ਅੰਮ੍ਰਿਤਸਰ ਸੂਬੇ ਭਰ ’ਚੋਂ ਤੀਜੇ ਸਥਾਨ ’ਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 26 ਜੁਲਾਈ
ਸ੍ਰੀ ਗੁਰੂ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ’ਤੇ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਵਿਚ ਅੰਮ੍ਰਿਤਸਰ ਦੀ ਭਾਗੀਦਾਰੀ ਕਾਫੀ ਸ਼ਲਾਘਾਯੋਗ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਕੰਵਲਜੀਤ ਸਿੰਘ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਵਿੰਗ ’ਚੋਂ ਕੁੱਲ 2,874 ਵਿਦਿਆਰਥੀਆਂ ਨੇ ਗਾਇਨ ਮੁਕਾਬਲੇ ਵਿਚ ਹਿੱਸਾ ਲਿਆ। ਇਸ ਵਿਚ ਅੰਮ੍ਰਿਤਸਰ ਨੂੰ ਪੰਜਾਬ ਵਿਚ ਤੀਜੇ ਨੰਬਰ ਦਾ ਸਥਾਨ ਮਿਲਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ 3,929 ਦੀ ਭਾਗੀਦਾਰੀ ਨਾਲ ਪਹਿਲੇ ਤੇ ਜ਼ਿਲ੍ਹਾ ਸੰਗਰੂਰ 2,987 ਦੀ ਭਾਗੀਦਾਰੀ ਨਾਲ ਦੂਜੇ ਨੰਬਰ ’ਤੇ ਰਿਹਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਦੇ ਚੱਲਦਿਆਂ ਵਿਦਿਆਰਥੀ ਘਰ ਬੈਠੇ ਹੀ ਆਨਲਾਈਨ ਰਾਹੀਂ ਮੁਕਾਬਲਿਆਂ ਵਿਚ ਭਾਗ ਲੈ ਰਹੇ ਹਨ। ਇਹ ਮੁਕਾਬਲੇ 6 ਵਰਗਾਂ ਵਿਚ ਕਰਵਾਏ ਜਾ ਰਹੇ ਹਨ, ਜਿਸ ਵਿਚ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਦੇ ਵਿਦਿਆਰਥੀ ਹਿੱਸਾ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਕਰਵਾਏ ਗਏ ਸ਼ਬਦ ਗਾਇਨ ਮੁਕਾਬਲਿਆਂ ਵਿਚ ਬਲਾਕ ਪੱਧਰ ’ਤੇ ਅੰਮ੍ਰਿਤਸਰ ਦੇ 19 ਵਿਦਿਆਰਥੀ ਜੇਤੂ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਕੜੀ ਵਿਚ ਅਗਲਾ ਮੁਕਾਬਲਾ ਕਵਿਤਾ ਉੱਚਾਰਨ ਦਾ ਹੋਵੇਗਾ ਅਤੇ ਪੰਜਾਬ ਸਰਕਾਰ ਵਲੋਂ ਦਸੰਬਰ ਮਹੀਨੇ ਤੱਕ ਭਾਸ਼ਣ ਮੁਕਾਬਲੇ, ਸੰਗੀਤ ਵਾਦਕ, ਪੋਸਟਰ ਮੇਕਿੰਗ ਮੁਕਾਬਲੇ, ਸੁੰਦਰ ਲਿਖਾਈ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਣਗੇ।
ਅਟਾਰੀ, (ਦਿਲਬਾਗ ਸਿੰਘ): ਪੰਜਾਬ ਸਕੂਲ ਸਿੱੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਸ਼ਹੀਦ ਦਲਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਣੀਕੇ (ਅੰਮ੍ਰਿਤਸਰ) ਦਾ ਨਤੀਜਾ 100 ਫੀਸਦੀ ਰਿਹਾ। ਪ੍ਰਿੰਸੀਪਲ ਗੁਰਬਚਨ ਸਿੰਘ ਨੇ ਦੱਸਿਆ ਕਿ ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਰਵਨੀਤ ਕੌਰ ਨੇ 97.7 ਫੀਸਦੀ ਅੰਕਾਂ ਨਾਲ ਪਹਿਲਾ, ਸੁਖਮਨਜੀਤ ਕੌਰ ਨੇ 96.4 ਅੰਕਾਂ ਨਾਲ ਦੂਸਰਾ ਅਤੇ ਲਵੀਨਾ ਨੇ 91.5 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ।
