂ ਨੂੰ ਉਤਸ਼ਾਹਿਤ ਕਰਨ ਲਈ 108.33 ਕਰੋੜ ਦੀ ਲਾਗਤ ਦਾ ਈ-ਆਟੋ ‘ਰਾਹੀ ਪ੍ਰਾਜੈਕਟ’, 2.21 ਕਰੋੜ ਰੁਪਏ ਦੀ ਲਾਗਤ ਨਾਲ ਹੈਰੀਟੇਜ਼ ਵਾਕ ਦੇ ਨਾਲ ਫ੍ਰੀ ਵਾਈ-ਫਾਈ ਸੁਵਿਧਾ ਸ਼ਾਮਲ ਹਨ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹਨਾਂ ਵਿਚੋਂ ਕੁਝ ਪ੍ਰਾਜੈਕਟਾਂ ਦੀ ਮੁੱਖ ਮੰਤਰੀ ਵਲੋਂ ਜਲਦ ਹੀ ਸੁ਼ਰੂਆਤ ਕੀਤੀ ਜਾਵੇਗੀ।