ਅੰਮ੍ਰਿਤਸਰ: ਪੁਲੀਸ ਚੌਕੀ ਨੇੜੇ ਧਮਾਕਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 3 ਫਰਵਰੀ
ਫਤਿਹਗੜ੍ਹ ਚੂੜੀਆਂ ਬਾਈਪਾਸ ਰੋਡ ਪੁਲੀਸ ਚੌਕੀ ਦੇ ਨੇੜੇ ਅੱਜ ਸ਼ਾਮ ਧਮਾਕਾ ਹੋਇਆ। ਇਸ ਹਮਲੇ ਨਾਲ ਕੋਈ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਨੇ ਧਮਾਕਾ ਹੋਣ ਤੋਂ ਬਾਅਦ ਚੌਕੀ ਦਾ ਗੇਟ ਅੰਦਰੋਂ ਬੰਦ ਕਰ ਲਿਆ ਅਤੇ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਹੋਰ ਪੁਲੀਸ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ। ਉਨ੍ਹਾਂ ਫਿਲਹਾਲ ਇਸ ਧਮਾਕੇ ਨੂੰ ਗ੍ਰਨੇਡ ਧਮਾਕਾ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਧਮਾਕੇ ਨੂੰ ਗ੍ਰਨੇਡ ਧਮਾਕਾ ਨਹੀਂ ਕਿਹਾ ਜਾ ਸਕਦਾ, ਇਸ ਸਬੰਧੀ ਪੁਲੀਸ ਜਾਂਚ ਕਰ ਰਹੀ ਹੈ ਤੇ ਫੋਰੈਂਸਿਕ ਤੇ ਹੋਰ ਮਾਹਰਾਂ ਨੂੰ ਸੱਦਿਆ ਗਿਆ ਹੈ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇੱਥੇ ਪੁਲੀਸ ਚੌਕੀ ਨਹੀਂ ਹੈ ਸਗੋਂ ਨੇੜੇ ਹੀ ਪੁਲੀਸ ਨਾਕਾ ਲੱਗਦਾ ਹੈ। ਨਾਕੇ ’ਤੇ ਤਾਇਨਾਤ ਇੱਕ ਪੁਲੀਸ ਕਰਮਚਾਰੀ ਨੇ ਜਦੋਂ ਧਮਾਕੇ ਦੀ ਆਵਾਜ਼ ਸੁਣੀ ਤਾਂ ਮੌਕਾ ਵੇਖਿਆ ਤੇ ਅੱਗੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਾਰੇ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਵਾਲੀ ਥਾਂ ਤੋਂ ਪੁਲੀਸ ਨੂੰ ਕੁਝ ਸ਼ੱਕੀ ਚੀਜ਼ਾਂ ਵੀ ਮਿਲੀਆਂ ਹਨ ਜਿਸ ਨੂੰ ਗ੍ਰਨੇਡ ਦੀ ਪਿੰਨ ਕਿਹਾ ਜਾ ਰਿਹਾ ਹੈ। ਇੱਥੇ ਪੁਲੀਸ ਚੌਕੀ ਦੀ ਇਮਾਰਤ ਤਾਂ ਹੈ ਪਰ ਇਸ ਨੂੰ ਬੰਦ ਕੀਤਾ ਹੋਇਆ ਹੈ। ਇਹ ਧਮਾਕਾਖੇਜ਼ ਸਮੱਗਰੀ ਨੇੜੇ ਪੁੱਲ ਤੋਂ ਸੁੱਟੀ ਗਈ ਹੋ ਸਕਦੀ ਹੈ ਪਰ ਫਿਲਹਾਲ ਪੁਲੀਸ ਇਸ ਬਾਰੇ ਪੂਰੀ ਤਰ੍ਹਾਂ ਚੁੱਪ ਹੈ। ਇਸ ਦੌਰਾਨ ਇੱਥੇ ਨੇੜੇ ਇੱਕ ਪੈਲੇਸ ਵਿੱਚ ਮੌਜੂਦ ਲੋਕਾਂ ਨੇ ਕਿਹਾ ਕਿ ਉਨ੍ਹਾਂ ਧਮਾਕੇ ਦੀ ਆਵਾਜ਼ ਸੁਣੀ ਸੀ।
ਦੱਸਣਯੋਗ ਹੈ ਕਿ ਜਨਵਰੀ ਮਹੀਨੇ ਵਿੱਚ ਇੱਥੇ ਗੁਮਟਾਲਾ ਬਾਈਪਾਸ ਪੁਲੀਸ ਚੌਕੀ ਨੇੜੇ ਵੀ ਧਮਾਕਾ ਹੋਇਆ ਸੀ, ਜਿਸ ਨੂੰ ਪੁਲੀਸ ਨੇ ਉਸ ਵੇਲੇ ਕਾਰ ਦਾ ਰੇਡੀਏਟਰ ਫਟਣ ਕਾਰਨ ਹੋਇਆ ਧਮਾਕਾ ਕਿਹਾ ਸੀ ਪਰ ਕੁਝ ਦਿਨ ਪਹਿਲਾਂ ਡੀਜੀਪੀ ਗੌਰਵ ਯਾਦਵ ਨੇ ਖੁਲਾਸਾ ਕੀਤਾ ਸੀ ਕਿ ਇਹ ਇਕ ਧਮਾਕਾ ਸੀ ਅਤੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਵਿੱਚ ਅਤੇ ਕੁਝ ਹੋਰ ਥਾਵਾਂ ’ਤੇ ਵੀ ਪੁਲੀਸ ਚੌਕੀਆਂ ਦੇ ਨੇੜੇ ਅਜਿਹੇ ਧਮਾਕੇ ਹੋ ਚੁੱਕੇ ਹਨ।