ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਪੁਰੋਹਿਤ ਤੇ ਸੋਮ ਪ੍ਰਕਾਸ਼ ਨੇ ਕੀਤਾ ਰਵਾਨਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਦਸੰਬਰ
ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਨੂੰ ਅੱਜ ਇੱਥੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੇਲਗੱਡੀ 6 ਜਨਵਰੀ ਤੋਂ ਨਿਯਮਤ ਤੌਰ ’ਤੇ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਚੱਲਣੀ ਸ਼ੁਰੂ ਹੋਵੇਗੀ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਰਚੁਅਲ ਢੰਗ ਨਾਲ ਅਯੁੱਧਿਆ ਤੋਂ ਛੇ ਰੇਲਗੱਡੀਆਂ ਰਵਾਨਾ ਕੀਤੀਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ-ਦਿੱਲੀ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਵੀ ਸ਼ਾਮਲ ਹੈ। ਅੱਜ ਪਹਿਲੇ ਦਿਨ ਇਹ ਗੱਡੀ ਸਿਰਫ ਇੱਕ ਪਾਸੇ ਅੰਮ੍ਰਿਤਸਰ ਤੋਂ ਦਿੱਲੀ ਤੱਕ ਹੀ ਤੋਰੀ ਗਈ ਹੈ। ਇਸ ਮੌਕੇ ਰਾਜਪਾਲ ਪੁਰੋਹਿਤ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਸ ਨਵੀਂ ਰੇਲਗੱਡੀ ਦੀ ਸਹੂਲਤ ਪੰਜਾਬ ਵਾਸੀਆਂ ਲਈ ਨਵੇਂ ਸਾਲ ਦਾ ਤੋਹਫਾ ਹੈ। ਇਸ ਮਗਰੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਸ੍ਰੀ ਹਰਿਮੰਦਰ ਸਾਹਿਬ ਵੀ ਮੱਥਾ ਟੇਕਿਆ ਅਤੇ ਸ਼ਾਮ ਨੂੰ ਅਟਾਰੀ-ਵਾਹਗਾ ਸਰਹੱਦ ’ਤੇ ਰਿਟਰੀਟ ਸੈਰਾਮਨੀ ਦਾ ਵੀ ਆਨੰਦ ਮਾਣਿਆ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਆਖਿਆ ਕਿ ਅੰਮ੍ਰਿਤਸਰ ਤੇ ਦਿੱਲੀ ਵਿਚਾਲੇ ਰੇਲਗੱਡੀ ਸ਼ੁਰੂ ਕਰਨ ਦਾ ਮੁੱਦਾ ਉਨ੍ਹਾਂ ਨੇ ਕਈ ਵਾਰ ਸੰਸਦ ਵਿੱਚ ਉਠਾਇਆ ਸੀ। ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਇਹ ਰੇਲਗੱਡੀ ਸ਼ੁਰੂ ਕਰਨ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਸਾਬਕਾ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।
