ਨਾਦ ਪ੍ਰਗਾਸੁ ਸੰਸਥਾ ਵੱਲੋਂ ਅੰਮ੍ਰਿਤਸਰ ਸਾਹਿਤ ਉਤਸਵ ਸ਼ੁਰੂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਮਾਰਚ
ਨਾਦ ਪ੍ਰਗਾਸੁ ਸੰਸਥਾ ਵੱਲੋਂ ਖਾਲਸਾ ਕਾਲਜ ਫਾਰ ਵਿਮੈਨ ਵਿੱਚ ਦਸਵੇਂ ਅੰਮ੍ਰਿਤਸਰ ਸਾਹਿਤ ਉਤਸਵ ਦਾ ਆਰੰਭ ਹੋਇਆ। ਇਸ ਦਾ ਉਦਘਾਟਨੀ ਸਮਾਰੋਹ ਪੰਜਾਬੀ ਸ਼ਾਇਰ ਪਦਮ ਸ਼੍ਰੀ ਸੁਰਜੀਤ ਪਾਤਰ ਨੂੰ ਸਮਰਪਿਤ ਸੀ, ਜਿਸ ਦਾ ਆਰੰਭ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੇ ਸਵਾਗਤੀ ਸ਼ਬਦਾਂ ਨਾਲ ਹੋਇਆ। ਸਮਾਗਮ ਵਿੱਚ ਪੰਜਾਬੀ ਦੇ ਚਿੰਤਕ ਅਮਰਜੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਦੀ ਸਥਿਤੀ ਵਿੱਚ ਹੁਣ ਸੁਧਾਰ ਦੀ ਆਸ ਨਹੀਂ ਰਹੀ ਸਗੋਂ ਇਸ ਨੂੰ ਪੂਰੀ ਤਰ੍ਹਾਂ ਨਾਲ ਪੁਨਰ-ਵਿਵਸਥਿਤ ਹੀ ਕਰਨਾ ਪਵੇਗਾ। ਇਸ ਮੌਕੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਸਵਰਨਜੀਤ ਸਵੀ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ। ਇਸ ਮੌਕੇ ਡਾ. ਮਹਿਲ ਸਿੰਘ ਵਾਈਸ ਚਾਂਸਲਰ ਖਾਲਸਾ ਕਾਲਜ ਯੂਨੀਵਰਸਿਟੀ ਨੇ ਵੀ ਸੰਬੋਧਨ ਕੀਤਾ।
ਸਾਹਿਤ ਉਤਸਵ ਦੇ ਦੂਜੇ ਸਮਾਗਮ ਦੌਰਾਨ ‘ਭਾਰਤੀ ਸੰਦਰਭ ਵਿੱਚ ਸਮਾਜਵਾਦ ਅਤੇ ਪੂੰਜੀਵਾਦ’ ਵਿਸ਼ੇ ਉੱਪਰ ਸੈਮੀਨਾਰ ਕੀਤਾ ਗਿਆ ਜੋ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਮਰਪਿਤ ਸੀ। ਇਸ ਮੌਕੇ ਰਾਜਨੀਤਿਕ ਵਿਸ਼ਲੇਸ਼ਕ ਯੋਗਿੰਦਰ ਯਾਦਵ ਨੇ ਕਿਹਾ ਕਿ ਅਜੇ ਵੀ ਭਵਿੱਖ ਵਿੱਚ ਸਮਾਜਵਾਦ ਦੀ ਆਸ ਬਚੀ ਹੋਈ ਹੈ। ਸਾਨੂੰ ਸਮਾਨਤਾ ਅਤੇ ਨਿਆਂ ਲਈ ਨਵੀਂ ਭਾਸ਼ਾ ਦੀ ਸਿਰਜਣਾ ਕਰਨੀ ਪਵੇਗੀ। ਇਸ ਮੌਕੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਤੋਂ ਸੋਮਿਆਵ੍ਰਤ ਚੌਧਰੀ ਨੇ ਵਿੱਦਿਆ, ਪੂੰਜੀ ਅਤੇ ਅੰਬੇਡਕਰ ਵਿਚਾਰਧਾਰਾ ਦੇ ਅੰਤਰ ਸਬੰਧਾਂ ਬਾਰੇ ਗੱਲ ਕੀਤੀ। ਡਾ. ਸਤੀਸ਼ ਵਰਮਾ ਨੇ ਡਾਕਟਰ ਮਨਮੋਹਨ ਸਿੰਘ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਡਾ. ਜਸਪਾਲ ਸਿੰਘ, ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੂੰਜੀਵਾਦ ਦੇ ਸਕਾਰਾਤਮਕ ਯੋਗਦਾਨ ਬਾਰੇ ਚਰਚਾ ਕੀਤੀ।
ਅੱਜ ਦੇ ਤੀਜੇ ਸਮਾਗਮ ਵਿੱਚ ‘ਅਕਾਦਮਿਕ ਖੋਜ ਅਤੇ ਭਾਰਤੀ ਚਿੰਤਨ ਪਰੰਪਰਾਵਾਂ’ ਦੇ ਵਿਸ਼ੇ ਉੱਪਰ ਵਿਦਿਆਰਥੀ ਵਿਚਾਰ ਚਰਚਾ ਕਰਵਾਈ ਗਈ। ਇਸ ਮੌਕੇ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਮਧੁਲਿਕਾ ਬੈਨਰਜੀ ਪ੍ਰਧਾਨਗੀ ਸ਼ਬਦ ਕਹੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਾਮੀਆ ਮਿਲੀਆ ਇਸਲਾਮੀਆ ਨਵੀਂ ਦਿੱਲੀ ਤੋਂ ਡਾ. ਹਰਪ੍ਰੀਤ ਕੌਰ ਜੱਸ ਨੇ ਭਾਰਤੀ ਅਕਾਦਮਿਕ ਢਾਂਚੇ ਵਿੱਚ ਗੁਰੂ-ਸ਼ਿਸ਼ ਪਰੰਪਰਾ ਦੇ ਮਹੱਤਵ ਨੂੰ ਉਜਾਗਰ ਕੀਤਾ। ਮੰਚ ਸੰਚਾਲਨ ਹਰਕਮਲਪ੍ਰੀਤ ਸਿੰਘ, ਜਸਵਿੰਦਰ ਅਤੇ ਡਾ. ਪ੍ਰਵੀਨ ਕੁਮਾਰ ਨੇ ਕੀਤਾ। ਸਮਾਗਮ ਦੌਰਾਨ ਤਿੰਨ ਪੁਸਤਕਾਂ ਪ੍ਰੋ. ਹਰਪਾਲ ਸਿੰਘ ਪੰਨੂੰ ਰਚਿਤ ਗੁਰੂ ਨਾਨਕ ਦੇਵ ਦਾ ਕੁਦਰਤ ਸਿਧਾਂਤ, ਪ੍ਰੋ. ਪੂਰਨ ਸਿੰਘ ਰਚਿਤ ਅੰਬਰੋਸ਼ੀਅਲ ਡਾਅਨ ਤੇ ਪਰਮਜੀਤ ਸੋਹਲ ਦੀ ਕਾਵਿ-ਰਚਨਾ ਵਿਸਮਾਦ ਰਿਲੀਜ਼ ਕੀਤੀਆਂ ਗਈਆਂ।