For the best experience, open
https://m.punjabitribuneonline.com
on your mobile browser.
Advertisement

ਭਾਰੀ ਮੀਂਹ ਨਾਲ ਅੰਮ੍ਰਿਤਸਰ ਤੇ ਜਲੰਧਰ ਜਲ-ਥਲ

08:04 AM Jul 01, 2024 IST
ਭਾਰੀ ਮੀਂਹ ਨਾਲ ਅੰਮ੍ਰਿਤਸਰ ਤੇ ਜਲੰਧਰ ਜਲ ਥਲ
ਅੰਮ੍ਰਿਤਸਰ ਵਿੱਚ ਮਜੀਠਾ ਰੋਡ ’ਤੇ ਭਰਿਆ ਹੋਇਆ ਮੀਂਹ ਦਾ ਪਾਣੀ। -ਫੋਟੋ: ਵਿਸ਼ਾਲ ਕੁਮਾਰ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਜੂਨ
ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਵਿੱਚ ਅੱਜ ਤੜਕੇ ਪਏ ਭਾਰੀ ਮੀਂਹ ਨਾਲ ਲੋਕਾਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉਥੇ ਹੀ ਸ਼ਹਿਰ ਵਿੱਚ ਜਲ-ਥਲ ਹੋਣ ਨਾਲ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਤੜਕੇ ਲਗਪਗ ਤਿੰਨ ਵਜੇ ਤੋਂ ਬਾਅਦ ਸ਼ੁਰੂ ਹੋਇਆ ਮੀਂਹ ਅੱਜ ਦੁਪਹਿਰ ਤੱਕ ਜਾਰੀ ਰਿਹਾ, ਜਿਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਦੇਰ ਸ਼ਾਮ ਤੱਕ ਵੀ ਬਰਸਾਤੀ ਪਾਣੀ ਦੀ ਪੂਰੀ ਤਰ੍ਹਾਂ ਨਿਕਾਸੀ ਨਹੀਂ ਸੀ ਹੋਈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਨਾਲ ਤਾਪਮਾਨ ਹੇਠਾਂ ਆਇਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਇਸ ਤੋਂ ਪਹਿਲਾਂ ਪਿਛਲੇ ਲਗਭਗ ਦੋ ਮਹੀਨੇ ਤੋਂ ਤਾਪਮਾਨ 40 ਤੋ 45 ਡਿਗਰੀ ਤਕ ਚੱਲ ਰਿਹਾ ਸੀ। ਮੌਸਮ ਵਿਭਾਗ ਵੱਲੋਂ ਕੀਤੀ ਗਈ ਪੇਸ਼ੀਨਗੋਈ ਦੇ ਮੁਤਾਬਕ ਅਗਲੇ ਹਫ਼ਤੇ ਵਿੱਚ ਲਗਾਤਾਰ ਮੀਂਹ ਪੈਣ ਦੀ ਸੰਭਾਵਨਾ ਹੈ।
ਅੱਜ ਭਾਰੀ ਮੀਂਹ ਨਾਲ ਐਲੀਵੇਟਿਡ ਰੋਡ, ਹੈਰੀਟੇਜ ਸਟਰੀਟ, ਕਵੀਨਸ ਰੋਡ, ਬਟਾਲਾ ਰੋਡ, ਟੇਲਰ ਰੋਡ ਅਤੇ ਸ਼ਹਿਰ ਦੇ ਅੰਦਰੂਨੀ ਇਲਾਕੇ ’ਚ ਕਈ ਨੀਵੇਂ ਹਿੱਸੇ ਪਾਣੀ ਨਾਲ ਭਰ ਗਏ। ਸ਼ਹਿਰ ਵਿੱਚ ਬਣੀ ਬੀਆਰਟੀਐਸ ਬੱਸ ਸਰਵਿਸ ਲੇਨ ਵੀ ਪਾਣੀ ਨਾਲ ਭਰੀ ਰਹੀ। ਟੇਲਰ ਰੋਡ ’ਤੇ ਤਾਂ ਸ਼ਾਮ ਤੱਕ ਵੀ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਸੀ। ਇਸ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਬਰਸਾਤਾਂ ਦੇ ਚੱਲਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਅਤੇ ਡਿਸਪੋਜ਼ਬਲ ਪਲਾਂਟਾਂ ਦੀਆਂ ਮੋਟਰਾਂ ਨਿਰੰਤਰ ਚੱਲਦੀਆਂ ਰੱਖੀਆਂ ਜਾਣ ਤਾਂ ਜੋ ਸ਼ਹਿਰ ਵਿੱਚੋਂ ਬਰਸਾਤ ਦੇ ਪਾਣੀ ਦੀ ਤੁਰੰਤ ਨਿਕਾਸੀ ਹੋ ਸਕੇ।
