ਅੰਮ੍ਰਿਤਸਰ: ਛੇਹਰਟਾ ਤੇ ਹਵਾਈ ਅੱਡਾ ਰੋਡ ਇਲਾਕਿਆਂ ਵਿਚ ਨਜ਼ਰ ਆਏ ਡਰੋਨ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 9 ਮਈ
ਪਾਕਿਸਤਾਨੀ ਫੌਜ ਵੱਲੋਂ ਸਰਹੱਦੀ ਪੱਟੀ ’ਤੇ ਕੀਤੇ ਜਾ ਰਹੇ ਡਰੋਨ ਹਮਲਿਆਂ ਦਰਮਿਆਨ ਸ਼ੁੱਕਰਵਾਰ ਸ਼ਾਮ ਨੂੰ ਛੇਹਰਟਾ ਤੇ ਹਵਾਈ ਅੱਡਾ ਰੋਡ ’ਤੇ ਕਈ ਡਰੋਨ ਦੇਖੇ ਗਏ ਹਨ। ਹਾਲਾਂਕਿ ਇਨ੍ਹਾਂ ਵਿਚੋਂ ਬਹੁਤਿਆਂ ਨੂੰ ਭਾਰਤ ਦੀ ਹਵਾਈ ਰੱਖਿਆ ਪ੍ਰਣਾਲੀ ਨਾਲ ਨਸ਼ਟ ਕਰ ਦਿੱਤਾ ਗਿਆ। ਖ਼ਬਰ ਲਿਖੇ ਜਾਣ ਤੱਕ ਇਨ੍ਹਾਂ ਡਰੋਨ ਹਮਲਿਆਂ ਨਾਲ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਤੋਂ ਬਚਾਅ ਸੀ।
ਸੀਨੀਅਰ ਪੁਲੀਸ ਅਧਿਕਾਰੀਆਂ ਨੇ ਡਰੋਨ ਹਮਲਿਆਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਾਰਤੀ ਫੌਜ ਦੀ ਅਤਿਆਧੁਨਿਕ ਹਵਾਈ ਰੱਖਿਆ ਪ੍ਰਣਾਲੀ ਨਾਲ ਇਨ੍ਹਾਂ ਡਰੋਨਾਂ ਨੂੰ ਨਕਾਰਾ ਕਰ ਦਿੱਤਾ ਗਿਆ। ਉਂਝ ਇਸ ਘਟਨਾ ਕਰਕੇ ਸਰਹੱਦੀ ਜ਼ਿਲ੍ਹੇ ਵਿਚ ਦਹਿਸ਼ਤ ਦਾ ਮਾਹੌਲ ਹੈ।
ਛੇਹਰਟਾ ਇਲਾਕੇ ਦੇ ਵਸਨੀਕ ਵਿਜੈ ਕੁਮਾਰ ਨੇ ਕਿਹਾ ਕਿ ਡਰੋਨ ਰਾਤ 8.45 ਵਜੇ ਦੇ ਕਰੀਬ ਦੇਖੇ ਗਏ ਸਨ ਜਿਸ ਤੋਂ ਬਾਅਦ ਧਮਾਕਿਆਂ ਦੀ ਤੇਜ਼ ਆਵਾਜ਼ ਆਈ।
ਕੁਮਾਰ ਨੇ ਕਿਹਾ, ‘‘ਲਾਲ ਰੰਗ ਦੀਆਂ ਉੱਡਦੀਆਂ ਵਸਤੂਆਂ ਸਪੱਸ਼ਟ ਤੌਰ ’ਤੇ ਇੱਕ ਤੋਂ ਬਾਅਦ ਇੱਕ ਡਰੋਨ ਆਉਂਦੇ ਦੇਖੇ ਗਏ, ਜਿਸ ਕਾਰਨ ਮੁਕਾਮੀ ਲੋਕ ਦਹਿਸ਼ਤ ਵਿਚ ਹਨ।’’ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਅਤੇ ਲੋਕਾਂ ਨੂੰ ਘਰ ਰਹਿਣ ਅਤੇ ਬਲੈਕਆਊਟ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ ਐਡਵਾਈਜ਼ਰੀ ਦੇ ਬਾਵਜੂਦ ਜ਼ਿਲ੍ਹੇ ਦੇ ਕਈ ਹਿੱਸਿਆਂ ਵਿੱਚ ਲੋਕ ਆਪਣੇ ਘਰਾਂ, ਖਾਸ ਕਰਕੇ ਸ਼ਹਿਰ ਦੇ ਬਾਹਰਵਾਰ ਸਥਿਤ ਇਲਾਕਿਆਂ ਵਿੱਚ, ਤੋਂ ਬਾਹਰ ਦਿਖਾਈ ਦਿੱਤੇ।