ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਮ੍ਰਿਤਪਾਲ ਸਿੰਘ ਤੇ ਰਾਸ਼ਿਦ ਨੇ ਲਿਆ ਹਲਫ਼

06:48 AM Jul 06, 2024 IST
ਅੰਿਮ੍ਰਤਪਾਲ ਿਸੰਘ, ਇੰਜਨੀਅਰ ਰਾਸ਼ਿਦ

ਨਵੀਂ ਦਿੱਲੀ, 5 ਜੁਲਾਈ
ਜੇਲ੍ਹ ’ਚੋਂ ਚੋਣ ਲੜ ਕੇ ਜਿੱਤਣ ਵਾਲੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ (31) ਅਤੇ ਕਸ਼ਮੀਰੀ ਆਗੂ ਸ਼ੇਖ਼ ਅਬਦੁੱਲ ਰਾਸ਼ਿਦ (56) ਨੇ ਅੱਜ ਭਾਰੀ ਸੁਰੱਖਿਆ ਹੇਠ ਸੰਸਦ ਮੈਂਬਰ ਵਜੋਂ ਹਲਫ਼ ਲਿਆ। ਲੋਕ ਸਭਾ ਬੁਲੇਟਿਨ ’ਚ ਕਿਹਾ ਗਿਆ ਕਿ ਸੰਸਦ ਭਵਨ ’ਚ ਸਪੀਕਰ ਦੇ ਕਾਨਫਰੰਸ ਰੂਮ ’ਚ ਅੰਮ੍ਰਿਤਪਾਲ ਸਿੰਘ ਨੇ ਪੰਜਾਬੀ ਅਤੇ ਰਾਸ਼ਿਦ ਨੇ ਕਸ਼ਮੀਰੀ ’ਚ ਹਲਫ਼ ਲਿਆ। ਦੋਹਾਂ ਨੂੰ ਲੋਕ ਸਭਾ ਮੈਂਬਰ ਵਜੋਂ ਹਲਫ਼ ਲੈਣ ਲਈ ਪੈਰੋਲ ’ਤੇ ਸੰਸਦ ਭਵਨ ਲਿਆਂਦਾ ਗਿਆ ਸੀ। ਅੰਮ੍ਰਿਤਪਾਲ ਸਿੰਘ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਜਦਕਿ ਇੰਜਨੀਅਰ ਰਾਸ਼ਿਦ ਯੂਏਪੀਏ ਤਹਿਤ ਦਰਜ ਦਹਿਸ਼ਤੀ ਫੰਡਿੰਗ ਕੇਸ ’ਚ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਹੈ। ਦੋਹਾਂ ਨੂੰ ਅੱਜ ਸਵੇਰੇ ਭਾਰੀ ਸੁਰੱਖਿਆ ਹੇਠ ਸੰਸਦੀ ਕੰਪਲੈਕਸ ’ਚ ਲਿਆਂਦਾ ਗਿਆ। ਸੂਤਰਾਂ ਨੇ ਕਿਹਾ ਕਿ ਦੋਹਾਂ ਨੇ ਰਸਮੀ ਕਾਰਵਾਈ ਮੁਕੰਮਲ ਕਰਨ ਮਗਰੋਂ ਲੋਕ ਸਭਾ ਸਪੀਕਰ ਦੇ ਚੈਂਬਰ ’ਚ ਸੰਸਦ ਮੈਂਬਰ ਵਜੋਂ ਹਲਫ਼ ਲਿਆ। ਅੰਮ੍ਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵਜੋਂ ਖਡੂਰ ਸਾਹਿਬ (ਪੰਜਾਬ) ਅਤੇ ਰਾਸ਼ਿਦ ਨੇ ਬਾਰਾਮੂਲਾ (ਜੰਮੂ ਕਸ਼ਮੀਰ) ਤੋਂ ਲੋਕ ਸਭਾ ਚੋਣ ਜਿੱਤੀ ਹੈ। ਰਾਸ਼ਿਦ ਨੂੰ ਹਲਫ਼ ਲੈਣ ਲਈ ਦੋ ਘੰਟਿਆਂ ਦੀ ਪੈਰੋਲ ਦਿੱਤੀ ਗਈ ਸੀ ਜਦਕਿ ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨ ਦੀ ਪੈਰੋਲ ਮਿਲੀ ਹੈ। ਅੰਮ੍ਰਿਤਪਾਲ ਸਿੰਘ ਨਾਲ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਮੁਲਾਕਾਤ ਕੀਤੀ। ਉਸ ਨੂੰ ਅਤੇ ਪਰਿਵਾਰਕ ਮੈਂਬਰਾਂ ਨੂੰ ਮੀਡੀਆ ਨਾਲ ਕਿਸੇ ਵੀ ਮੁੱਦੇ ’ਤੇ ਗੱਲਬਾਤ ਨਾ ਕਰਨ ਦੀ ਤਾਕੀਦ ਕੀਤੀ ਗਈ ਸੀ। ਉਂਜ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਆਪਣੇ ਪੁੱਤਰ ਦੇ ਹਵਾਲੇ ਨਾਲ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵੱਧ ਤੋਂ ਵੱਧ ਬਣਾਈਆਂ ਜਾਣ ਅਤੇ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ। ਤਰਸੇਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਅੰਮ੍ਰਿਤਪਾਲ ਸਿੰਘ ਨਾਲ ਬਹੁਤੀ ਗੱਲ ਨਹੀਂ ਹੋ ਸਕੀ ਪਰ ਉਸ ਨੇ ਪਰਿਵਾਰ ਦਾ ਹਾਲ-ਚਾਲ ਪੁੱਛਿਆ ਅਤੇ ਛੇਤੀ ਮਿਲਣ ਦੀ ਗੱਲ ਕੀਤੀ। ਇਸ ਦੌਰਾਨ ਦਿੱਲੀ ਅਤੇ ਪੰਜਾਬ ਪੁਲੀਸ ਨੂੰ ਆਪਸ ’ਚ ਤਾਲਮੇਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। -ਪੀਟੀਆਈ

Advertisement

ਖਾਲਿਸਤਾਨ ਸਮਰਥਕ ਨਹੀਂ ਅੰਮ੍ਰਿਤਪਾਲ, ਫੌਰੀ ਰਿਹਾਅ ਕੀਤਾ ਜਾਵੇ: ਮਾਤਾ

ਚੰਡੀਗੜ੍ਹ: ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਖਾਲਿਸਤਾਨ ਪੱਖੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਹੜੇ ਮੁੱਦਿਆਂ ’ਤੇ ਅੰਮ੍ਰਿਤਪਾਲ ਸਿੰਘ ਨੇ ਚੋਣ ਲੜੀ ਸੀ, ਉਸ ’ਤੇ ਉਹ ਕੰਮ ਕਰ ਸਕਦਾ ਹੈ ਅਤੇ ਮੰਗ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਫੌਰੀ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ,‘‘ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹੰਭਲਾ ਮਾਰਨ ਨਾਲ ਕੋਈ ਖਾਲਿਸਤਾਨ ਪੱਖੀ ਨਹੀਂ ਬਣ ਜਾਂਦਾ ਹੈ। ਉਸ ਨੇ ਸੰਵਿਧਾਨ ਦੇ ਦਾਇਰੇ ’ਚ ਰਹਿ ਕੇ ਚੋਣਾਂ ਲੜੀਆਂ ਸਨ ਅਤੇ ਅੱਜ ਹਲਫ਼ ਲਿਆ ਹੈ। ਉਹ ਪੰਜਾਬ ਦੇ ਮੁੱਦਿਆਂ ਨੂੰ ਚੁੱਕੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਏਗਾ।’’ ਅੰਮ੍ਰਿਤਪਾਲ ਸਿੰਘ ਵੱਲੋਂ ਸੰਸਦ ਮੈਂਬਰ ਵਜੋਂ ਹਲਫ਼ ਲਏ ਜਾਣ ਮਗਰੋਂ ਉਸ ਦੇ ਜੱਦੀ ਪਿੰਡ ਜੱਲੂਪੁਰ ਖੇੜਾ ਅਤੇ ਖਡੂਰ ਸਾਹਿਬ ਹਲਕੇ ’ਚ ਲੋਕਾਂ ਨੇ ਮਠਿਆਈਆਂ ਵੰਡ ਕੇ ਜਸ਼ਨ ਮਨਾਏ। ਅੰਮ੍ਰਿਤਸਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਕੌਰ ਨੇ ਰੱਬ ਦਾ ਸ਼ੁਕਰਾਨਾ ਕੀਤਾ ਅਤੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਹਲਫ਼ ਲਏ ਜਾਣ ਮਗਰੋਂ ਸੰਗਤ ’ਚ ਖੁਸ਼ੀ ਦਾ ਮਾਹੌਲ ਹੈ। ਉਨ੍ਹਾਂ ਕਿਹਾ,‘‘ਚੋਣਾਂ ਨਸ਼ਿਆਂ ਖ਼ਿਲਾਫ਼ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀਆਂ ਗਈਆਂ ਸਨ। ਉਹ ਬੇਕਸੂਰ ਹੈ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣਾ ਗਲਤ ਨਹੀਂ ਹੈ।’’ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲੋਕਾਂ ਨੇ ਵੱਡੀਆਂ ਉਮੀਦਾਂ ਨਾਲ ਉਸ ਨੂੰ ਵੋਟਾਂ ਪਾਈਆਂ ਹਨ ਅਤੇ ਛੇਤੀ ਰਿਹਾਅ ਕੀਤਾ ਜਾਣਾ ਚਾਹੀਦਾ ਹੈ। -ਪੀਟੀਆਈ

ਅੰਮ੍ਰਿਤਪਾਲ ਸਿੰਘ ਨੂੰ ਵੀ ਸੰਸਦ ਮੈਂਬਰਾਂ ਵਾਂਗ ਮਾਣ-ਸਨਮਾਨ ਮਿਲੇ: ਸ਼੍ਰੋਮਣੀ ਕਮੇਟੀ

ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਸੰਸਦ ਮੈਂਬਰ ਵਜੋਂ ਚੁਣੇ ਗਏ ਅੰਮ੍ਰਿਤਪਾਲ ਸਿੰਘ ਨਾਲ ਬਤੌਰ ਸਿੱਖ ਵਿਤਕਰਾ ਕੀਤਾ ਜਾਣਾ ਠੀਕ ਨਹੀਂ ਹੈ ਅਤੇ ਉਸ ਨੂੰ ਵੀ ਬਾਕੀ ਸੰਸਦ ਮੈਂਬਰਾਂ ਵਾਂਗ ਹੀ ਮਾਣ-ਸਨਮਾਨ ਮਿਲਣਾ ਚਾਹੀਦਾ ਹੈ। ਇੱਥੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਕਈ ਮੁੱਦੇ ਵਿਚਾਰ ਗਏ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਲੋਕਤੰਤਰੀ ਢੰਗ ਨਾਲ ਚੋਣ ਜਿੱਤ ਕੇ ਸੰਸਦ ਮੈਂਬਰ ਬਣਿਆ ਹੈ ਅਤੇ ਖਡੂਰ ਸਾਹਿਬ ਦੇ ਵੱਡੀ ਗਿਣਤੀ ਵੋਟਰਾਂ ਨੇ ਉਸ ਨੂੰ ਵੋਟਾਂ ਪਾ ਕੇ ਚੁਣਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲਾਏ ਗਏ ਕੌਮੀ ਸੁਰੱਖਿਆ ਐਕਟ ਦਾ ਲਗਾਤਾਰ ਵਿਰੋਧ ਕਰ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਵੀ ਪੰਜਾਬ ਸਰਕਾਰ ਵੱਲੋਂ ਹੀ ਉਸ ’ਤੇ ਸ਼ਰਤਾਂ ਲਾਈਆਂ ਗਈਆਂ ਹਨ ਜੋ ਕਿ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਹਨ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਵੱਲੋਂ ਪੰਜਾਬ ਅਤੇ ਪੰਜਾਬੀਆਂ ਵਿਰੁੱਧ ਨਫ਼ਰਤੀ ਟਿੱਪਣੀਆਂ ਕਰਨ ਵਿਰੁੱਧ ਨਿੰਦਾ ਮਤਾ ਪਾਸ ਕੀਤਾ ਗਿਆ। ਉਨ੍ਹਾਂ ‘ਆਪ’ ਸਰਕਾਰ ਤੋਂ ਮੰਗ ਕੀਤੀ ਕਿ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਰਾਜਸਥਾਨ ਵਿਚ ਬੀਤੇ ਦਿਨੀਂ ਜੁਡੀਸ਼ਲ ਪ੍ਰੀਖਿਆ ’ਚ ਅੰਮ੍ਰਿਤਧਾਰੀ ਸਿੱਖ ਉਮੀਦਵਾਰਾਂ ਨੂੰ ਕਕਾਰ ਉਤਾਰਨ ਲਈ ਮਜਬੂਰ ਕਰਨ ਦੇ ਮਾਮਲੇ ਵਿਚ ਸਰਕਾਰ ਪਾਸੋਂ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੰਤ੍ਰਿੰਗ ਕਮੇਟੀ ਨੇ ਇਸ ਮਾਮਲੇ ਵਿਚ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਤੋਂ ਇਲਾਵਾ ਕਾਨੂੰਨੀ ਮਾਹਿਰਾਂ ਦੀ ਰਾਏ ਅਨੁਸਾਰ ਪੈਰਵਾਈ ਕਰਨ ਦਾ ਫੈਸਲਾ ਵੀ ਕੀਤਾ ਹੈ। ਲੋਕ ਸਭਾ ’ਚ ਕਾਂਗਰਸ ਆਗੂ ਰਾਹੁਲ ਗਾਂਧੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਤੇ ਉਨ੍ਹਾਂ ਦੀ ਤਸਵੀਰ ਨੂੰ ਆਧਾਰ ਬਣਾ ਕੇ ਕੀਤੀਆਂ ਗਈਆਂ ਟਿੱਪਣੀਆਂ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸਪੱਸ਼ਟ ਕੀਤਾ ਕਿ ਪਾਵਨ ਗੁਰਬਾਣੀ ਅਤੇ ਗੁਰੂਆਂ ਦੀਆਂ ਸਿੱਖਿਆਵਾਂ ਨੂੰ ਸਿਆਸੀ ਬਹਿਸ ਦਾ ਹਿੱਸਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ। ਇਸ ਸਬੰਧੀ ਪਾਸ ਕੀਤੇ ਗਏ ਮਤੇ ਵਿਚ ਕਿਹਾ ਗਿਆ ਕਿ ਰਾਹੁਲ ਗਾਂਧੀ ਵੱਲੋਂ ਗੁਰੁੂ ਨਾਨਕ ਦੇਵ ਜੀ ਦਾ ਜ਼ਿਕਰ ਕਰਦਿਆਂ ਇਹ ਕਹਿਣਾ ਕਿ ਗੁਰੂ ਸਾਹਿਬ ਦਾ ਸਰੂਪ (ਤਸਵੀਰ) ਅਭਯ ਮੁਦਰਾ ਨੂੰ ਦਰਸਾਉਂਦਾ ਹੈ, ਬਿਲਕੁਲ ਹੀ ਗਲਤ ਹੈ। ਮਤੇ ਵਿਚ ਸਪੱਸ਼ਟ ਕੀਤਾ ਗਿਆ ਕਿ ਗੁਰੂ ਸਾਹਿਬ ਨੇ ਅਜਿਹੀ ਕਿਸੇ ਵੀ ਮੁਦਰਾ ਜਾਂ ਆਸਣ ਨੂੰ ਮਾਨਤਾ ਨਹੀਂ ਦਿੱਤੀ ਹੈ ਸਗੋਂ ਸਿਰਫ਼ ਇਕ ਅਕਾਲ ਪੁਰਖ ਨਾਲ ਜੁੜਨ ਦਾ ਉਪਦੇਸ਼ ਦਿੱਤਾ ਹੈ। ਅੰਤ੍ਰਿੰਗ ਕਮੇਟੀ ਨੇ ਲੋਕ ਸਭਾ ਸਪੀਕਰ ਅਤੇ ਰਾਜ ਸਭਾ ਦੇ ਚੇਅਰਪਰਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਸੰਸਦ ਦੀ ਕਾਰਵਾਈ ਦੌਰਾਨ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਸੱਟ ਨਾ ਵੱਜੇ। ਸ੍ਰੀ ਦਰਬਾਰ ਸਾਹਿਬ ’ਚ ਇਕ ਲੜਕੀ ਵੱਲੋਂ ਯੋਗ ਕਰਨ ਦੇ ਮਾਮਲੇ ਬਾਰੇ ਐਡਵੋਕੇਟ ਧਾਮੀ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਇਸ ਘਟਨਾ ਸਬੰਧੀ ਆਪਣੀ ਰਾਏ ਦਿੱਤੀ ਹੈ ਅਤੇ ਉਸ ਲੜਕੀ ਵੱਲੋਂ ਵੀ ਲਿਖਤੀ ਤੌਰ ’ਤੇ ਮੁਆਫ਼ੀ ਭੇਜੀ ਗਈ ਹੈ। ਪਰੰਤੂ ਹਰ ਧਾਰਮਿਕ ਅਸਥਾਨ ਦੀ ਇਕ ਮਰਿਆਦਾ ਹੁੰਦੀ ਹੈ ਅਤੇ ਜਾਣਬੁੱਝ ਕੇ ਕੀਤੀ ਗਈ ਕਾਰਵਾਈ ਬਖ਼ਸ਼ਣਯੋਗ ਨਹੀਂ ਹੈ।

Advertisement

Advertisement