ਮੀਂਹ ਨਾਲ ਅੰਮ੍ਰਿਤਸਰ ਤੇ ਜਲੰਧਰ ਜਲ-ਥਲ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਸਤੰਬਰ
ਅੱਸੂ ਦਾ ਮਹੀਨਾ ਚੜ੍ਹਦੇ ਹੀ ਅੱਜ ਪਏ ਭਾਰੀ ਮੀਂਹ ਨਾਲ ਜਿੱਥੇ ਕਈ ਥਾਈਂ ਜਲ-ਥਲ ਹੋ ਗਿਆ, ਉਥੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਮੌਸਮ ਵਿਭਾਗ ਅਨੁਸਾਰ ਅੱਜ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿੱਚ ਅੱਜ ਸਵੇਰੇ ਲਗਪਗ ਚਾਰ ਘੰਟੇ ਤੱਕ ਭਾਰੀ ਅਤੇ ਬਾਅਦ ਵਿੱਚ ਦਿਨ ਭਰ ਹਲਕਾ ਮੀਂਹ ਪੈਂਦਾ ਰਿਹਾ। ਜਿਸ ਨਾਲ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਭਰ ਗਿਆ। ਕਈ ਥਾਵਾਂ ’ਤੇ ਮੀਂਹ ਦੇ ਪਾਣੀ ਦੀ ਨਿਕਾਸੀ ਸ਼ਾਮ ਤੱਕ ਨਹੀਂ ਹੋਈ। ਖਾਸ ਕਰਕੇ ਐਲੀਵੇਟਿਡ ਰੋਡ ਤੇ ਟੇਲਰ ਰੋਡ ’ਤੇ ਸ਼ਾਮ ਤਕ ਮੀਂਹ ਦਾ ਪਾਣੀ ਖੜ੍ਹਾ ਰਿਹਾ। ਸਵੇਰੇ ਪਹਿਲਾਂ ਮੌਸਮ ਸਾਫ਼ ਸੀ ਪਰ ਬਾਅਦ ਵਿੱਚ ਕਾਲੇ ਬੱਦਲ ਛਾ ਗਏ। ਅਚਨਚੇਤ ਤੇਜ਼ ਝੱਖੜ ਮਗਰੋਂ ਭਾਰੀ ਮੀਂਹ ਸ਼ੁਰੂ ਹੋ ਗਿਆ, ਜਿਸ ਨਾਲ ਸ਼ਹਿਰ ਜਲ-ਥਲ ਹੋ ਗਿਆ। ਮੀਂਹ ਦਾ ਪਾਣੀ ਐਲੀਵੇਟਿਡ ਰੋਡ, ਕੋਰਟ ਰੋਡ, ਟੇਲਰ ਰੋਡ, ਐਮਐਮ ਮਾਲਵੀਆ ਰੋਡ ਅਤੇ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਕਈ ਥਾਵਾਂ ’ਤੇ ਭਰ ਗਿਆ। ਸੜਕਾਂ ’ਤੇ ਪਾਣੀ ਭਰਨ ਨਾਲ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਰਹੀ। ਉਧਰ ਖੇਤੀ ਮਾਹਿਰਾਂ ਦੇ ਮੁਤਾਬਕ ਇਸ ਵੇਲੇ ਮੀਂਹ ਅਤੇ ਝੱਖੜ ਝੋਨੇ ਦੀ ਪੱਕੀ ਹੋਈ ਫ਼ਸਲ ਲਈ ਨੁਕਸਾਨਦੇਹ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਅਨੁਸਾਰ ਦੇਰ ਰਾਤ ਅਤੇ ਭਲਕੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।
ਜਲੰਧਰ (ਹਤਿੰਦਰ ਮਹਿਤਾ): ਜ਼ਿਲ੍ਹਾ ਜਲੰਧਰ ਵਿੱਚ ਭਾਰੀ ਮੀਂਹ ਨਾਲ ਲੋਕਾਂ ਨੇ ਜਿੱਥੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉਥੇ ਹੀ ਜਲੰਧਰ ਸ਼ਹਿਰ ਅਤੇ ਦਿਹਾਤੀ ਇਲਾਕਿਆਂ ਵਿਚ ਕਈ ਥਾਵਾਂ ’ਤੇ ਪਾਣੀ ਭਰ ਗਿਆ। ਨਕੋਦਰ, ਕਾਲਾ ਸੰਘਿਆ, ਆਦਮਪੁਰ, ਕਠਾਰ ਜੰਡੂਸਿੰਘਾਂ, ਅਲਾਵਲਪੁਰ, ਕਿਸ਼ਨਗੜ੍ਹ, ਲਾਂਬੜਾ ਤੇ ਹੋਰ ਥਾਵਾਂ ’ਤੇ ਭਰਵਾਂ ਮੀਂਹ ਦਰਜ ਕੀਤਾ ਗਿਆ ਹੈ।
ਫਗਵਾੜਾ (ਜਸਬੀਰ ਚਾਨਾ): ਅੱਜ ਸਵੇਰ ਤੋਂ ਸ਼ੁਰੂ ਹੋਏ ਮੀਂਹ ਨਾਲ ਸ਼ਹਿਰ ਪੂਰੀ ਤਰ੍ਹਾਂ ਜਲ-ਥਲ ਹੋ ਗਿਆ। ਜਾਣਕਾਰੀ ਅਨੁਸਾਰ ਮੀਂਹ ਕਾਰਨ ਸ਼ਹਿਰ ਦੇ ਗਊਸ਼ਾਲਾ ਰੋਡ, ਚੱਢਾ ਮਾਰਕੀਟ, ਮੰਡੀ ਰੋਡ, ਹਰਗੋਬਿੰਦ ਨਗਰ, ਸੁਭਾਸ਼ ਨਗਰ ਸਮੇਤ ਹੋਰ ਇਲਾਕਿਆਂ ’ਚ ਪਾਣੀ ਭਰ ਹੋ ਗਿਆ। ਇਸ ਦੌਰਾਨ ਜੀ.ਟੀ.ਰੋਡ ’ਤੇ ਪੁਲ ਦੇ ਹੇਠਾਂ ਵੀ ਕਾਫ਼ੀ ਪਾਣੀ ਇਕੱਠਾ ਹੋ ਗਿਆ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਬਲਾਚੌਰ ਅਤੇ ਆਸ ਪਾਸ ਦੇ ਇਲਾਕੇ ਵਿੱਚ ਸਵੇਰੇ 8 ਕੁ ਵਜੇ ਤੋਂ ਸ਼ੂਰੂ ਹੋਏ ਮੀਂਹ ਨਾਲ ਇਲਾਕੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।
ਮਜੀਠਾ: ਝੱਖੜ ਅਤੇ ਮੀਂਹ ਕਾਰਨ ਝੋਨੇ ਦੀ ਫ਼ਸਲ ਵਿਛੀ

ਮਜੀਠਾ (ਲਖਨਪਾਲ ਸਿੰਘ): ਮਜੀਠਾ ਨੇੜਲੇ ਵੱਖ-ਵੱਖ ਪਿੰਡਾਂ ਭੋਮਾ, ਵਡਾਲਾ, ਵੀਰਮ, ਗੋਸਲ, ਹਰੀਆਂ, ਡੱਡੀਆਂ, ਨਾਗ ਕਲਾਂ, ਨਾਗ ਖੁਰਦ, ਨਾਗ ਨਵੇ, ਦਾਦੁਪੁਰਾ, ਜੇਠੂਨੰਗਲ ਸਮੇਤ ਹੋਰ ਥਾਵਾਂ ’ਤੇ ਮੀਂਹ ਨਾਲ ਚੱਲੇ ਝੱਖੜ ਨੇ ਝੋਨੇ ਦੀ ਪੱਕੀ ਫਸਲ ਵਿਛਾ ਦਿੱਤੀ ਹੈ। ਫ਼ਸਲ ਡਿੱਗਣ ਕਾਰਨ ਕਿਸਾਨਾਂ ਨੂੰ ਝਾੜ ਘੱਟ ਨਿਕਲਣ ਦਾ ਡਰ ਸਤਾਉਣ ਲੱਗਾ ਹੈ। ਜ਼ਿਕਰਯੋਗ ਹੈ ਕਿ ਖੇਤਰ ਵਿੱਚ ਪਹਿਲਾਂ ਆਏ ਹੜ੍ਹਾਂ ਕਾਰਨ ਝੋਨੇ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੋਇਆ ਸੀ ਤੇ ਕਈ ਥਾਵਾਂ ’ਤੇ ਕਿਸਾਨਾਂ ਨੂੰ ਫ਼ਸਲ ਦੁਬਾਰਾ ਲਾਉਣੀ ਪਈ ਸੀ।