ਅੰਮ੍ਰਿਤਸਰ: ਨੌਜਵਾਨ ਦੀ ਹੱਤਿਆ ਦੇ ਮਾਮਲੇ ਵਿੱਚ ਛੇ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਨਵੰਬਰ
ਦੀਵਾਲੀ ਦੀ ਰਾਤ ਸ਼ਹਿਰ ਦੇ ਕਟੜਾ ਦੂਲੋ ਇਲਾਕੇ ਵਿੱਚ ਝੜਪ ਦੌਰਾਨ ਇਕ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਅਤੇ ਤਿੰਨ ਹੋਰਾਂ ਦੇ ਜ਼ਖਮੀ ਹੋਣ ਦੀ ਘਟਨਾ ਮਾਮਲੇ ਵਿਚ ਪੁਲੀਸ ਨੇ 6 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿਚ ਪਹਿਲਾਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਤਕ ਇਸ ਮਾਮਲੇ ਵਿਚ 10 ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਫਰਾਰ ਹੋਏ ਬਾਕੀ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕਰਨ ਖਾਤਰ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਘਟਨਾ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਹੁਣ ਗ੍ਰਿਫਤਾਰ ਕੀਤੇ ਵਿਅਕਤੀਆਂ ਵਿੱਚ ਖਜ਼ਾਨਾ ਗੇਟ ਇਲਾਕੇ ਦਾ ਅਮਿਤ ਚੋਪੜਾ, ਸ਼ਹੀਦ ਊਧਮ ਸਿੰਘ ਕਲੋਨੀ ਦਾ ਬੰਟੀ, ਰਾਮ ਨਗਰ ਸੁਲਤਾਨਵਿੰਡ ਰੋਡ ਦਾ ਰੋਹਿਤ ਕੁਮਾਰ ਤੇ ਰਵਨੀਤ ਸਿੰਘ, ਭੂਸ਼ਣਪੁਰਾ ਇਲਾਕੇ ਦਾ ਅਨਿਲ ਕੁਮਾਰ ਅਤੇ ਗਿਲਵਾਲੀ ਗੇਟ ਦਾ ਸਾਗਰ ਹੰਸ ਸ਼ਾਮਲ ਹਨ। ਇਸ ਤੋਂ ਪਹਿਲਾਂ ਪੁਲੀਸ ਨੇ ਗਲੀ ਚਾਹਵਾਲੀ ਦੇ ਨਿਤਿਨ ਆਸ਼ੂ, ਗੋਕਲ ਐਵੀਨਿਊ ਦੇ ਸਾਹਿਲ ਮਹਿਰਾ, ਪੰਡੋਰੀ ਵੜੈਚ ਪਿੰਡ ਦੇ ਅਰਸ਼ਦੀਪ ਸਿੰਘ ਅਤੇ ਗੁਰੂ ਕੀ ਵਡਾਲੀ ਇਲਾਕੇ ਦੇ ਹੀਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ’ਚੋਂ ਦੋ 32 ਬੋਰ ਦੇ ਪਿਸਤੌਲ ਸਮੇਤ ਦੋ ਕਾਰਤੂਸ, ਇੱਕ 315 ਬੋਰ ਰਾਈਫਲ ਸਮੇਤ ਦੋ ਰੌਂਦ, ਇੱਕ ਕਾਰ, ਇੱਕ ਐਸਯੂਵੀ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਸ ਘਟਨਾ ਵਿਚ ਕੰਬੋਹ ਥਾਣੇ ਅਧੀਨ ਪੈਂਦੇ ਪਿੰਡ ਪੰਡੋਰੀ ਵੜੈਚ ਦੇ ਅਰੁਣ ਕੁਮਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਜਦਕਿ ਪਿੰਡ ਬੱਲ ਕਲਾਂ ਦਾ ਮਨਪ੍ਰੀਤ ਸਿੰਘ, ਕੋਟਲਾ ਤਰਖਾਣਾ ਦਾ ਰਮਨਦੀਪ ਸਿੰਘ ਅਤੇ ਢਾਬ ਖਟੀਕਾ ਦਾ ਅਰਜੁਨ ਜ਼ਖ਼ਮੀ ਹੋ ਗਿਆ ਸੀ।
ਇਸ ਸਬੰਧ ਵਿੱਚ ਥਾਣਾ ਡੀ ਡਵੀਜ਼ਨ ਵਿਚ ਲਗਭਗ 24 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਇਹ ਘਟਨਾ ਦੀਵਾਲੀ ਵਾਲੀ ਰਾਤ ਨੂੰ ਤੜਕੇ ਡੇਢ ਵਜੇ ਉਸ ਸਮੇਂ ਵਾਪਰੀ ਜਦੋਂ ਕਟੜਾ ਦੂਲੋ ਦੀ ਗਲੀ ਚਾਹ ਵਾਲੀ ਵਿੱਚ ਦੋ ਗੁੱਟਾਂ ਦਰਮਿਆਨ ਅੰਨ੍ਹੇਵਾਹ ਗੋਲੀ ਚਲੀ। ਪੁਲੀਸ ਅਨੁਸਾਰ ਇੱਕ ਗਰੁੱਪ ਦੀ ਅਗਵਾਈ ਪੰਡੋਰੀ ਵੜੈਚ ਦੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਉਰਫ਼ ਗੱਦਗੱਜ ਕਰ ਰਿਹਾ ਸੀ, ਜਿਸ ਦੇ ਖ਼ਿਲਾਫ਼ ਕਰੀਬ 9 ਅਪਰਾਧਿਕ ਮਾਮਲੇ ਦਰਜ ਸਨ, ਜਦਕਿ ਦੂਜੇ ਗਰੁੱਪ ਦੀ ਅਗਵਾਈ ਗੁੱਜਰਪੁਰਾ ਇਲਾਕੇ ਦਾ ਲਾਡੀ ਕਰ ਰਿਹਾ ਸੀ।