For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ: ਮਹਿਲਾ ਸਣੇ ਛੇ ਨਸ਼ਾ ਤਸਕਰ 4 ਕਿਲੋ ਹੈਰੋਇਨ ਸਮੇਤ ਕਾਬੂ

08:19 PM Jun 05, 2025 IST
ਅੰਮ੍ਰਿਤਸਰ  ਮਹਿਲਾ ਸਣੇ ਛੇ ਨਸ਼ਾ ਤਸਕਰ 4 ਕਿਲੋ ਹੈਰੋਇਨ ਸਮੇਤ ਕਾਬੂ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 5 ਜੂਨ

Advertisement

ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਦੋ ਅੰਤਰਰਾਸ਼ਟਰੀ ਨਾਰਕੋ-ਤਸਕਰੀ ਮਾਮਲਿਆਂ ਦਾ ਪਰਦਾਫਾਸ਼ ਕਰਦਿਆਂ ਇੱਕ ਮਹਿਲਾ ਸਮੇਤ ਛੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 4 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ ਹੈ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ ਦੇ ਵਿਸ਼ਾਲ ਸਿੰਘ (23), ਪਿੰਡ ਜਠੌਲ ਦੇ ਦੀਦਾਰ ਸਿੰਘ ਉਰਫ਼ ਕਾਲੀ (50), ਤਰਨ ਤਾਰਨ ਦੇ ਪਿੰਡ ਬੁਰਜ ਸਰਾਏ ਅਮਾਨਤ ਖਾਨ ਦੇ ਸੈਵਨਬੀਰ ਸਿੰਘ (25), ਅੰਮ੍ਰਿਤਸਰ ਦੇ ਬਾਬਾ ਦੀਪ ਸਿੰਘ ਕਲੋਨੀ ਦੇ ਹਰਜੀਤ ਸਿੰਘ (38) ਉਰਫ਼ ਜੀਤਾ,  ਮੁਹੱਲਾ ਚੇਤੂਆਂ ਦੇ ਜੱਜ ਸਿੰਘ (19) ਅਤੇ ਕਪੱਤਗੜ੍ਹ ਦੀ ਜਸਬੀਰ ਕੌਰ (60) ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਕੋੋਲੋਂ ਕਾਰ ਵੀ ਜ਼ਬਤ ਕੀਤੀ ਹੈ, ਜਿਸ ਦੀ ਵਰਤੋਂ ਨਸ਼ਿਆਂ ਦੀ ਖੇਪ ਪਹੁੰਚਾਉਣ ਲਈ ਹੋ ਰਹੀ ਸੀ।

Advertisement
Advertisement

ਡੀਜੀਪੀ ਨੇ ਪਹਿਲੇ ਮਾਡਿਊਲ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨੂੰ ਮੁਲਜ਼ਮ ਸੈਵਨਬੀਰ ਵਲੋਂ ਚਲਾਇਆ ਜਾ ਰਿਹਾ ਸੀ, ਜੋ ਪਾਕਿਸਤਾਨ ਸਥਿਤ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸੀ। ਉਹ ਪਸ਼ੂ ਵਪਾਰ ਦੀ ਆੜ ਵਿੱਚ ਹੈਰੋਇਨ ਦੀਆਂ ਖੇਪਾਂ ਪ੍ਰਾਪਤ ਕਰ ਰਿਹਾ ਸੀ। ਡੀਜੀਪੀ ਨੇ ਕਿਹਾ ਕਿ ਗ੍ਰਿਫਤਾਰ ਕੀਤੀ ਇੱਕ ਹੋਰ ਮੁਲਜ਼ਮ ਜਸਬੀਰ ਕੌਰ ਕਥਿਤ ਤਸਕਰ ਰਣਜੀਤ ਉਰਫ਼ ਚੀਤਾ ਦੇ ਗਰੋਹ ਨਾਲ ਜੁੜੀ ਹੋਈ ਹੈ ਅਤੇ ਸਰਹੱਦ ਪਾਰ ਤਸਕਰਾਂ ਦੇ ਸੰਪਰਕ ਵਿੱਚ ਸੀ। ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ।

ਪੁਲੀਸ ਕਮਿਸ਼ਨਰ (ਸੀਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇੱਕ ਖੁਫੀਆ ਆਪ੍ਰੇਸ਼ਨ ਤਹਿਤ ਨਸ਼ਾ ਤਸਕਰੀ ਦੇ ਇਨ੍ਹਾਂ ਦੋਵਾਂ ਮਾਡਿਊਲਾਂ ਦਾ ਪਰਦਾਫਾਸ਼ ਕੀਤਾ ਗਿਆ। ਗ੍ਰਿਫ਼ਤਾਰ ਮੁਲਜ਼ਮ ਸੈਵਨਬੀਰ ਸਿੰਘ ਪਿਛਲੇ ਪੰਜ ਸਾਲਾਂ ਤੋਂ ਬੱਕਰੀਆਂ ਦੀ ਖ਼ਰੀਦ/ਫ਼ਰੋਖ਼ਤ ਵਾਲੇ ਧੰਦੇ ਦੀ ਆੜ ਵਿੱਚ ਗਰੋਹ ਚਲਾ ਰਿਹਾ ਸੀ, ਜਿਸ ਤੋਂ ਉਸ ਨੇ ਹੋਰ ਜਾਇਦਾਦ ਤੋਂ ਇਲਾਵਾ ਆਪਣੇ ਪਿੰਡ ਵਿੱਚ ਇੱਕ ਵੱਡੀ ਕੋਠੀ ਬਣਾ ਲਈ ਹੈ। ਮੁਲਜ਼ਮ ਆਪਣੇ ਪਿੰਡ ਦੇ ਨੇੜੇ ਡਰੋਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕਰਦਾ ਸੀ, ਜੋ ਕੌਮਾਂਤਰੀ ਸਰਹੱਦ ਦੇ ਬਹੁਤ ਨੇੜੇ ਹੈ। ਉਨ੍ਹਾਂ ਕਿਹਾ ਕਿ ਬਰਾਮਦਗੀ ਤੋਂ ਬਾਅਦ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਨਸ਼ੀਲੇ ਪਦਾਰਥਾਂ ਨੂੰ ਛੁਪਾ ਦਿੰਦਾ ਸੀ ਅਤੇ ਬਾਅਦ ਵਿੱਚ ਆਪਣੇ ਸਾਥੀਆਂ ਦੀ ਮਦਦ ਰਾਹੀਂ ਅੱਗੇ ਵੰਡਦਾ ਸੀ।  ਉਨ੍ਹਾਂ ਕਿਹਾ ਕਿ ਦੋਵਾਂ ਮਾਮਲਿਆਂ ਵਿਚ ਹੋਰ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਇਸ ਸਬੰਧ ਵਿੱਚ ਐੱਨਡੀਪੀਐੱਸ ਐਕਟ ਹੇਠ ਪੁਲੀਸ ਸਟੇਸ਼ਨ ਛੇਹਰਟਾ ਵਿਖੇ ਦੋ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ।

Advertisement
Author Image

Advertisement