ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ 30-49 ਸਾਲ ਦੇ ਸਭ ਤੋਂ ਵੱਧ ਵੋਟਰ
ਟ੍ਰਬਿਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 26 ਮਾਰਚ
ਅੰਮ੍ਰਿਤਸਰ ਲੋਕ ਸਭਾ ਹਲਕੇ ਹੇਠ ਆਉਂਦੇ ਨੌਂ ਵਿਧਾਨ ਸਭਾ ਹਲਕਿਆਂ ਵਿੱਚ ਲਗਪਗ 15 ਲੱਖ 87,436 ਵੋਟਰ ਹਨ। ਇਨ੍ਹਾਂ ਵਿੱਚੋਂ 7.40 ਲੱਖ ਵੋਟਰ 30 ਤੋਂ 49 ਸਾਲ ਦੇ ਹਨ। ਉਮੀਦਵਾਰਾਂ ਨੂੰ ਚੋਣ ਪ੍ਰਚਾਰ ਅਤੇ ਹਲਕੇ ਦੇ ਵਿਕਾਸ ਲਈ ਯੋਜਨਾ ਬਣਾਉਣ ਸਮੇਂ ਇਸ ਵਰਗ ਦੇ ਵੋਟਰਾਂ ਦਾ ਵਿਸ਼ੇਸ਼ ਧਿਆਨ ਰੱਖਣਾ ਪਏਗਾ। ਇੱਥੇ ਸਭ ਤੋਂ ਵਧੇਰੇ 30 ਤੋਂ 39 ਸਾਲ ਉਮਰ ਵਰਗ ਦੇ ਲਗਪਗ 4.23 ਲੱਖ ਵੋਟਰ ਹਨ। ਇਸ ਤੋਂ ਬਾਅਦ 40 ਤੋਂ 49 ਸਾਲ ਦੇ ਲਗਪਗ 3.16 ਲੱਖ ਵੋਟਰ ਹਨ ਅਤੇ ਦੋਵੇਂ ਉਮਰ ਵਰਗ ਦੇ ਵੋਟਰਾਂ ਦੀ ਕੁੱਲ ਗਿਣਤੀ 7.40 ਲੱਖ ਤੋਂ ਵੱਧ ਹੈ। ਜੋ ਕੁਲ ਵੋਟਰਾਂ ਦਾ 50 ਫ਼ੀਸਦ ਬਣਦਾ ਹੈ। ਇਸ ਅੰਕੜੇ ਮੁਤਾਬਕ ਸਿਆਸੀ ਪਾਰਟੀਆਂ ਨੂੰ ਇਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਆਪਣੇ ਚੋਣ ਮਨੋਰਥ ਪੱਤਰਾਂ ਦਾ ਖਰੜਾ ਤਿਆਰ ਕਰਨਾ ਪਵੇਗਾ।
ਇੱਥੇ 18-19 ਸਾਲ ਦੇ ਲਗਪਗ 36,527 ਵੋਟਰ ਹਨ । 20-29 ਸਾਲ ਦੇ 2,82,426 ਵੋਟਰ ਹਨ। 50-59 ਸਾਲ ਦੇ 2,23,784 ਵੋਟਰ ਹਨ। 60-69 ਸਾਲ ਦੇ ਵੋਟਰਾਂ ਦੀ ਗਿਣਤੀ 1.79 ਲੱਖ ਹੈ। 70- 79 ਸਾਲ ਦੇ 91,849 ਵੋਟਰ ਹਨ ਅਤੇ 80-89 ਸਾਲ ਦੇ 28, 124 ਵੋਟਰ ਹਨ। 90-99 ਸਾਲ ਦੇ ਸਿਰਫ 5207 ਵੋਟਰ ਹਨ ਅਤੇ 100 ਸਾਲ ਤੋਂ ਉੱਪਰ ਦੇ ਸਿਰਫ 396 ਵੋਟਰ ਹਨ।