ਰੇਲਵੇ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਰੇਲਗੱਡੀ 6 ਜਨਵਰੀ ਤੋਂ ਨਿਯਮਤ ਤੌਰ ’ਤੇ ਸ਼ੁਰੂ ਕੀਤੀ ਜਾਵੇਗੀ ਅਤੇ ਸ਼ੁੱਕਰਵਾਰ ਨੂੰ ਛੱਡ ਦੇ ਬਾਕੀ ਛੇ ਦਿਨ ਇਹ ਰੇਲਗੱਡੀ ਸਵੇਰੇ 8.05 ਵਜੇ ਚੱਲਿਆ ਕਰੇਗੀ ਜੋ ਕਿ ਬਾਅਦ ਦੁਪਹਿਰ 1.30 ਵਜੇ ਦਿੱਲੀ ਪੁੱਜੇਗੀ। ਇਸ ਮਗਰੋਂ ਦਿੱਲੀ ਤੋਂ ਬਾਅਦ ਦੁਪਹਿਰ 3 ਵਜੇ ਚੱਲ ਕੇ ਇਹ ਗੱਡੀ ਰਾਤ 8.45 ਵਜੇ ਅੰਮ੍ਰਿਤਸਰ ਪੁੱਜੇਗੀ। ਰਾਹ ਵਿੱਚ ਇਹ ਰੇਲਗੱਡੀ ਜਲੰਧਰ, ਲੁਧਿਆਣਾ ਤੇ ਅੰਬਾਲਾ ਦੇ ਸਟੇਸ਼ਨਾਂ ’ਤੇ ਦੋ-ਦੋ ਮਿੰਟ ਵਾਸਤੇ ਰੁਕੇਗੀ ਅਤੇ ਸਫ਼ਰ ਦੌਰਾਨ ਯਾਤਰੀਆਂ ਨੂੰ ਦੁਪਹਿਰ ਤੇ ਰਾਤ ਦਾ ਖਾਣਾ ਵੀ ਪਰੋਸਿਆ ਜਾਵੇਗਾ।
ਜਲੰਧਰ (ਹਤਿੰਦਰ ਮਹਿਤਾ): ਅੰਮ੍ਰਿਤਸਰ-ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਜਲੰਧਰ ਛਾਉਣੀ ਪਹੁੰਚਣ ’ਤੇ ਭਾਜਪਾ ਤੇ ‘ਆਪ’ ਆਗੂਆਂ ਵੱਲੋਂ ਰੇਲਗੱਡੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਸਬੰਧੀ ਦੋਵੇਂ ਪਾਰਟੀਆਂ ਦੇ ਆਗੂਆਂ ਵੱਲੋਂ ਸਥਾਨਕ ਰੇਲਵੇ ਸਟੇਸ਼ਨ ’ਤੇ ਵੱਡੀ ਗਿਣਤੀ ਬੋਰਡ ਤੇ ਫਲੈਕਸ ਲਗਾਏ ਗਏ ਸਨ।
ਫਗਵਾੜਾ (ਜਸਬੀਰ ਸਿੰਘ ਚਾਨਾ): ਕੇਂਦਰ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਅੱਜ ਪਹਿਲੇ ਦਿਨ ਅੰਮ੍ਰਿਤਸਰ ਤੋਂ ਤੁਰਨ ਮਗਰੋਂ ਫਗਵਾੜਾ ਵਿੱਚ ਆਪਣੇ ਪੜਾਅ ’ਤੇ ਪਹੁੰਚੀ, ਜਿੱਥੇ ਰੇਲਗੱਡੀ ਦਾ ਨਿੱਘਾ ਸਵਾਗਤ ਕੀਤਾ ਗਿਆ। ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ’ਤੇ ਇਸ ਰੇਲਗੱਡੀ ਵਿੱਚ ਸਵਾਰ ਹੋ ਕੇ ਫਗਵਾੜਾ ਪੁੱਜੇ। ਇਸ ਮੌਕੇ ਰੇਲਵੇ ਸਟੇਸ਼ਨ ’ਤੇ ਕਰਵਾਏ ਗਏ ਸਮਾਗਮ ਦੌਰਾਨ ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਮੋਦੀ ਤੇ ਰੇਲ ਮੰਤਰੀ ਅਸ਼ਿਵਨੀ ਵੈਸ਼ਨਵ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰੇਲ ਵਿਭਾਗ ਨੂੰ ਬਿਹਤਰ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਆਉਂਦੇ ਕੁੱਝ ਦਿਨਾਂ ਵਿੱਚ ਅੰਮ੍ਰਿਤਸਰ ਤੋਂ ਪਟਨਾ ਸਾਹਿਬ ਜਾਣ ਵਾਲੀ ਅਕਾਲ ਤਖ਼ਤ ਐਕਸਪ੍ਰੈੱਸ ਵੀ ਇੱਥੇ ਠਹਿਰਨੀ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਸਕੂਲੀ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੈ ਸਾਂਪਲਾ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ, ਤੀਕਸ਼ਣ ਸੂਦ, ਅਨੀਤਾ ਸੋਮ ਪ੍ਰਕਾਸ਼, ਐੱਸਡੀਐੱਮ ਜਸ਼ਨਜੀਤ ਸਿੰਘ, ਸਥਾਨਕ ਆਗੂਆਂ ’ਚੋਂ ਅਵਤਾਰ ਸਿੰਘ ਮੰਡ, ਨਿਰਮਲ ਨਿਗਾਹ ਗੋਰਾ ਅਠੋਲੀ, ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ, ਅਸ਼ੋਕ ਸੇਠੀ, ਰਾਜੀਵ ਪਾਹਵਾ, ਅਰੁਨ ਖੋਸਲਾ, ਦੇਵ ਸ਼ਰਮਾ, ਪਰਮਜੀਤ ਕੌਰ ਕੰਬੋਜ, ਅਸ਼ੋਕ ਦੁੱਗਲ, ਗਗਨ ਸੋਨੀ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਸ਼ਾਮਲ ਸਨ।