ਉਨ੍ਹਾਂ ਦੱਸਿਆ ਕਿ ਖਾਪੜ ਖੇੜੀ, ਗੌਨਸਾਬਾਦ ਅਤੇ ਚਾਟੀ ਵਿੰਡ ਸਥਿਤ ਤਿੰਨੋਂ ਸੀਵਰੇਜ ਟਰੀਟਮੈਂਟ ਪਲਾਂਟ ਚਾਲੂ ਕਰ ਦਿੱਤੇ ਗਏ ਹਨ। ਸ਼ਹਿਰ ਵਿੱਚ 18 ਡਿਸਪੋਜ਼ਬਲ ਪਲਾਂਟ ਹਨ, ਜਿਨ੍ਹਾਂ ਦੀਆਂ ਮੋਟਰਾਂ ਨੂੰ ਹਰ ਹਾਲਤ ਵਿੱਚ ਚੰਗੀ ਹਾਲਤ ਵਿੱਚ ਰੱਖਣ ਦੀ ਜ਼ਿੰਮੇਵਾਰੀ ਅਧਿਕਾਰੀਆਂ ਨੂੰ ਸੌਂਪੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ਵਿੱਚ ਸੀਵਰੇਜ ਸਫਾਈ ਦਾ ਟੀਚਾ ਵੀ ਹਰ ਇੱਕ ਅਧਿਕਾਰੀ ਨੂੰ ਦਿੱਤਾ ਗਿਆ ਤਾਂ ਜੋ ਸੀਵਰੇਜ ਦੀ ਸਫਾਈ ਨਿਰੰਤਰ ਹੋ ਸਕੇ।
ਦੂਜੇ ਪਾਸੇ ਖੇਤੀਬਾੜੀ ਵਿਭਾਗ ਨੇ ਅੱਜ ਪਏ ਮੀਂਹ ਨੂੰ ਫਸਲਾਂ ਲਈ ਲਾਹੇਵੰਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਰ ਮੀਂਹ ਪੈਂਦਾ ਤਾਂ ਫਸਲਾਂ ਵਾਸਤੇ ਜ਼ਮੀਨ ਹੇਠਲੇ ਪਾਣੀ ਦੀ ਘੱਟ ਤੋਂ ਘੱਟ ਵਰਤੋਂ ਹੋਵੇਗੀ।
ਜਲੰਧਰ (ਹਤਿੰਦਰ ਮਹਿਤਾ): ਭਾਰੀ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੀਂਹ ਦੇ ਨਾਲ ਚੱਲੇ ਝੱਖੜ ਕਾਰਨ ਬਿਜਲੀ ਸਪਲਾਈ ਵੀ ਗੁੱਲ ਰਹੀ। ਸਵੇਰੇ ਪੰਜ ਵਜੇ ਤੋਂ ਤੇਜ਼ ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਸ ਕਾਰਨ ਪਾਰੇ ਵਿਚ ਕਾਫੀ ਗਿਰਾਵਟ ਆਈ ਹੈ। ਅੱਜ ਤਾਪਮਾਨ 36 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦਕਿ ਬੀਤੇ ਕੱਲ੍ਹ ਇਹ 40 ਡਿਗਰੀ ਦੇ ਕਰੀਬ ਸੀ। ਮੌਸਮ ਵਿਭਾਗ ਵਲੋਂ ਅਗਲੇ ਪੰਜ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਹੈ। ਜਾਣਕਾਰੀ ਅਨੁਸਾਰ ਮੀਂਹ ਕਾਰਨ ਪਠਾਨਕੋਟ ਬਾਈਪਾਸ, ਟਰਾਂਸਪੋਰਟ ਨਗਰ, ਫੋਕਲ ਪੁਆਇੰਚ, ਮਾਈਹੀਰਾ ਗੇਟ, ਗੜ੍ਹਾ ਰੋਡ, ਲਾਡੋਵਾਲੀ ਰੋਡ, ਮਕਸੂਦਾ ਸਬਜੀ ਮੰਡੀ ਵਿਚ ਪਾਣੀ ਭਰ ਗਿਆ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਸਬਜ਼ ਮੰਡੀ ਵਿਚ ਵਪਾਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੰਡੀ ਵਿਚ ਹਰ ਪਾਸੇ ਗੰਦਗੀ ਹੋਣ ਕਾਰਨ ਉਥੇ ਬਦਬੂ ਆ ਰਹੀ ਸੀ।

Advertisement

ਦਰਬਾਰ ਸਾਹਿਬ ਵਾਲੀ ਸੜਕ ’ਤੇ ਪਾਣੀ ’ਚੋਂ ਲੰਘਦਾ ਹੋਇਆ ਇਕ ਪਰਿਵਾਰ।

ਤਰਨ ਤਾਰਨ ਵਿੱਚ ਮੀਂਹ ਨੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ

ਤਰਨ ਤਾਰਨ (ਗੁਰਬਖਸ਼ਪੁਰੀ): ਖੇਤਰ ਵਿੱਚ ਅੱਜ ਸਵੇਰ ਵੇਲੇ ਡੇਢ ਕੁ ਘੰਟਾ ਪਏ ਮੀਂਹ ਨਾਲ ਜਿੱਥੇ ਝੋਨਾ ਲਾ ਰਹੇ ਕਿਸਾਨਾਂ ਨੂੰ ਭਾਰੀ ਰਾਹਤ ਮਿਲੀ, ਉਥੇ ਹੀ ਤਰਨ ਤਾਰਨ ਦੀ ਨਗਰ ਕੌਂਸਲ ਦੇ ਪਾਣੀ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੀਂਹ ਬੰਦ ਹੋਣ ਦੇ ਘੰਟਿਆਂ ਬਾਅਦ ਤੱਕ ਵੀ ਸ਼ਹਿਰ ਅੰਦਰ ਜਿਥੇ ਵਧੇਰੇ ਥਾਵਾਂ ’ਤੇ ਪਾਣੀ ਖੜਾ ਰਿਹਾ ਉਥੇ ਬਿਜਲੀ ਦੀ ਸਪਲਾਈ ਵੀ ਠੱਪ ਰਹੀ| ਤਰਨ ਤਾਰਨ ਦੇ ਦਰਬਾਰ ਸਾਹਿਬ ਨੂੰ ਆਉਂਦੇ-ਜਾਂਦੇ ਸ਼ਰਧਾਲੂਆਂ ਨੂੰ ਪਾਣੀ ਵਿੱਚੋਂ ਦੀ ਲੰਘਣਾ ਪਿਆ| ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਫਤਰ ਨੂੰ ਜਾਂਦੀ ਸੜਕ, ਥਾਣਾ ਸਿਟੀ ਦਾ ਵਿਹੜਾ ਅਤੇ ਕੁਝ ਹੋਰ ਥਾਵਾਂ ’ਤੇ ਸ਼ਾਮ ਤੱਕ ਵੀ ਪਾਣੀ ਖੜ੍ਹਾ ਸੀ।

Advertisement
Author Image

Advertisement
Advertisement
×