For the best experience, open
https://m.punjabitribuneonline.com
on your mobile browser.
Advertisement

ਅੰਮ੍ਰਿਤਸਰ: ਘੱਲੂਘਾਰਾ ਦਿਵਸ ਮੌਕੇ ਹਰਿਮੰਦਰ ਸਾਹਿਬ ਕੰਪਲੈਕਸ ’ਚ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ, ਜਥੇਦਾਰ ਵੱਲੋਂ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਇਕੱਠੇ ਹੋਣ ਦਾ ਸੱਦਾ

10:42 PM Jun 23, 2023 IST
ਅੰਮ੍ਰਿਤਸਰ  ਘੱਲੂਘਾਰਾ ਦਿਵਸ ਮੌਕੇ ਹਰਿਮੰਦਰ ਸਾਹਿਬ ਕੰਪਲੈਕਸ ’ਚ ਖ਼ਾਲਿਸਤਾਨ ਪੱਖੀ ਨਾਅਰੇਬਾਜ਼ੀ  ਜਥੇਦਾਰ ਵੱਲੋਂ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖਾਂ ਨੂੰ ਇਕੱਠੇ ਹੋਣ ਦਾ ਸੱਦਾ
Advertisement

ਜਗਤਾਰ ਸਿੰਘ ਲਾਂਬਾ

Advertisement

ਅੰਮ੍ਰਿਤਸਰ, 6 ਜੂਨ

6 ਜੂਨ 1984 ਦੇ ਸਾਕਾ ਨੀਲਾ ਤਾਰਾ ਫੌਜੀ ਹਮਲੇ ਦੀ ਯਾਦ ਵਿਚ ਅਕਾਲ ਤਖ਼ਤ ਵਿਖੇ ਕਰਵਾਇਆ ਘੱਲੂਘਾਰਾ ਦਿਵਸ ਸਮਾਗਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਦੇ ਨਾਲ ਸਮਾਪਤ ਹੋ ਗਿਆ। ਇਸ ਦੌਰਾਨ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਦਿੱਤੇ ਅੰਮ੍ਰਿਤਸਰ ਬੰਦ ਦੇ ਸੱਦੇ ਦੇ ਤਹਿਤ ਸ਼ਹਿਰ ਵਿਚ ਕਾਰੋਬਾਰ ਅਤੇ ਵਪਾਰਕ ਅਦਾਰੇ ਬੰਦ ਹਨ। ਘੱਲੂਘਾਰਾ ਦਿਵਸ ਦੇ ਸਬੰਧ ਵਿਚ ਅੱਜ ਸਵੇਰੇ ਅਕਾਲ ਤਖ਼ਤ ਵਿਖੇ ਆਖੰਡ ਪਾਠ ਦੇ ਭੋਗ ਪਾਏ ਗਏ। ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਆਖਿਆ ਕਿ ਸਮੇਂ ਦੀ ਹਕੂਮਤ ਵੱਲੋਂ ਜੂਨ 1984 ਵਿਚ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਸਮੇਤ ਹੋਰ ਗੁਰਧਾਮਾਂ ਤੇ ਫੌਜੀ ਹਮਲਾ ਕਰਕੇ ਦਿੱਤੇ ਜ਼ਖਮਾਂ ਦੇ ਨਿਸ਼ਾਨ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਇਕੱਠੇ ਹੋਣ ਦਾ ਸੱਦਾ ਦਿੱਤਾ। ਸਮੂਹ ਸਿੱਖ ਜਥੇਬੰਦੀਆਂ ਨੂੰ ਆਖਿਆ ਕਿ ਇਕੱਠੇ ਹੋ ਕੇ ਪਿੰਡਾਂ ਵੱਲ ਪ੍ਰਚਾਰ ਮੁਹਿੰਮ ਵਿੱਢੀ ਜਾਵੇ ਤਾਂ ਜੋ ਨੌਜਵਾਨ ਸਿੱਖ ਸ਼ਕਤੀ ਨੂੰ ਨਸ਼ਿਆਂ ਵਰਗੀ ਸਮਾਜਿਕ ਕੁਰੀਤੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਆਪਣੇ ਤੌਰ ‘ਤੇ ਵੱਖਰਾ ਸੰਦੇਸ਼ ਵੀ ਜਾਰੀ ਕੀਤਾ ਗਿਆ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਗੁਰਦੁਆਰਾ ਥੜ੍ਹਾ ਸਾਹਿਬ ਨੇੜੇ ਇਕੱਠੇ ਹੋਏ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਜਿਵੇਂ ਹੀ ਅਖੰਡ ਪਾਠ ਦਾ ਭੋਗ ਪਿਆ ਤਾਂ ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਅਤੇ ਹੋਰ ਨੌਜਵਾਨ ਸਿੱਖ ਜਥੇਬੰਦੀਆਂ ਵੱਲੋਂ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਪੁਲੀਸ ਵੱਲੋਂ ਹਰਿਮੰਦਰ ਸਾਹਿਬ ਨੂੰ ਆਉਣ ਵਾਲੇ ਸਾਰੇ ਰਸਤੇ ਅਤੇ ਗੁਰਦੁਆਰਿਆਂ ਦੇ ਆਲੇ ਦੁਆਲੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਹਰਿਮੰਦਰ ਸਾਹਿਬ ਦੇ ਕੈਂਪਸ ਵਿਚ ਵੀ ਵੱਡੀ ਗਿਣਤੀ ਵਿਚ ਚਿੱਟ ਕੱਪੜੀਏ ਪੁਲੀਸ ਮੁਲਾਜ਼ਮ ਤਾਇਨਾਤ ਹਨ।

Advertisement
Advertisement
Advertisement
×