ਜਦੋਂ ਕੇਂਦਰੀ ਮੰਤਰੀ ਨੂੰ ਛੱਡ ਕੇ ਤੁਰ ਪਈ ਵੰਦੇ ਭਾਰਤ ਐਕਸਪ੍ਰੈੱਸ
ਫਗਵਾੜਾ (ਜਸਬੀਰ ਸਿੰਘ ਚਾਨਾ): ਅੰਮ੍ਰਿਤਸਰ ਤੋਂ ਦਿੱਲੀ ਲਈ ਸ਼ੁਰੂ ਕੀਤੀ ਗਈ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਵਿੱਚ ਬੈਠ ਕੇ ਫਗਵਾੜਾ ਪਹੁੰਚੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਜਦੋਂ ਇੱਥੇ ਸਟੇਸ਼ਨ ’ਤੇ ਕਰਵਾਏ ਗਏ ਇਕ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਪਿੱਛਿਓਂ ਰੇਲਗੱਡੀ ਆਪਣੇ ਨਿਰਧਾਰਤ ਸਮੇਂ ਅਨੁਸਾਰ ਸਟੇਸ਼ਨ ਤੋਂ ਤੁਰ ਪਈ। ਇਹ ਦੇਖ ਕੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਮਗਰੋਂ ਰੇਲ ਵਿਭਾਗ ਨਾਲ ਗੱਲ ਕਰ ਕੇ ਤੁਰੰਤ ਰੇਲਗੱਡੀ ਨੂੰ ਕੁਝ ਸਮੇਂ ਲਈ ਰਾਹ ਵਿੱਚ ਰੁਕਵਾਇਆ ਗਿਆ ਅਤੇ ਕੇਂਦਰੀ ਮੰਤਰੀ ਨੂੰ ਕਾਰ ਰਾਹੀਂ ਫਿਲੌਰ ਪਹੁੰਚਾ ਕੇ ਵੰਦੇ ਭਾਰਤ ਐਕਸਪ੍ਰੈੱਸ ਰੇਲ ’ਚ ਚੜ੍ਹਾਇਆ ਗਿਆ।
ਰਾਜਪਾਲ ਨੇ ਰੀਟਰੀਟ ਸੈਰਾਮਨੀ ਦਾ ਆਨੰਦ ਮਾਣਿਆ
ਅਟਾਰੀ (ਪੱਤਰ ਪ੍ਰੇਰਕ): ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਪਰਿਵਾਰ ਸਮੇਤ ਅਟਾਰੀ-ਵਾਹਗਾ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਦੇ ਜਵਾਨਾਂ ਵਿਚਾਲੇ ਹੁੰਦੀ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰਾਮਨੀ) ਦਾ ਆਨੰਦ ਮਾਣਿਆ। ਇਸ ਦੌਰਾਨ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਗੁਲਦਸਤਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਮੌਕੇ ਸੀਮਾ ਸੁਰੱਖਿਆ ਬਲ ਤੇ ਪੰਜਾਬ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ੍ਰੀ ਪੁਰੋਹਿਤ ਨਾਲ ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸੰਜੈ ਗੌੌਰ, ਜ਼ਿਲ੍ਹਾ ਪੁਲੀਸ ਮੁਖੀ (ਦਿਹਾਤੀ) ਸਤਿੰਦਰ ਸਿੰਘ, ਕਮਾਂਡੈਂਟ ਅਜੈ ਕੁਮਾਰ ਮਿਸ਼ਰਾ, ਨਾਇਬ ਤਹਿਸੀਲਦਾਰ ਰਤਨਜੀਤ ਖੁੱਲਰ ਅਤੇ ਡਿਪਟੀ ਕਮਾਂਡੈਂਟ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ।