ਅੰਮ੍ਰਿਤਸਰ ਜ਼ਿਲ੍ਹਿਆਂ ਦੇ ਕਾਲਜਾਂ ਦਾ ‘ਏ’ ਜ਼ੋਨ ਯੁਵਕ ਮੇਲਾ ਸਮਾਪਤ
ਪੱਤਰ ਪ੍ਰੇਰਕ
ਅੰਮ੍ਰਿਤਸਰ, 19 ਅਕਤੂਬਰ
ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਮ੍ਰਿਤਸਰ ਜ਼ਿਲ੍ਹਿਆਂ ਦਾ ‘ਏ’ ਜ਼ੋਨ ਜ਼ੋਨਲ ਯੁਵਕ ਮੇਲਾ ਅੱਜ ਸਮਾਪਤ ਹੋ ਗਿਆ। ਇਸ ਮੌਕੇ ਏ ਜੋ਼ਲ ਦੇ ਏ ਡਿਵੀਜ਼ਨ ਦੀ ਚੈਂਪੀਅਨਸ਼ਿਪ ਵਿੱਚ ਵੱਖ- ਵੱਖ ਆਈਟਮਾਂ ਵਿੱਚ ਜਿੱਤ ਪ੍ਰਾਪਤ ਕਰਦਿਆਂ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ‘ਬੀ’ ਡਿਵੀਜ਼ਨ ਵਿਚ ਓਵਰਆਲ ਚੈਂਪੀਅਨਸ਼ਿਪ ਸ਼ਹਿਜ਼ਾਦਾ ਨੰਦ ਕਾਲਜ, ਗਰੀਨ ਐਵੀਨਿਊ, ਅੰਮ੍ਰਿਤਸਰ ਨੇ ਜਿੱਤੀ। ਯੂਨੀਵਰਸਿਟੀ ਦੇ ਐੱਮਐੱਮਟੀਟੀਸੀ ਅਤੇ ਆਈਕਿਊਏਸੀ ਦੇ ਡਾਇਰੈਕਰ, ਡਾ. ਅਸ਼ਵਨੀ ਲੂਥਰਾ , ਡੀਨ, ਵਿਦਿਆਰਥੀ ਭਲਾਈ, ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ ਡਾ. ਅਮਨਦੀਪ ਸਿੰਘ ਨੇ ਜੇਤੂ ਟੀਮਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ। ‘ਏ’ ਡਿਵੀਜ਼ਨ ਵਿੱਚ ਦੂਜਾ ਅਤੇ ਤੀਜਾ ਸਥਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਖਾਲਸਾ ਕਾਲਜ ਫਾਰ ਵਿਮੈਨ, ਅੰਮ੍ਰਿਤਸਰ ਨੇ ਪ੍ਰਾਪਤ ਕੀਤਾ ਜਦੋਂਕਿ ‘ਬੀ’ ਡਿਵੀਜ਼ਨ ਵਿਚ ਤ੍ਰੈ-ਸ਼ਤਾਬਦੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ, ਅੰਮ੍ਰਿਤਸਰ ਅਤੇ ਐੱਸਡੀਐੱਸਪੀਐੱਮ ਕਾਲਜ ਫਾਰ ਵਿਮੈਨ, ਰਈਆ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀ ਕਲਾਕਾਰਾਂ ਨੇ ਆਪਣੀ ਭਾਸ਼ਣਕਾਰੀ ਅਤੇ ਵਿਸ਼ਲੇਸ਼ਣਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ।