ਅੰਮ੍ਰਿਤਸਰ: ਵਿਧਾਇਕਾਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 14 ਨਵੰਬਰ
ਅੰਮ੍ਰਿਤਸਰ ਦੇ ਵਿਧਾਇਕਾਂ ਹਲਕਾ ਦੱਖਣੀ ਤੋਂ ਡਾ. ਇੰਦਰਬੀਰ ਸਿੰਘ ਨਿੱਝਰ, ਹਲਕਾ ਕੇਂਦਰੀ ਤੋਂ ਵਿਧਾਇਕ ਡਾ. ਅਜੈ ਗੁਪਤਾ ਤੇ ਹਲਕਾ ਪੂਰਬੀ ਤੋਂ ਵਿਧਾਇਕ ਸ੍ਰੀਮਤੀ ਜੀਵਨਜੋਤ ਕੌਰ ਵੱਲੋਂ ਸ਼ਹਿਰ ਦੀ ਸਾਫ਼- ਸਫ਼ਾਈ, ਟਰੈਫਿਕ ਅਤੇ ਸੁਰੱਖਿਆ ਵਿਵਸਥਾ ਬਾਰੇ ਚੇਅਰਮੈਨ ਨਗਰ ਸੁਧਾਰ ਟਰੱਸਟ ਅਸ਼ੋਕ ਤਲਵਾੜ, ਡੀਸੀ ਸਾਕਸ਼ੀ ਸਾਹਨੀ, ਪੁਲੀਸ ਕਮਿਸ਼ਨਰ ਡਾ. ਗੁਰਪ੍ਰੀਤ ਸਿੰਘ ਔਲਖ ਤੇ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਨਾਲ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਦੌਰਾਨ ਵਿਧਾਇਕਾਂ ਨੇ ਆਪੋ-ਆਪਣੇ ਖੇਤਰ ਦੀਆਂ ਸਮੱਸਿਆਵਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਗੁਰੂ ਨਗਰੀ ਦੀ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਦੀ ਬਹੁਤ ਲੋੜ ਹੈ। ਸ਼ਹਿਰ ਵਿੱਚ ਸਥਿਤ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਨਾ ਮੰਦਿਰ ਅਤੇ ਸ੍ਰੀ ਰਾਮ ਤੀਰਥ ਮੰਦਿਰ ਧਾਰਮਿਕ ਅਸਥਾਨਾਂ ’ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਦਰਸ਼ਨਾਂ ਲਈ ਆਉਂਦੇ ਹਨ। ਵਿਧਾਇਕਾਂ ਨੇ ਸ਼ਹਿਰ ਵਿੱਚ ਨਸ਼ਾ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਦੀ ਗੱਲ ਕਰਦਿਆਂ ਕਿਹਾ ਕਿ ਪੁਲੀਸ ਵਿਭਾਗ ਨੂੰ ਹੋਰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਸ਼ਰਾਰਤੀ ਅਨਸਰਾਂ ’ਤੇ ਸ਼ਿਕੰਜਾ ਕੱਸਿਆ ਜਾ ਸਕੇ।
ਡੀਸੀ ਸਾਕਸ਼ੀ ਸਾਹਨੀ ਅਤੇ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਢੰਗ ਨਾਲ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ। ਵਿਧਾਇਕਾਂ ਨੇ ਇੱਕਸੁਰ ਵਿੱਚ ਕਿਹਾ ਕਿ ਸੜਕਾਂ ’ਤੇ ਪਏ ਬਿਲਡਿੰਗ ਮਟੀਰੀਅਲ, ਨਾਜਾਇਜ਼ ਕਬਜ਼ਿਆਂ ਅਤੇ ਸ਼ਹਿਰ ਵਿੱਚ ਥਾਂ-ਥਾਂ ’ਤੇ ਲੱਗੀਆਂ ਰੇਹੜੀਆਂ ਨੂੰ ਵੀ ਹਟਾਇਆ ਜਾਵੇ। ਕਮਿਸ਼ਨਰ ਨਗਰ ਨਿਗਮ ਨੇ ਦੱਸਿਆ ਕਿ ਸ਼ਹਿਰ ਵਿੱਚ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਛੇੜੀ ਗਈ ਹੈ ਅਤੇ ਕਿਸੇ ਨੂੰ ਵੀ ਨਾਜਾਇਜ ਕਬਜ਼ਾ ਜਾਂ ਨਿਰਮਾਣ ਨਹੀਂ ਕਰਨ ਦਿੱਤਾ ਜਾਵੇਗਾ।