ਵਿਧਾਇਕ ਵੱਲੋਂ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਹਰਮਨ ਸਨਮਾਨ
ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ’ਚੋਂ ਜ਼ਿਲ੍ਹੇ ’ਚੋਂ ਪਹਿਲੇ ਸਥਾਨ ’ਤੇ ਰਹੀ ਵਿਦਿਆਰਥਣ ਹਰਮਨ ਸ਼ਰਮਾ ਨੂੰ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਸਨਮਾਨਿਤ ਕੀਤਾ ਹੈ। ਇਸ ਸਬੰਧੀ ਇਕ ਸਮਾਗਮ ਦੌਰਾਨ ਸ੍ਰੀ ਵੇਰਕਾ ਨੇ ਹਰਮਨ ਨੂੰ ਸ਼ਾਬਾਸ਼ ਦਿੰਦਿਆਂ ਆਖਿਆ ਕਿ ਸੂਬੇ ਅਤੇ ਦੇਸ਼ ਭਰ ਵਿਚ ਕੁੜੀਆਂ ਵਧੇਰੇ ਅੰਕ ਲੈ ਕੇ ਮੋਹਰੀ ਰਹੀਆਂ ਹਨ, ਜੋ ਕਿ ਫਖ਼ਰ ਵਾਲੀ ਗੱਲ ਹੈ। ਮਾਣ ਧੀਆਂ ਦਾ ਜਥੇਬੰਦੀ ਵਲੋਂ ਕਰਾਏ ਸਮਾਗਮ ਵਿਚ ਉਨ੍ਹਾਂ ਨੇ ਹਰਮਨ ਸਮੇਤ ਹੋਰ ਹੋਣਹਾਰ ਬੱਚੀਆਂ ਦਾ ਸਨਮਾਨ ਕੀਤਾ। ਉਨਾਂ ਨੇ ਪਰਿਵਾਰ ਅਤੇ ਸਕੂਲ ਪ੍ਰਬੰਧਕਾਂ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਸਰਸਵਤੀ ਕਾਲਜ ਦੇ ਚੇਅਰਮੈਨ ਵਿਰਾਟ ਦੇਵਗਨ ਨੇ ਆਖਿਆ ਕਿ ਹਰਮਨ ਸ਼ਰਮਾ ਨੇ ਸਰਕਾਰੀ ਸਕੂਲ ਵਿਚ ਪੜ੍ਹ ਕੇ ਜ਼ਿਲ੍ਹੇ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਕਾਮਨਾ ਕੀਤੀ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਬੁਲੰਦੀਆਂ ਛੂਹੇਗੀ।
ਧਾਰੀਵਾਲ ਬਲਾਕ ’ਚੋਂ ਅਨਮੋਲ ਸਿੰਘ ਤੇ ਨੰਦਨੀ ਅੱਵਲ
ਧਾਰੀਵਾਲ, (ਸੁੱਚਾ ਸਿੰਘ ਪਸਨਾਵਾਲ): ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਧਾਰੀਵਾਲ-1 ਅਤੇ 2 ਦੇ ਬੀਪੀਈਓ ਨੀਰਜ ਕੁਮਾਰ, ਜਸਵਿੰਦਰ ਸਿੰਘ ਸੀਐੱਚਟੀ ਤੇ ਹੋਰਾਂ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਕਿ ਆਨਲਾਈਨ ਵਿੱਦਿਅਕ ਮੁਕਾਬਲਿਆਂ ਮੁਕਾਬਲਿਆਂ ਦੇ ਨਿਯੁਕਤ ਕੀਤੇ ਜੱਜਾਂ ਵਲੋਂ ਤਿਆਰ ਕੀਤੇ ਪ੍ਰਾਇਮਰੀ ਸਕੂਲਾਂ ਦੇ ਨਤੀਜਿਆਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਧਾਰੀਵਾਲ-1 ਅਧੀਨ ਪੈਂਦੇ ਸਕੂਲਾਂ ’ਚੋਂ ਸਰਕਾਰੀ ਪ੍ਰਾਇਮਰੀ ਸਕੂਲ ਘੁੰਮਣ ਕਲਾਂ ਦੇ ਵਿਦਿਆਰਥੀ ਦੇ ਅਨਮੋਲ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੁਜਾਨਪੁਰ ਦੀ ਵਿਦਿਆਰਥਣ ਖੁਸ਼ੀ ਨੇ ਦੂਜਾ ਸਥਾਨ ਹਾਸਲ ਕੀਤਾ। ਬਲਾਕ ਧਾਰੀਵਾਲ-2 ਅਧੀਨ ਪੈਂਦੇ ਸਕੂਲਾਂ ’ਚੋਂ ਸਰਕਾਰੀ ਪ੍ਰਾਇਮਰੀ ਸਕੂਲ ਭੋਜਰਾਜ ਵਿਦਿਆਰਥਣ ਨੰਦਨੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।