ਅੰਮ੍ਰਿਤਸਰ ਹਾਫ਼ ਮੈਰਾਥਨ ਨੇ ਦੇਸ਼ ਭਗਤੀ ਦਾ ਜਜ਼ਬਾ ਜਗਾਇਆ: ਈਟੀਓ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 24 ਨਵੰਬਰ
ਵਿਜੇ ਦਿਵਸ ਨੂੰ ਸਮਰਪਿਤ ਪੱਛਮੀ ਕਮਾਂਡ ਦੀ ਵਜਰ ਕੋਰ ਅਤੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ‘ਅੰਮ੍ਰਿਤਸਰ ਹਾਫ਼ ਮੈਰਾਥਨ’ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ’ਚ ਅਥਲੀਟਾਂ ਨੇ ਭਾਗ ਲਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਅੰਮ੍ਰਿਤਸਰ ਹਾਫ ਮੈਰਾਥਨ ਨੇ ਨੌਜਵਾਨਾਂ ਵਿੱਚ ਦੇਸ਼ ਭਗਤੀ ਦਾ ਜਜ਼ਬਾ ਜਗਾਇਆ ਹੈ। ਡੀਸੀ ਸਾਕਸ਼ੀ ਸਾਹਨੀ ਨੇ ਬੱਚਿਆਂ ਦਾ ਹੌਸਲਾ ਵਧਾਉਂਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਦੇਸ਼ ਦਾ ਇਹ ਸਰਹੱਦੀ ਜ਼ਿਲ੍ਹਾ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਅੱਗੇ ਆਵੇਗਾ। ਉਨ੍ਹਾਂ ਕਿਹਾ ਕਿ ਵਿਕਟਰੀ ਰਨ ਸਿਰਫ਼ ਇੱਕ ਮੈਰਾਥਨ ਨਹੀਂ ਬਲਕਿ ਸੰਨ 1971 ਦੇ ਨਾਇਕਾਂ ਨੂੰ ਇੱਕ ਜੀਵੰਤ ਸ਼ਰਧਾਂਜਲੀ, ਏਕਤਾ ਦਾ ਜਸ਼ਨ ਅਤੇ ਦੇਸ਼ ਭਗਤੀ, ਤੰਦਰੁਸਤੀ ਅਤੇ ਸਮਾਜਿਕ ਜ਼ਿੰਮੇਵਾਰੀ ਦੀਆਂ ਕਦਰਾਂ-ਕੀਮਤਾਂ ਨੂੰ ਬਰਕਰਾਰ ਰੱਖਣ ਲਈ ਸੱਦਾ ਹੈ। ਇਹ 21 ਕਿਲੋਮੀਟਰ ਦੀ ਹਾਫ਼ ਮੈਰਾਥਨ, ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਧਰੀ, ਵੀਐੱਸਐੱਮ ਜਨਰਲ ਅਫ਼ਸਰ ਕਮਾਂਡਿੰਗ, ਪੈਂਥਰ ਡਿਵੀਜ਼ਨ ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ। ਇਹ ਸੀਪੀ-7, ਖਾਸਾ ਤੋਂ ਸ਼ੁਰੂ ਹੋਈ ਅਤੇ ਅਟਾਰੀ-ਵਾਹਗਾ ਬਾਰਡਰ ’ਤੇ ਸਮਾਪਤ ਹੋਈ। ਸਮਾਗਮ ਦੀ ਸ਼ਾਨ ਵਧਾਉਂਦਿਆਂ 10 ਅਤੇ 5 ਕਿਲੋਮੀਟਰ ਦੀ ਦੌੜ ਦੀ ਸ਼ੁਰੂਆਤ ਕੈਬਨਿਟ ਮੰਤਰੀ ਹਰਭਜਨ ਸਿੰਘ, ਬ੍ਰਿਗੇਡੀਅਰ ਹਰਚਰਨ ਸਿੰਘ (ਸੇਵਾਮੁਕਤ), ਓਲੰਪਿਕ ਦੇ ਮਹਾਨ ਖਿਡਾਰੀ ਤੇ ਅਰਜੁਨ ਐਵਾਰਡੀ ਅਤੇ ਡੀਸੀ ਸਾਕਸ਼ੀ ਸਾਹਨੀ ਨੇ ਕੀਤੀ। ਇਸ ਵਿੱਚ 22 ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਵੀ ਹਿੱਸਾ ਲਿਆ।
ਕੈਬਨਿਟ ਮੰਤਰੀ ਵੱਲੋਂ ਆਗਾਮੀ ਚੋਣਾਂ ਵਿੱਚ ਜਿੱਤ ਦਾ ਰਾਹ ਪੱਧਰਾ ਹੋਣ ਦਾ ਦਾਅਵਾ
ਅੰਮ੍ਰਿਤਸਰ: ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਜ਼ਿਮਨੀ ਚੋਣਾਂ ਵਿੱਚ ਲੋਕਾਂ ਨੇ ਪੰਜਾਬ ਸਰਕਾਰ ਦੇ ਵਿਕਾਸ ਕਾਰਜਾਂ ’ਤੇ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਨੇ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਜਿੱਤ ਦਾ ਰਾਹ ਪੱਧਰਾ ਕਰ ਦਿੱਤਾ ਹੈ। ਉਹ ਪਾਰਟੀ ਆਗੂਆਂ ਨਾਲ ਜਿੱਤ ਦਾ ਜਸ਼ਨ ਮਨਾਉਣ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿੱਚ ਪਾਰਟੀ ਬਹੁਮਤ ਨਾਲ ਜਿੱਤੇਗੀ। ਵਿਰੋਧੀਆਂ ’ਤੇ ਤਨਜ ਕੱਸਦਿਆਂ ਈਟੀਈ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਸਿਰਫ ਵਿਕਾਸ ਕਰਨ ਲਈ ਆਏ ਹਨ ਅਤੇ ਵਿਕਾਸ ਕਾਰਜ ਕਰਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਛੋਟੇ ਜਿਹੇ ਕਾਰਜਕਾਲ ’ਚ ਸਰਕਾਰ ਨੇ 50 ਹਜ਼ਾਰ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਦਿੱਤੀਆਂ ਹਨ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ, ਨਰੇਸ਼ ਪਾਠਕ ਮੈਂਬਰ, ਸਰਬਜੀਤ ਡਿੰਪੀ, ਸਤਿੰਦਰ ਸਿੰਘ, ਜਰਮਨ ਓਦੋ ਨੰਗਲ, ਗੁਰਜਿੰਦਰ ਕੁਹਾਟਵਿੰਡ, ਖਜਾਨ ਸਿੰਘ ਅਤੇ ਹੋਰ ਪਾਰਟੀ ਆਗੂ ਹਾਜ਼ਰ ਸਨ। -ਪੱਤਰ ਪ੍ਰੇਰਕ