ਅੰਮ੍ਰਿਤਸਰ: ਪੁਲੀਸ ਵੱਲੋਂ ਦਿਹਾਤੀ ਖੇਤਰ ’ਚ ਤਲਾਸ਼ੀ ਮੁਹਿੰਮ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 12 ਅਗਸਤ
ਆਜ਼ਾਦੀ ਦਿਹਾੜੇ ਦੇ ਜਸ਼ਨਾਂ ਦੇ ਮੱਦੇਨਜ਼ਰ ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਪੁਲੀਸ ਵੱਲੋਂ ਚਲਾਏ ਗਏ ਘੇਰਾਬੰਦੀ ਅਤੇ ਸਰਚ ਅਪਰੇਸ਼ਨ ਤਹਿਤ ਚਾਰ ਵੱਖ-ਵੱਖ ਮਾਮਲਿਆਂ ਵਿੱਚ 160 ਗ੍ਰਾਮ ਹੈਰੋਇਨ ਅਤੇ 6,000 ਮਿਲੀਲਿਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਪੁਲੀਸ ਨੇ ਇਸ ਸਬੰਧ ਵਿੱਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਿੰਡ ਟੇਡਾ ਕਲਾਂ ਦੇ ਸੁਖਰਾਜ ਸਿੰਘ ਉਰਫ ਗੋਰੀ ਨੂੰ 148 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਜਦਕਿ ਗੁਰਪ੍ਰੀਤ ਸਿੰਘ ਉਰਫ ਅਭੈ ਅਤੇ ਦਸਮੇਸ਼ ਨਗਰ ਦੇ ਸੋਨਾ ਸਿੰਘ ਨੂੰ ਕ੍ਰਮਵਾਰ 4 ਗ੍ਰਾਮ ਅਤੇ 3.5 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਇਸੇ ਤਰ੍ਹਾਂ ਦਸਮੇਸ਼ ਨਗਰ ਦੇ ਜੋਬਨਜੀਤ ਸਿੰਘ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ। ਕਾਰਵਾਈ ਦੌਰਾਨ ਪੁਲੀਸ ਨੇ ਮੱਤੇਵਾਲ ਦੀ ਇੱਕ ਔਰਤ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ’ਚੋਂ 6000 ਮਿਲੀਲਿਟਰ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਜਿਸ ਖਿਲਾਫ਼ ਥਾਣਾ ਮੱਤੇਵਾਲ ਨੇ ਕੇਸ ਦਰਜ ਕੀਤਾ ਹੈ।
ਮਾਨਾਂਵਾਲਾ ਤੇ ਸੌੜੀਆਂ ਵਿੱਚ ਛਾਪੇ
ਅਟਾਰੀ (ਦਿਲਬਾਗ ਸਿੰਘ ਗਿੱਲ): ਪੁਲੀਸ ਥਾਣਾ ਲੋਪੋਕੇ ਵੱਲੋਂ ਪਿੰੰਡ ਮਾਨਾਂਵਾਲਾ ਅਤੇ ਸੌੜੀਆਂ ਵਿੱਚੋਂ 2,10,000 ਐੱਮਐੱਲ ਨਾਜਾਇਜ਼ ਸ਼ਰਾਬ, 9120 ਲਿਟਰ ਲਾਹਣ ਅਤੇ ਦੋ ਚਾਲੂ ਭੱਠੀਆਂ ਬਰਾਮਦ ਕਰ ਕੇ ਇੱਕ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਪੁਲੀਸ ਥਾਣਾ ਲੋਪੋਕੇ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਸਤਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐੱਸਪੀ ਗੁਰਪ੍ਰਤਾਪ ਸਿੰਘ ਸਹੋਤਾ ਦੀ ਅਗਵਾਈ ਹੇਠ ਥਾਣਾ ਲੋਪੋਕੇ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਫੋਰਸ ਸਮੇਤ ਪਿੰਡ ਮਾਨਾਂਵਾਲਾ ਤੋਂ ਸੁਖਿਜੰਦਰ ਸਿੰਘ ਉਰਫ ਸੁੱਖ ਨੂੰ 2,10,000 ਐਮਐਲ ਨਾਜਾਇਜ਼ ਸ਼ਰਾਬ (280 ਬੋਤਲਾਂ), 9100 ਲਿਟਰ ਲਾਹਣ ਅਤੇ ਇੱਕ ਚਾਲੂ ਭੱਠੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ ਨੀਲੇ ਕੈਨ, ਟੱਬ, ਛਿਕਾਲੇ ਅਤੇ ਸ਼ਰਾਬ ਬਣਾਉਣ ਵਾਲਾ ਹੋਰ ਸਾਮਾਨ ਬਰਾਮਦ ਕੀਤਾ ਗਿਆ। ਪਿੰਡ ਸੌੜੀਆਂ ਤੋਂ ਬਲਰਾਜ ਸਿੰਘ ਦੇ ਘਰੋਂ 20 ਲਿਟਰ ਲਾਹਣ ਅਤੇ ਇੱਕ ਚਾਲੂ ਭੱਠੀ ਬਰਾਮਦ ਕੀਤੀ ਗਈ, ਪਰ ਬਲਰਾਜ ਸਿੰਘ ਪੁਲੀਸ ਨੂੰ ਚਕਮਾ ਦੇ ਕੇ ਦੌੜ ਗਿਆ। ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਬਲਰਾਜ ਸਿੰਘ ਦੀ ਗ੍ਰਿਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ।