ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਸਰ: ਅਕਾਲੀ ਦਲ ਪਹਿਲੀ ਵਾਰ ਆਪਣੇ ਬਲਬੂਤੇ ’ਤੇ ਲੜੇਗਾ ਚੋਣ

08:58 AM Apr 21, 2024 IST

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਅਪਰੈਲ
ਸ਼੍ਰੋਮਣੀ ਅਕਾਲੀ ਦਲ ਇਸ ਵਾਰ ਪਹਿਲੀ ਵਾਰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਆਪਣੇ ਬਲਬੂਤੇ ’ਤੇ ਚੋਣ ਲੜ ਰਿਹਾ ਹੈ। ਪਾਰਟੀ ਨੇ ਧਰਮ ਨਿਰਪੱਖਤਾ ਨੂੰ ਆਧਾਰ ਬਣਾਉਂਦੇ ਹੋਏ ਇੱਕ ਹਿੰਦੂ ਚਿਹਰੇ ਅਨਿਲ ਜੋਸ਼ੀ ਨੂੰ ਇਸ ਹਲਕੇ ਤੋਂ ਮੈਦਾਨ ਵਿੱਚ ਉਤਾਰਿਆ ਹੈ। ਲੋਕ ਸਭਾ ਚੋਣਾਂ ਦੇ ਇਤਿਹਾਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਨੇ ਇਕੱਲਿਆਂ ਕਦੇ ਵੀ ਇਸ ਹਲਕੇ ਵਿੱਚ ਜਿੱਤ ਪ੍ਰਾਪਤ ਨਹੀਂ ਕੀਤੀ। ਸਾਲ 1996 ਵਿੱਚ ਅਕਾਲੀ-ਭਾਜਪਾ ਗੱਠਜੋੜ ਬਣਨ ਤੋਂ ਬਾਅਦ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਸੀਟ ਹਮੇਸ਼ਾ ਹੀ ਭਾਜਪਾ ਦੇ ਖਾਤੇ ਵਿੱਚ ਆਈ ਹੈ।
ਲਗਪਗ ਤਿੰਨ ਦਹਾਕੇ ਮਗਰੋਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਇਕੱਲਿਆਂ ਲੋਕ ਸਭਾ ਚੋਣ ਲੜ ਰਿਹਾ ਹੈ। ਅੰਮ੍ਰਿਤਸਰ ਲੋਕ ਸਭਾ ਹਲਕਾ ਵਧੇਰੇ ਸ਼ਹਿਰੀ ਵੋਟਰਾਂ ਵਾਲਾ ਹੈ, ਜਿਸ ਵਿੱਚ ਪੰਜ ਵਿਧਾਨ ਸਭਾ ਹਲਕੇ ਸ਼ਹਿਰੀ ਅਤੇ ਚਾਰ ਹਲਕੇ ਦਿਹਾਤੀ ਹਨ। ਸ਼੍ਰੋਮਣੀ ਅਕਾਲੀ ਦਲ ਨੇ ਸ਼ਹਿਰੀ ਖੇਤਰ ਵਿੱਚ ਕਦੇ ਵੀ ਆਪਣਾ ਆਧਾਰ ਮਜ਼ਬੂਤ ਕਰਨ ਦਾ ਵੱਡਾ ਯਤਨ ਵੀ ਨਹੀਂ ਕੀਤਾ, ਜਿਸ ਕਰ ਕੇ ਇਹ ਮਾਮਲਾ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਈ ਇੱਕ ਵੱਡੀ ਚੁਣੌਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਬਣਾਏ ਗਏ ਅਨਿਲ ਜੋਸ਼ੀ ਪਹਿਲਾਂ ਭਾਜਪਾ ਵਿੱਚ ਸਨ ਅਤੇ ਕਿਸਾਨ ਅੰਦੋਲਨ ਵੇਲੇ ਕਿਸਾਨਾਂ ਦੇ ਹੱਕ ਵਿੱਚ ਨਿਤਰਦਿਆਂ ਭਾਜਪਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। ਉਹ ਅਕਾਲੀ-ਭਾਜਪਾ ਸਰਕਾਰ ਵੇਲੇ ਦੋ ਵਾਰ ਕੈਬਨਿਟ ਮੰਤਰੀ ਰਹਿ ਚੁੱਕੇ ਹਨ।

