ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ: ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਨਿਗਮ ਤਿਆਰ

06:17 AM Jul 03, 2024 IST
ਨਿਗਮ ਮੁਲਾਜ਼ਮਾਂ ਨੂੰ ਸਿਖਲਾਈ ਦਿੰਦੀ ਹੋਈ ਐੱਨਡੀਆਰਐੱਫ ਦੀ ਟੀਮ।

ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 2 ਜੁਲਾਈ
ਨਗਰ ਨਿਗਮ ਵੱਲੋਂ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਯੋਜਨਾ ਤਹਿਤ ਆਫ਼ਤ ਪ੍ਰਬੰਧਨ ਬਾਰੇ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ। ਕੌਮੀ ਆਫ਼ਤ ਪ੍ਰਬੰਧਨ ਬਲ (ਐੱਨਡੀਆਰਐੱਫ) ਦੀ ਬਠਿੰਡਾ ਸਥਿਤ 7ਵੀਂ ਬਟਾਲੀਅਨ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਉਦੇਸ਼ ਅਧਿਕਾਰੀਆਂ ਨੂੰ ਕੁਦਰਤੀ ਅਤੇ ਮਨੁੱਖਾਂ ਦੁਆਰਾ ਪੈਦਾ ਕੀਤੀਆਂ ਮੁਸ਼ਕਲਾਂ ਨਾਲ ਨਜਿੱਠਣ ਲਈ ਤਿਆਰ ਕਰਨਾ ਸੀ। ਇਸ ਵਿਚ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੋਂ ਇਲਾਵਾ ਸਿਹਤ ਵਿਭਾਗ, ਪੁਲੀਸ, ਹੋਮ ਗਾਰਡ, ਫਾਇਰ ਬ੍ਰਿਗੇਡ, ਸਿਵਲ ਡਿਫੈਂਸ ਵਿਭਾਗ ਦੇ ਅਧਿਕਾਰੀਆਂ ਅਤੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰਾਜੈਕਟ ’ਤੇ ਕੰਮ ਕਰ ਰਹੀ ਲਾਰਸਨ ਐਂਡ ਟੁਬਰੋ ਕੰਪਨੀ ਦੇ ਕਰਮਚਾਰੀਆਂ ਨੇ ਭਾਗ ਲਿਆ।
ਐੱਨਡੀਆਰਐੱਫ ਦੇ ਸਹਾਇਕ ਕਮਾਂਡੈਂਟ ਅਨਿਲ ਕੁਮਾਰ ਰਣਵਾ ਨੇ ਦੱਸਿਆ ਕਿ ਅੰਮ੍ਰਿਤਸਰ ਸਿਸਮਿਕ ਜ਼ੋਨ ਚਾਰ ਅਧੀਨ ਆਉਂਦਾ ਹੈ, ਜਿਥੇ ਭੂਚਾਲ ਆਉਣ ਦੀ ਸੰਭਾਵਨਾ ਜ਼ਿਆਦਾ ਹੈ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਕਾਰਨ ਕੁਦਰਤੀ ਆਫਤਾਂ ਆਉਣ ਦੀ ਸੰਭਾਵਨਾ ਵੀ ਵਧ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਪ੍ਰਸ਼ਾਸਨ ਕਿਸੇ ਵੀ ਆਫ਼ਤ ਲਈ ਪਹਿਲਾਂ ਤੋਂ ਤਿਆਰ ਰਹੇ। ਐੱਨਡੀਆਰਐੱਫ ਦੇ ਸਬ-ਇੰਸਪੈਕਟਰ ਕੁਲਦੀਪ ਸਿੰਘ ਨੇ ਕਿਹਾ ਕਿ ਭੂਚਾਲ ਆਉਣ ਦੀ ਸੂਰਤ ਵਿੱਚ ਹਮੇਸ਼ਾਂ ਆਪਣਾ ਸਿਰ ਬਚਾਉਣ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਟੀਮ ਨੇ ਭੂਚਾਲ ਆਉਣ ’ਤੇ ਆਪਣੀ ਰੱਖਿਆ ਅਤੇ ਨੁਕਸਾਨੀ ਗਈ ਇਮਾਰਤ ਵਿਚੋਂ ਸੁਰੱਖਿਅਤ ਬਾਹਰ ਨਿਕਲਣ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਦੁਰਘਟਨਾ ਦੀ ਸੂਰਤ ਵਿੱਚ ਡਾਕਟਰੀ ਸਹਾਇਤਾ ਆਉਣ ਤੱਕ ਜ਼ਖਮੀ ਵਿਅਕਤੀ ਦਾ ਖੂਨ ਵਹਿਣ ਤੋਂ ਰੋਕਣ ਵੱਲ ਵੱਧ ਧਿਆਨ ਦਿੱਤਾ ਜਾਵੇ। ਜ਼ਖਮੀਆਂ ਨੂੰ ਲਿਜਾਣ ਲਈ ਕੰਬਲ ਅਤੇ ਟੀ-ਸ਼ਰਟਾਂ ਤੋਂ ਸਟਰੈਚਰ ਬਣਾਉਣਾ ਦੱਸਿਆ ਅਤੇ ਦਿਲ ਦਾ ਦੌਰਾ ਪੈਣ ਦੀ ਸੂਰਤ ’ਚ ਪ੍ਰਭਾਵਿਤ ਵਿਅਕਤੀ ਨੂੰ ਹੋ ਸਕੇ ਤਾਂ ਫਰਸ਼ ’ਤੇ ਲੇਟ ਕੇ ਸੀਪੀਆਰ ਦੇਣੀ ਚਾਹੀਦੀ ਹੈ। ਇੰਸਪੈਕਟਰ ਰਣਜੀਤ ਕੁਮਾਰ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਰਸਾਇਣਕ ਦੁਰਘਟਨਾ (ਗੈਸ ਲੀਕ) ਦੀ ਸੂਰਤ ਵਿੱਚ ਦੁਰਘਟਨਾ ਵਾਲੀ ਥਾਂ ਤੋਂ ਘੱਟੋ-ਘੱਟ 300 ਮੀਟਰ ਦੀ ਦੂਰੀ ਬਣਾਈ ਰੱਖੀ ਜਾਵੇ ਅਤੇ ਹਵਾ ਦੇ ਉਲਟ ਦਿਸ਼ਾ ਵੱਲ ਰੁਕਣਾ ਜਾਂ ਦੌੜਨਾ ਚਾਹੀਦਾ ਹੈ। ਐੱਨਡੀਆਰਐੱਫ ਟੀਮ ਵਲੋਂ ਹੜ੍ਹਾਂ ਦੀ ਸਥਿਤੀ ਵਿੱਚ ਘਰੇਲੂ ਉਪਕਰਨਾਂ ਤੋਂ ਕਿਸ਼ਤੀਆਂ ਆਦਿ ਬਣਾਉਣ ਬਾਰੇ ਵੀ ਸਿਖਲਾਈ ਦਿੱਤੀ ਗਈ। ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰਾਜੈਕਟ ਦੇ ਹੈਲਥ ਅਤੇ ਸੇਫਟੀ ਅਫਸਰ ਡਾ. ਮੋਨਿਕਾ ਸੱਭਰਵਾਲ ਨੇ ਐੱਨਡੀਆਰਐੱਫ ਅਧਿਕਾਰੀਆਂ ਦਾ ਧੰਨਵਾਦ ਕੀਤਾ।

Advertisement

Advertisement
Advertisement