ਅੰਮ੍ਰਿਤਸਰ ਬਣਿਆ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ
ਆਤਿਸ਼ ਗੁਪਤਾ/ਗੁਰਨਾਮ ਸਿੰਘ ਅਕੀਦਾ
ਚੰਡੀਗੜ੍ਹ/ ਪਟਿਆਲਾ, 2 ਨਵੰਬਰ
ਪੰਜਾਬ ਵਿੱਚ ਦੀਵਾਲੀ ਮੌਕੇ ਪਟਾਕੇ ਚਲਾਉਣ ਅਤੇ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਕਾਫੀ ਵਧ ਗਿਆ। ਗੁਰੂ ਕੀ ਨਗਰੀ ਅੰਮ੍ਰਿਤਸਰ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ, ਜਿੱਥੇ ਹਾਲਤ ਦਿੱਲੀ ਤੋਂ ਵੀ ਵੱਧ ਖ਼ਰਾਬ ਹਾਲਤ ਵਿੱਚ ਹੈ। ਵਾਧੂ ਪ੍ਰਦੂਸ਼ਣ ਵਾਲੇ ਦੋ ਸ਼ਹਿਰ ਹਰਿਆਣਾ ਜਦਕਿ ਇਕ ਸ਼ਹਿਰ ਰਾਜਸਥਾਨ ਦਾ ਵੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਚ ਹਵਾ ਗੁਣਵੱਤਾ ਸੂਚਕ ਅੰਕ (ਏਕਿਊਆਈ) 369 ਦਰਜ ਕੀਤਾ ਗਿਆ ਜਦਕਿ ਦਿੱਲੀ ਦਾ ਏਕਿਊਆਈ 316 ਰਿਹਾ। ਪੰਜਾਬ ਦੇ ਲੁਧਿਆਣਾ ਸ਼ਹਿਰ ’ਚ ਵੀ ਦਿੱਲੀ ਨਾਲੋਂ ਵੱਧ ਪ੍ਰਦੂਸ਼ਣ ਰਿਹਾ ਜਿੱਥੇ ਏਕਿਊਆਈ 339 ਰਿਹਾ। ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਹਰਿਆਣਾ ਦਾ ਜੀਂਦ ਤੇ ਕਰਨਾਲ ਅਤੇ ਰਾਜਸਥਾਨ ਦਾ ਸ੍ਰੀ ਗੰਗਾਨਗਰ ਵੀ ਸ਼ਾਮਲ ਹਨ ਜਿੱਥੇ ਕ੍ਰਮਵਾਰ ਏਕਿਊਆਈ 339, 306 ਤੇ 334 ਦਰਜ ਕੀਤਾ ਗਿਆ ਹੈ। ਪੰਜਾਬ ਦੇ ਹੋਰਨਾਂ ਸ਼ਹਿਰਾਂ ਜਿਵੇਂ ਪਟਿਆਲਾ ’ਚ ਏਕਿਊਆਈ 244, ਜਲੰਧਰ ’ਚ 266, ਖੰਨਾ ’ਚ 201, ਮੰਡੀ ਗੋਬਿੰਦਗੜ੍ਹ ’ਚ 204, ਬਠਿੰਡਾ ’ਚ 142 ਦਰਜ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਏਕਿਊਆਈ 271 ਰਿਹਾ। ਇਸੇ ਦੌਰਾਨ ਅੱਜ ਪੰਜਾਬ ਵਿਚ 379 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਪ੍ਰਾਪਤ ਅੰਕੜਿਆਂ ਅਨੁਸਾਰ ਪਰਾਲੀ ਸਾੜਨ ਦੀਆਂ ਸਭ ਤੋਂ ਵੱਧ 66 ਘਟਨਾਵਾਂ ਸੰਗਰੂਰ ’ਚ ਵਾਪਰੀਆਂ ਹਨ। ਇਸ ਤੋਂ ਬਾਅਦ ਫ਼ਿਰੋਜਪੁਰ (50), ਬਠਿੰਡਾ (28), ਮੋਗਾ (26), ਪਟਿਆਲਾ ਤੇ ਮਾਨਸਾ (21-21), ਲੁਧਿਆਣਾ (15), ਗੁਰਦਾਸਪੁਰ (14), ਮੁਕਤਸਰ (11) ਪਰਾਲੀ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ। ਪਠਾਨਕੋਟ ਵਿਚ ਇਕ ਵੀ ਕਿਸਾਨ ਨੇ ਪਰਾਲੀ ਨਹੀਂ ਸਾੜੀ। ਫ਼ਾਜ਼ਿਲਕਾ ਤੇ ਮੁਹਾਲੀ ਵਿਚ ਇਕ-ਇਕ ਥਾਂ ’ਤੇ ਪਰਾਲੀ ਸਾੜਨ ਦੀ ਘਟਨਾ ਦਰਜ ਕੀਤੀ ਗਈ ਹੈ। ਅੰਕੜਿਆਂ ਅਨੁਸਾਰ 15 ਸਤੰਬਰ ਤੋਂ 2 ਨਵੰਬਰ ਤੱਕ ਪੰਜਾਬ ਵਿਚ 3916 ਥਾਵਾਂ ’ਤੇ ਪਰਾਲੀ ਸਾੜਨ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਆਦਰਸ਼ਪਾਲ ਵਿੱਗ ਨੇ ਕਿਹਾ ਕਿ ਉਨ੍ਹਾਂ ਕਾਫ਼ੀ ਸਖ਼ਤੀ ਕੀਤੀ ਹੈ ਤਾਂ ਹੀ ਪਿਛਲੇ ਸਾਲ ਨਾਲੋਂ ਪਰਾਲੀ ਸਾੜਨ ਦੀਆਂ ਘਟਨਾਵਾਂ ਘਟੀਆਂ ਹਨ।
ਉਡਾਣਾਂ ਦਾ ਰੂਟ ਬਦਲਣ ਕਾਰਨ ਮੁਸਾਫ਼ਰ ਹੋਏ ਪ੍ਰੇਸ਼ਾਨ
ਅੰਮ੍ਰਿਤਸਰ (ਟਨਸ): ਦੀਵਾਲੀ ਮਗਰੋਂ ਛਾਈ ਧੁੰਆਂਖੀ ਧੁੰਦ ਦਾ ਅਸਰ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ ਦੀਆਂ ਉਡਾਣਾਂ ’ਤੇ ਵੀ ਪਿਆ ਹੈ ਜਿੱਥੇ ਅੱਜ ਸਵੇਰੇ ਦਿਸਣ ਹੱਦ ਘਟਣ ਕਾਰਨ ਇੱਕ ਕੌਮਾਂਤਰੀ ਤੇ ਦੋ ਘਰੇਲੂ ਉਡਾਣਾਂ ਨੂੰ ਚੰਡੀਗੜ੍ਹ ਵੱਲ ਮੋੜਨਾ ਪਿਆ। ਇਨ੍ਹਾਂ ’ਚ ਇੱਕ ਉਡਾਣ ਦੁਬਈ ਤੋਂ ਆਈ ਸੀ ਜਿਸ ਨੇ ਸਵੇਰੇ 7.40 ਵਜੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਨਾ ਸੀ। ਦੋ ਘਰੇਲੂ ਉਡਾਣਾਂ ਮੁੰਬਈ ਤੇ ਹੈਦਰਾਬਾਦ ਤੋਂ ਆ ਰਹੀਆਂ ਸਨ ਜਿਨ੍ਹਾਂ ਨੇ ਕ੍ਰਮਵਾਰ ਸਵੇਰੇ 7.55 ਤੇ 11.15 ਵਜੇ ਉਤਰਨਾ ਸੀ। ਇਹ ਦੋਵੇਂ ਉਡਾਣਾਂ ਵਿਸਤਾਰਾ ਕੰਪਨੀ ਦੀਆਂ ਸਨ। ਹਵਾਈ ਅੱਡੇ ਦੇ ਡਾਇਰੈਕਟਰ ਸੰਜੀਵ ਅਗਰਵਾਲ ਨੇ ਦੱਸਿਆ ਕਿ ਸੰਘਣੀ ਧੁੰਆਂਖੀ ਧੁੰਦ ਕਾਰਨ ਕੁਝ ਉਡਾਣਾਂ ਚੰਡੀਗੜ੍ਹ ਵੱਲ ਭੇਜੀਆਂ ਗਈਆਂ ਸਨ। ਦੁਪਹਿਰ 12 ਵਜੇ ਤੱਕ ਸਥਿਤੀ ਸੁਧਰੀ ਤਾਂ ਬਾਅਦ ਦੁਪਹਿਰ 1.20 ਵਜੇ ਸਾਰੀਆਂ ਉਡਾਣਾਂ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ’ਤੇ ਵਾਪਸ ਆਈਆਂ। ਉਡਾਣਾਂ ਦਾ ਰਾਹ ਬਦਲੇ ਜਾਣ ਕਾਰਨ ਮੁਸਾਫਰਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪ੍ਰਕਾਸ਼ ਪੁਰਬ ਮੌਕੇ ਦੋ ਘੰਟੇ ਪਟਾਕੇ ਚਲਾਉਣ ਦੀ ਇਜਾਜ਼ਤ
ਪੰਜਾਬ ਸਰਕਾਰ ਨੇ 15 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਇਕ ਘੰਟਾ ਸਵੇਰੇ ਤੇ ਇਕ ਘੰਟਾ ਸ਼ਾਮ ਨੂੰ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਆਦੇਸ਼ਾਂ ਅਨੁਸਾਰ ਸਵੇਰੇ 4 ਤੋਂ 5 ਵਜੇ ਅਤੇ ਰਾਤ ਨੂੰ 9 ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਇਸੇ ਤਰ੍ਹਾਂ ਕ੍ਰਿਸਮਸ ਦੀ ਸ਼ਾਮ 25-26 ਦਸੰਬਰ ਅਤੇ ਨਵੇਂ ਸਾਲ ਤੋਂ ਪਹਿਲੀ ਰਾਤ 31 ਦਸੰਬਰ, 2024 - 1 ਜਨਵਰੀ, 2025 ਨੂੰ 11.55 ਤੋਂ 12:30 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ।