ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਨੇ ਨਾਜਾਇਜ਼ ਕਲੋਨੀ ਢਾਹੀ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 29 ਨਵੰਬਰ
ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਅੰਕੁਰਜੀਤ ਸਿੰਘ ਅਤੇ ਵਧੀਕ ਮੁੱਖ ਪ੍ਰਸ਼ਾਸਕ ਮੇਜਰ ਅਮਿਤ ਸਰੀਨ ਦੇ ਹੁਕਮਾਂ ’ਤੇ ਜ਼ਿਲ੍ਹਾ ਟਾਊਨ ਪਲੈਨਰ (ਰੈਗੂਲੇਟਰੀ) ਗੁਰਸੇਵਕ ਸਿੰਘ ਔਲਖ ਦੀ ਅਗਵਾਈ ਹੇਠ ਏਡੀਏ ਦੇ ਰੈਗੂਲੇਟਰੀ ਵਿੰਗ ਵੱਲੋਂ ਥਾਣਾ ਕੰਬੋ ਦੇ ਪੁਲੀਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਫਤਿਹਗੜ੍ਹ ਚੂੜੀਆਂ ਰੋਡ ਉਪਰ ਪਿੰਡ ਮੁਰਾਦਪੁਰਾ ’ਚ ਬਣ ਰਹੀ ਨਵੀਂ ਨਾਜਾਇਜ਼ ਕਲੋਨੀ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਜ਼ਿਲ੍ਹਾ ਟਾਊਨ ਪਲੈਨਰ ਨੇ ਦੱਸਿਆ ਕਿ ਪਿੰਡ ਮੁਰਾਦਪੁਰਾ ਵਿੱਚ ਏਜੀਐੱਮ ਹਾਈਟ ਵੱਲੋਂ ਦਿ ਅਰਬਨ ਹਾਈਟ ਨਾਮ ਹੇਠ ਵਿਕਸਿਤ ਕੀਤੀ ਜਾ ਰਹੀ ਨਵੀਂ ਅਣਅਧਿਕਾਰਤ ਕਮਰਸ਼ੀਅਲ ਕਲੋਨੀ ਨੂੰ ਢਾਹਿਆ ਗਿਆ। ਉਨ੍ਹਾਂ ਕਿਹਾ ਕਿ ਅਣਅਧਿਕਾਰਤ ਕਲੋਨੀ ਦੇ ਮਾਲਕਾਂ ਨੇ ਸਰਕਾਰ ਦੀਆਂ ਹਦਾਇਤਾਂ ਦੀ ਪ੍ਰਵਾਹ ਨਾ ਕਰਦਿਆਂ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਸਨ ਅਤੇ ਕਲੋਨਾਈਜ਼ਰ ਵੱਲੋਂ ਇਸ ਨੋਟਿਸ ਸਬੰਧੀ ਦਿੱਤਾ ਗਿਆ ਜਵਾਬ ਤਸੱਲੀਬਖਸ਼ ਨਾ ਪਾਏ ਜਾਣ ’ਤੇ ਉੱਚ ਅਧਿਕਾਰੀਆਂ ਦੇ ਹੁਕਮਾਂ ਤਹਿਤ ਇਹ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਮਜੀਠਾ ਰੋਡ ਉੱਪਰ ਪਿੰਡ ਪੰਡੋਰੀ ਵੜੈਚ ’ਚ ਪੈਂਦੇ ਸਟੋਨ ਕਰਸਟ ਹੋਟਲ ਦੇ ਨਾਲ ਬਣ ਰਹੀ ਨਵੀਂ ਅਣ-ਅਧਿਕਾਰਿਤ ਹੋਟਲ ਦੀ ਉਸਾਰੀ ਨੂੰ ਪੰਜਾਬ ਰਿਜਨਲ ਐਂਡ ਟਾਊਨ ਪਲਾਨਿੰਗ ਐਂਡ ਡਿਵੈਲਪਮੈਂਟ ਐਕਟ-1995 ਅਧੀਨ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਉਸਾਰੀ ਦਾ ਕੰਮ ਨਹੀਂ ਰੋਕਿਆ ਗਿਆ। ਇਸ ਕਰਕੇ ਐਕਟ ਮੁਤਾਬਿਕ ਸਮਰੱਥ ਅਧਿਕਾਰੀ ਵਲੋਂ ਉਸਾਰੀ ਨੂੰ ਢਾਹੁਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਪਰੰਤੂ ਮੌਕੇ ’ਤੇ ਦੂਜੀ ਮੰਜ਼ਿਲ ਦੇ ਲੈਂਟਰ ਦੀ ਸ਼ਟਰਿੰਗ ਹੋਣ ਕਰਕੇ ਜਾਨੀ ਨੁਕਸਾਨ ਦੇ ਖ਼ਦਸ਼ੇ ਨੂੰ ਭਾਪਦਿਆਂ ਟੀਮ ਵੱਲੋਂ ਉਸਾਰੀਕਰਤਾ ਦੀ ਲਿਖਤੀ ਬੇਨਤੀ ’ਤੇ ਉਸਾਰੀ ਨੂੰ ਦੋ ਦਿਨਾਂ ਦੇ ਅੰਦਰ ਸ਼ਟਰਿੰਗ ਹਟਾ ਕੇ ਆਪਣੇ ਪੱਧਰ ’ਤੇ ਢਾਹੁਣ ਸਬੰਧੀ ਆਦੇਸ਼ ਕੀਤੇ ਗਏ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜੇਕਰ ਉਸਾਰੀਕਰਤਾ ਵਲੋਂ ਆਪਣੇ ਪੱਧਰ ‘ਤੇ ਬਿਲਡਿੰਗ ਨੂੰ ਨਹੀਂ ਢਾਹਿਆ ਜਾਂਦਾ ਤਾਂ ਸਮਰੱਥ ਅਧਿਕਾਰੀ ਦੇ ਹੁਕਮਾਂ ਅਨੁਸਾਰ ਉਸਾਰੀ ਨੂੰ ਰੈਗੂਲੇਟਰੀ ਵਿੰਗ ਵੱਲੋਂ ਢਾਹ ਦਿੱਤਾ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਅਣ-ਅਧਿਕਾਰਤ ਕਲੋਨੀ ਕੱਟਣ ਵਾਲੇ ਵਿਅਕਤੀ ਵਿਰੁੱਧ ਪਾਪਰਾ ਐਕਟ-1995 ਦੀ ਸੋਧ 2024 ਅਨੁਸਾਰ 5 ਤੋਂ 10 ਸਾਲ ਦੀ ਕੈਦ ਅਤੇ 25 ਲੱਖ ਤੋਂ 5 ਕਰੋੜ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ, ਜਿਸ ਤਹਿਤ ਕੁੱਲ 14 ਕਲੋਨਾਈਜ਼ਰਾਂ ਵਿਰੁੱਧ ਐਫ.ਆਈ.ਆਰ ਦਰਜ ਕਰਨ ਲਈ ਪੁਲੀਸ ਵਿਭਾਗ ਨੂੰ ਲਿਖਿਆ ਜਾ ਚੁੱਕਾ ਹੈ।