ਅੰਮ੍ਰਿਤਸਰ: ਨਾਮਜ਼ਦਗੀਆਂ ਭਰਨ ਦੇ ਆਖ਼ਰੀ ਦਿਨ ਦਫਤਰਾਂ ’ਚ ਭੀੜ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 12 ਦਸੰਬਰ
ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ਲਈ ਅੱਜ ਵੱਡੀ ਗਿਣਤੀ ਉਮੀਦਵਾਰਾਂ ਵੱਲੋਂ ਆਪੋ-ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ ਜਿਸ ਕਾਰਨ ਦਫਤਰਾਂ ਵਿੱਚ ਅੱਜ ਭੀੜ ਲੱਗੀ ਰਹੀ। ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਆਖਰੀ ਦਿਨ ਸੀ।
ਸਰਕਾਰੀ ਬੁਲਾਰੇ ਮੁਤਾਬਿਕ ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਵਾਰਡਾਂ ਵਾਸਤੇ ਕੁੱਲ 709 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ, ਜਿੰਨਾਂ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰ ਵੀ ਸ਼ਾਮਿਲ ਹਨ। ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਸ਼ਹਿਰ ਵਿੱਚ ਪੰਜ ਵੱਖ-ਵੱਖ ਅਧਿਕਾਰੀਆਂ ਦੇ ਦਫਤਰਾਂ ਵਿੱਚ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਬਾਬਾ ਬਕਾਲਾ ਨਗਰ ਪੰਚਾਇਤ ਦੀਆਂ 13 ਵਾਰਡਾਂ ਵਾਸਤੇ ਕੁੱਲ 68 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਜਦੋਂ ਕਿ ਨਗਰ ਪੰਚਾਇਤ ਰਈਆ ਦੀ ਇੱਕ ਵਾਰਡ ਵਾਸਤੇ ਛੇ ਉਮੀਦਵਾਰਾਂ ਵੱਲੋਂ, ਨਗਰ ਪੰਚਾਇਤ ਰਾਜਾ ਸਾਂਸੀ ਦੀਆਂ 13 ਵਾਰਡਾਂ ਵਾਸਤੇ ਕੁੱਲ 74 ਉਮੀਦਵਾਰਾਂ ਵੱਲੋਂ, ਨਗਰ ਕੌਂਸਲ ਮਜੀਠਾ ਦੀ ਇੱਕ ਵਾਰਡ ਵਾਸਤੇ ਕੁੱਲ ਸੱਤ ਉਮੀਦਵਾਰਾਂ ਵੱਲੋਂ ਅਤੇ ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਵਾਸਤੇ ਕੁੱਲ 21 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ। ਅੰਮ੍ਰਿਤਸਰ ਨਗਰ ਨਿਗਮ ਦੀਆਂ 85 ਅਤੇ ਦਿਹਾਤੀ ਖੇਤਰ ਦੀਆਂ ਨਗਰ ਪੰਚਾਇਤਾਂ ਵਾਸਤੇ ਕੁੱਲ 885 ਉਮੀਦਵਾਰਾਂ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਭਾਜਪਾ ਦੇ 85 ਵਾਰਡਾਂ ਵਿੱਚੋਂ ਸਾਰੇ ਹੀ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ ਹਨ। ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿੱਚ ਵੀ ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਪੂਰਾ ਉਤਸ਼ਾਹ ਸੀ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਈ ਉਮੀਦਵਾਰਾਂ ਦੇ ਨਾਲ ਜਾ ਕੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਇਕੱਠੇ ਚੋਣ ਲੜਦੇ ਰਹੇ ਹਨ ਪਰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਕੁਝ ਹੀ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਗਈ ਹੈ।
ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ 115 ਵਾਰਡਾਂ, ਜਿਨ੍ਹਾਂ ਵਿੱਚ ਨਗਰ ਨਿਗਮ ਅੰਮ੍ਰਿਤਸਰ ਦੀਆਂ 85 ਵਾਰਡਾਂ, ਨਗਰ ਪੰਚਾਇਤ ਬਾਬਾ ਬਕਾਲਾ ਦੀਆਂ 13, ਨਗਰ ਪੰਚਾਇਤ ਰਈਆ ਦੀ ਇੱਕ ਵਾਰਡ ਨਗਰ ਪੰਚਾਇਤ ਰਾਜਾਸਾਂਸੀ ਦੀਆਂ 13 ,ਨਗਰ ਕੌਂਸਲ ਮਜੀਠਾ ਦੀ ਇੱਕ, ਅਤੇ ਨਗਰ ਪੰਚਾਇਤ ਅਜਨਾਲਾ ਦੀਆਂ ਦੋ ਵਾਰਡਾਂ ਵਾਸਤੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਹਨ।