Amritsar grenade lobbying incident ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਦੋ ਗੁਰਗੇ ਕਾਬੂ
ਚੰਡੀਗੜ੍ਹ, 28 ਜਨਵਰੀ
ਪੰਜਾਬ ਪੁਲੀਸ ਨੇ ਅੰਮ੍ਰਿਤਸਰ ਦੀ ਗੁਮਟਾਲਾ ਪੁਲੀਸ ਚੌਕੀ ਦੇ ਬਾਹਰ ਗ੍ਰਨੇਡ ਸੁੱਟਣ ਦੇ ਮਾਮਲੇ ਵਿਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਪੁਲੀਸ ਨੇ ਦੱਸਿਆ ਕਿ ਬੱਗਾ ਸਿੰਘ ਅਤੇ ਪੁਸਕਰਨ ਸਿੰਘ ਅਮਰੀਕਾ ਅਧਾਰਿਤ ਦਹਿਸ਼ਤਗਰਦ ਹੈਪੀ ਪਾਸੀਆ ਦੇ ਗੁਰਗੇ ਹਨ। ਇਨ੍ਹਾਂ ਦੇ ਕਬਜ਼ੇ ’ਚੋਂ ਇਕ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ।
ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇੱਕ ਪੋਸਟ ਵਿਚ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਬੱਗਾ ਸਿੰਘ ਹਰਿਆਣਾ ਦੇ ਸਿਰਸਾ ਤੋਂ ਗ੍ਰਿਫ਼ਤਾਰ ਕੀਤੇ ਗਏ ਸਰਵਨ ਭੋਲਾ ਦਾ ਰਿਸ਼ਤੇਦਾਰ ਹੈ। ਸਰਵਨ ਭੋਲਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ ਦਾ ਭਰਾ ਹੈ, ਜੋ ਇਸ ਵੇਲੇ 532 ਕਿਲੋ ਹੈਰੋਇਨ ਦੇ ਮਾਮਲੇ ਵਿੱਚ ਬਠਿੰਡਾ ਜੇਲ੍ਹ ਵਿੱਚ ਬੰਦ ਹੈ। ਚੇਤੇ ਰਹੇ ਕਿ 9 ਜਨਵਰੀ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਗੁਮਟਾਲਾ ਪੁਲੀਸ ਚੌਕੀ ਦੇ ਬਾਹਰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਸੀ। ਪੁਲੀਸ ਨੇ ਹਾਲਾਂਕਿ ਉਦੋਂ ਕਿਸੇ ਵੀ ਧਮਾਕੇ ਤੋਂ ਇਨਕਾਰ ਕਰਦਿਆਂ ਦਾਅਵਾ ਕੀਤਾ ਸੀ ਕਿ ਆਵਾਜ਼ ਇੱਕ ਕਾਰ ਦੇ ਰੇਡੀਏਟਰ ਦੇ ਫਟਣ ਦੀ ਸੀ। -ਪੀਟੀਆਈ