Advertisement

ਅੰਮ੍ਰਿਤਸਰ

ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਇਤਿਹਾਸ ਤੇ ਜੇਕਰ ਝਾਤ ਮਾਰੀ ਜਾਵੇ ਤਾਂ ਸਾਲ 1952 ਤੋਂ ਲੈ ਕੇ 2019 ਤੱਕ 20 ਵਾਰ ਚੋਣਾਂ ਅਤੇ ਉਪ ਚੋਣਾਂ ਹੋਈਆਂ ਹਨ, ਜਿਸ ਵਿੱਚ 13 ਵਾਰ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਅਤੇ ਛੇ ਵਾਰ ਭਾਜਪਾ ਉਮੀਦਵਾਰ ਜਿੱਤਿਆ ਹੈ। ਜਦੋਂ ਕਿ ਇੱਕ ਵਾਰ ਆਜ਼ਾਦ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। 100 ਸਾਲ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਲਈ ਇਸ ਹਲਕੇ ਵਿੱਚ ਇਕੱਲਿਆਂ ਚੋਣ ਲੜਨਾ ਅਤੇ ਜਿੱਤ ਪ੍ਰਾਪਤ ਕਰਨਾ ਇੱਕ ਵੱਡੀ ਚੁਣੌਤੀ ਅਤੇ ਇਤਿਹਾਸ ਰਚਣ ਬਰਾਬਰ ਹੋਵੇਗਾ।

ਪਾਰਟੀ ਨੇ ਹਿੰਦੂ ਉਮੀਦਵਾਰ ਨੂੰ ਟਿਕਟ ਦੇ ਕੇ ਧਰਮ ਨਿਰਪੱਖਤਾ ਦਾ ਮੁੱਢ ਬੰਨ੍ਹਿਆ: ਜੋਸ਼ੀ

ਅਨਿਲ ਜੋਸ਼ੀ ਨੇ ਕਿਹਾ ਕਿ ਪਾਰਟੀ ਨੇ ਇੱਕ ਹਿੰਦੂ ਉਮੀਦਵਾਰ ਨੂੰ ਟਿਕਟ ਦੇ ਕੇ ਧਰਮ ਨਿਰਪੱਖਤਾ ਦਾ ਮੁੱਢ ਬੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਨੂੰ ਆਈਟੀ ਹੱਬ ਬਣਾਉਣਾ ਚਾਹੁੰਦੇ ਹਨ, ਅਕਾਲੀ-ਭਾਜਪਾ ਸਰਕਾਰ ਵਿੱਚ ਹੁੰਦਿਆਂ ਵੀ ਉਨ੍ਹਾਂ ਇਸ ਬਾਰੇ ਯਤਨ ਕੀਤਾ ਸੀ ਅਤੇ ਕਈ ਵੱਡੀਆਂ ਪਾਰਟੀਆਂ ਨਾਲ ਗੱਲਬਾਤ ਵੀ ਕੀਤੀ ਸੀ। ਸਿਹਤ ਸੰਭਾਲ ਦੇ ਖੇਤਰ ਵਿੱਚ ਉਹ ਟਾਟਾ ਮੈਮੋਰੀਅਲ ਵਰਗੇ ਹੋਰ ਵੱਡੇ ਹਸਪਤਾਲਾਂ ਨੂੰ ਇੱਥੇ ਲਿਆਉਣ ਦੇ ਇੱਛੁਕ ਹਨ। ਉਹ ਅੰਮ੍ਰਿਤਸਰ ਵਿੱਚ ਇੱਕ ਵੱਡਾ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਮੁੱਚਾ ਅਕਾਲੀ ਦਲ ਉਨ੍ਹਾਂ ਦੇ ਨਾਲ ਖੜਾ ਹੈ ਅਤੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਉਨ੍ਹਾਂ ਨੂੰ ਪੂਰੀ ਹਮਾਇਤ ਮਿਲ ਰਹੀ ਹੈ। ਅਨਿਲ ਜੋਸ਼ੀ ਮੁਢਲੇ ਤੌਰ ’ਤੇ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਰਹੇ ਹਨ, ਜਿੱਥੇ ਉਨ੍ਹਾਂ ਦਾ ਕੱਪੜੇ ਦਾ ਕੰਮ ਸੀ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣੇ ਅਤੇ ਮੁੜ ਸ਼ਹਿਰ ਵਿੱਚ ਸਥਾਪਿਤ ਹੋ ਗਏ। ਉਨ੍ਹਾਂ ਦਾ ਪਰਿਵਾਰ ਅੱਜ ਵੀ ਤਰਨ ਤਾਰਨ ਵਿੱਚ ਹੈ, ਜਿਸ ਕਾਰਨ ਉਹ ਦਿਹਾਤੀ ਖੇਤਰ ਨਾਲ ਵੀ ਜੁੜੇ ਹੋਏ ਹਨ। ਸ਼ਹਿਰ ਵਿੱਚ ਜਥੇਬੰਦੀ ਦੀ ਮਜ਼ਬੂਤੀ ਅਤੇ ਵੋਟਰ ਬੈਂਕ ਨੂੰ ਮਜ਼ਬੂਤ ਕਰਨ ਲਈ ਅਗਲੇ ਹਫ਼ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਿੰਨ ਦਿਨ ਅੰਮ੍ਰਿਤਸਰ ਸੰਸਦੀ ਹਲਕੇ ਦਾ ਦੌਰਾ ਕਰਨਗੇ।

Advertisement

Advertisement