ਅੰਮਿ੍ਰਤਸਰ: ਚਿਕਨਗੁਨੀਆ ਦੇ 23 ਤੇ ਡੇਂਗੂ ਦੇ 24 ਕੇਸ ਸਾਹਮਣੇ ਆਏ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਮੱਛਰ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਖਾਸ ਤੌਰ ’ਤੇ ਚਿਕਨਗੁਨੀਆ ਨੇ ਸ਼ਹਿਰ ਵਿਚ ਪੈਰ ਪਸਾਰ ਦਿੱਤਾ ਹੈ। ਸਿਹਤ ਵਿਭਾਗ ਕੋਲ ਹੁਣ ਤੱਕ 23 ਕੇਸ ਦਰਜ ਕੀਤੇ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀ ਚਿਕਨਗੁਨੀਆ ਦੇ ਕੇਸਾਂ ਦੀ ਵੱਡੀ ਗਿਣਤੀ ਵਿਚ ਆਮਦ ਵਾਸਤੇ ਲਈ ਵੱਖ-ਵੱਖ ਖੇਤਰਾਂ ਵਿੱਚ ਪਾਣੀ ਭਰਨ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਬਾਹਰਵਾਰ ਘਣੂਪੁਰ ਕਾਲੇ ਖੇਤਰ ਤੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹਾ ਸਿਹਤ ਵਿਭਾਗ ਵਲੋਂ ਹੁਣ ਤੱਕ ਕੁੱਲ 24 ਡੇਂਗੂ ਪਾਜ਼ੇਟਵਿ ਕੇਸ ਵੀ ਦਰਜ ਕੀਤੇ ਜਾ ਚੁੱਕੇ ਹਨ। ਸਿਹਤ ਵਿਭਾਗ ਦੇ ਸਰਕਾਰੀ ਅੰਕੜਿਆਂ ਮੁਤਾਬਕ ਡੇਂਗੂ ਅਤੇ ਚਿਕਨਗੁਨੀਆ ਦੇ ਕੇਸਾਂ ਦੀ ਗਿਣਤੀ ਕ੍ਰਮਵਾਰ 24 ਅਤੇ 23 ਦੱਸੀ ਗਈ ਹੈ, ਪਰ ਇਹਨਾਂ ਕੇਸਾਂ ਦੀ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੈ। ਮਿਲੇ ਵੇਰਵਿਆ ਦੇ ਮੁਤਾਬਿਕ ਬਹੁਤ ਸਾਰੇ ਲੋਕ ਜੋ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ, ਉਨ੍ਹਾਂ ਦਾ ਸਰਕਾਰੀ ਰਿਕਾਰਡ ਵਿੱਚ ਕੋਈ ਜ਼ਿਕਰ ਨਹੀਂ ਹੈ।
ਡੇਂਗੂ ਅਤੇ ਚਿਕਨਗੁਨੀਆ ਵਰਗੇ ਲੱਛਣਾਂ ਵਾਲੇ ਵਾਇਰਲ ਇਨਫੈਕਸ਼ਨਾਂ ਦਾ ਫੈਲਾਅ ਛੇਹਰਟਾ ਖੇਤਰਾਂ ਵਿੱਚ ਜ਼ਿਆਦਾ ਹੈ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਲ ਅੱਖਾਂ ਦੀ ਸਮੱਸਿਆ (ਕੰਜਕਟਵਿਾਇਟਿਸ) ਨਾਲ ਪੀੜਤ ਲੋਕ ਵੀ ਹਸਪਤਾਲਾਂ ਵਿੱਚ ਆ ਰਹੇ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾ: ਹਰਜੋਤ ਕੌਰ ਨੇ ਦੱਸਿਆ ਕਿ ਜਿਨ੍ਹਾਂ ਇਲਾਕਿਆਂ ਵਿੱਚ ਡੇਂਗੂ ਜਾਂ ਚਿਕਨਗੁਨੀਆ ਦੇ ਪਾਜ਼ੀਟਵਿ ਕੇਸ ਸਾਹਮਣੇ ਆਏ ਹਨ , ਉੱਥੇ ਨਿਯਮਤ ਤੌਰ ‘ਤੇ ਫੋਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਘਣੂਪੁਰ ਕਾਲੇ ਖੇਤਰ ਵਿੱਚ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਸਰਵੇਖਣ ਕੀਤਾ ਗਿਆ ਹੈ। ਮਾਹਰ ਡਾਕਟਰਾਂ ਨੇ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਵਸਨੀਕਾਂ ਨੂੰ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਲੋੜ ਹੈ।