For the best experience, open
https://m.punjabitribuneonline.com
on your mobile browser.
Advertisement

ਮੇਲਿਆਂ ’ਚੋਂ ਮੇਲਾ, ਮੇਲਾ ਹੈ ਛਪਾਰ ਦਾ...

07:42 AM Sep 23, 2023 IST
ਮੇਲਿਆਂ ’ਚੋਂ ਮੇਲਾ  ਮੇਲਾ ਹੈ ਛਪਾਰ ਦਾ
Advertisement

ਜਗਜੀਤ ਸਿੰਘ ਲੋਹਟਬੱਦੀ

ਸਤੰਬਰ ਦਾ ਮਹੀਨਾ ਚੜਿ੍ਹਐ, ਪੰਜਾਬ ਨੂੰ ਛਪਾਰ ਦੇ ਮੇਲੇ ਦਾ ਚਾਅ ਚੜਿ੍ਹਐ। ਸ਼੍ਰੋਮਣੀ ਕਵੀਸ਼ਰ ਫ਼ਜ਼ਲਦੀਨ ਲੋਹਟਬੱਦੀ ਨੇ ਤੂੰਬੇ ਦੀ ਤਾਰ ਕਸੀ ਹੈ ਅਤੇ ਨਵਜੋਤ ਜਰਗ ਨੇ ਸਾਰੰਗੀ ਦੀਆਂ। ਨੇਕ ਦੇ ਅਲਗੋਜ਼ਿਆਂ ’ਤੇ ਲੋਗੜੀ ਦੇ ਰੰਗ ਬਿਰੰਗੇ ਫੁੱਲ ਨੱਚਣ ਲੱਗੇ ਨੇ...ਗੁਲਜ਼ਾਰਾ ਢੋਲ ’ਤੇ ਡੱਗਾ ਲਾਉਣ ਨੂੰ ਤਿਆਰ ਹੈ। ਛਪਾਰ ਦਾ ਆਲਾ ਦੁਆਲਾ ਮਹਿਕਣ ਲੱਗਿਐ ਤੇ ਉਡੀਕਣ ਲੱਗਿਆ, ਮੇਲੇ ਵਾਲੇ ਮੇਲੀਆਂ ਨੂੰ। ਕੋਈ ਵਿਰਲਾ ਘਰ ਹੀ ਹੋਵੇਗਾ, ਜਿੱਥੇ ਬਰੂਹਾਂ ’ਤੇ ‘ਜੀ ਆਇਆਂ’ ਨਾ ਲਿਖਿਆ ਹੋਵੇ। ਪਹਿਲੀ ਗੁੱਗਾ ਨੌਵੀਂ ਤੋਂ ਗੁੱਗੇ ਪੀਰ ਦੀਆਂ ਭੇਟਾਂ ਗਾ ਗਾ ਭਗਤਾਂ ਨੇ ਪਿੰਡਾਂ ਵਿੱਚ ਅਲਖ ਜਗਾਈ ਹੈ। ਮੇਲੇ ਵਿੱਚ 27 ਸਤੰਬਰ ਤੋਂ 30 ਸਤੰਬਰ ਤੱਕ ਪੰਜਾਬ ਦੇ ਸੱਭਿਆਚਾਰ, ਵਿਰਸੇ, ਰਾਜਨੀਤੀ ਅਤੇ ਧਰਮ ਦੀਆਂ ਗੂੰਜਾਂ ਪੈਣਗੀਆਂ।
ਛਪਾਰ ਦਾ ਮੇਲਾ ਪੰਜਾਬ ਦਾ ਸਭ ਤੋਂ ਵੱਡਾ ਅਤੇ ਵਿਲੱਖਣ ਮੇਲਾ ਕਹਾਉਂਦਾ ਹੈ। ਭਾਦੋਂ ਮਹੀਨੇ ਦੀ ਚਾਨਣੀ ਚੌਂਦੇ ਨੂੰ ਗੁੱਗਾ ਪੀਰ ਦੀ ਮਾੜੀ ’ਤੇ ਲੱਗਦੇ ਇਸ ਮੇਲੇ ਦਾ ਇਤਿਹਾਸ ਪੁਰਾਣਾ ਹੈ। ਤਕਰੀਬਨ 150 ਸਾਲ ਹੋ ਚੁੱਕੇ ਨੇ ਲੋਕਾਈ ਨੂੰ ਇਸ ਨੂੰ ਸਿਜਦਾ ਕਰਦਿਆਂ। 1890 ਵਿੱਚ ਬਣੀ ਇਸ ਮਾੜੀ ’ਤੇ ਆ ਕੇ ਅੱਜ ਵੀ ਸ਼ਰਧਾਲੂ ਸੁੱਖ ਮੰਗਦੇ ਹਨ। ਇਸ ਦੇ ਵਿਸ਼ਾਲ ਗੁੰਬਦ ਵਿਚਲੇ ਕੰਧ ਚਿੱਤਰਾਂ ਵਿੱਚ ਸਾਡੇ ਸੱਭਿਆਚਾਰ ਦੀਆਂ ਅਨਮੋਲ ਨਿਸ਼ਾਨੀਆਂ ਉੱਕਰੀਆਂ ਹੋਈਆਂ ਹਨ। ਮੰਡੀ ਅਹਿਮਦਗੜ੍ਹ ਤੋਂ 2 ਕਿਲੋਮੀਟਰ ਪੱਛਮ ਵੱਲ ਇਹ ਵਿਸ਼ਾਲ ਇਬਾਦਤਗਾਹ ਦੂਰੋਂ ਨਜ਼ਰ ਆਉਂਦੀ ਹੈ ਤੇ ਪੰਜਾਬੀਆਂ ਦੇ ਸਦੀਆਂ ਪੁਰਾਣੇ ਸਾਂਝੀਵਾਲਤਾ ਦੇ ਸੁਨੇਹੇ ਦੀ ਚਸ਼ਮਦੀਦ ਗਵਾਹ ਹੈ।
ਪੰਜਾਬ ਮੇਲਿਆਂ ਦਾ ਦੇਸ਼ ਹੈ। ਮੇਲਾ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ-ਇਕੱਠ। ਰਿਸ਼ੀਆਂ-ਮੁਨੀਆਂ, ਪੀਰਾਂ-ਫ਼ਕੀਰਾਂ ਦੀ ਇਸ ਧਰਤੀ ’ਤੇ ਖੁਸ਼ੀਆਂ ਖੇੜਿਆਂ ਦੇ ਅਨੇਕਾਂ ਮੇਲੇ ਲੱਗਦੇ ਹਨ। ਮੇਲ-ਜੋਲ ਤਾਂ ਪੰਜਾਬੀਆਂ ਦੇ ਖੂਨ ਵਿੱਚ ਵਸਿਆ ਹੋਇਐ, ਜਿੱਥੇ ਉਹ ਆਪਣੇ ਪੁਰਾਤਨ ਸੱਭਿਆਚਾਰ ਦੇ ਅਮੀਰ ਅਤੇ ਰੰਗਲੇ ਵਿਰਸੇ ਦੀ ਯਾਦ ਨੂੰ ਤਰੋ-ਤਾਜ਼ਾ ਕਰਦੇ ਹਨ। ਗੁੱਗੇ ਪੀਰ ਨੂੰ ਸੱਪਾਂ ਦਾ ਦੇਵਤਾ ਕਿਹਾ ਜਾਂਦੈ। ਸ਼ਰਧਾਲੂ ਮਾੜੀ ’ਤੇ ਆ ਕੇ ਆਪਣੇ ਪਰਿਵਾਰ ਤੇ ਪਸ਼ੂਆਂ ਦੀ ਸੁੱਖ ਮੰਗਦੇ ਹਨ। ਸੱਤ ਵਾਰ ਮਿੱਟੀ ਕੱਢ ਕੇ ਸਲਾਮਤ ਰਹਿਣ ਦੀ ਦੁਆ ਮੰਗਦੇ ਹਨ। ਵਿਸ਼ਵਾਸ ਹੈ ਕਿ ਮਿੱਟੀ ਕੱਢਣ ਨਾਲ ਗੁੱਗੇ ਦੀ ਮਿਹਰ ਹੋ ਜਾਂਦੀ ਹੈ। ਸੱਪਾਂ ਦੇ ਕੱਟੇ ਹੋਏ ਰੋਗੀ ਇੱਥੇ ਆ ਕੇ ਇਸ ਮਿੱਟੀ ਨੂੰ ਜ਼ਖ਼ਮਾਂ ’ਤੇ ਲਗਾਉਂਦੇ ਹਨ ਤੇ ਆਸਥਾ ਰੱਖਦੇ ਹਨ ਕਿ ਉਹ ਤੰਦਰੁਸਤ ਹੋ ਜਾਣਗੇ। ਪਤਾਸਿਆਂ, ਸੇਵੀਆਂ ਤੇ ਖਿੱਲਾਂ ਦਾ ਪ੍ਰਸਾਦ ਗੁੱਗੇ ਨੂੰ ਭੇਂਟ ਕੀਤਾ ਜਾਂਦਾ ਹੈ। ਮੇਲੇ ਦਾ ਪਹਿਲਾ ਅਤੇ ਪੰਜਵਾਂ ਦਿਨ ਔਰਤਾਂ ਲਈ ਰਾਖਵਾਂ ਰੱਖਿਆ ਜਾਂਦਾ ਹੈ। ਮੱਧ ਵਾਲੇ ਦਿਨ ਮੇਲਾ ਸਿਖਰ ’ਤੇ ਪਹੁੰਚ ਜਾਂਦਾ ਹੈ, ਜਿੱਥੇ ਰਾਜਨੀਤਿਕ ਕਾਨਫਰੰਸਾਂ ਆਪਣੇ ਅਗਲੇਰੇ ਕਦਮਾਂ ਦਾ ਮੁੱਢ ਬੰਨ੍ਹਦੀਆਂ ਹਨ। ਗੁੱਗੇ ਦੀਆਂ ਭੇਟਾਂ ਫ਼ਿਜ਼ਾ ਵਿੱਚ ਨਿਰੰਤਰ ਗੂੰਜਦੀਆਂ ਰਹਿੰਦੀਆਂ ਹਨ।
ਗੁੱਗੇ ਦੇ ਜਨਮ ਦੀਆਂ ਕਈ ਦੰਦ ਕਥਾਵਾਂ ਪ੍ਰਚੱਲਿਤ ਹਨ। ਮੰਨਿਆ ਜਾਂਦਾ ਕਿ ਉਸ ਦਾ ਜਨਮ 1170 ਈ. ਵਿੱਚ ਭਾਦੋਂ ਵਦੀ ਨੌਂ ਨੂੰ ਬੀਕਾਨੇਰ ਦੇ ਪਿੰਡ ਓਡੇਰੋ ਵਿੱਚ ਰਾਜਪੂਤ ਪਰਿਵਾਰ ਵਿੱਚ ਹੋਇਆ। ਉਸ ਦਾ ਪਿਤਾ ਜੈਮਲ ਬੀਕਾਨੇਰ ਦਾ ਰਾਜਾ ਸੀ ਅਤੇ ਮਾਂ ਵਾਛਲ ਨੇ ਸੰਤਾਨ ਪ੍ਰਾਪਤੀ ਲਈ 12 ਸਾਲ ਗੁਰੂ ਗੋਰਖ ਨਾਥ ਦੀ ਤਪੱਸਿਆ ਕੀਤੀ ਅਤੇ ਗੁੱਗੇ ਦਾ ਜਨਮ ਹੋਇਆ। ਮੱਤ ਹੈ ਕਿ ਗੋਰਖ ਨਾਥ ਨੇ ਵਾਛਲ ਨੂੰ ਗੁੱਗਲ ਦਾ ਪ੍ਰਸਾਦ ਦੇ ਕੇ ਵੀਰ ਪੁੱਤਰ ਹੋਣ ਦਾ ਵਰ ਦਿੱਤਾ ਸੀ। ਗੁੱਗਲ ਤੋਂ ਜੰਮਿਆ ਹੋਣ ਕਰ ਕੇ ਬੱਚੇ ਦਾ ਨਾਂ ਗੁੱਗਾ ਰੱਖਿਆ ਗਿਆ। ਵੱਡੇ ਮੇਲੇ ਤੋਂ ਇੱਕ ਮਹੀਨੇ ਬਾਅਦ ਛੋਟਾ ਮੇਲਾ ਵੀ ਸਜਾਇਆ ਜਾਂਦਾ ਹੈ।
ਮੇਲੇ ਦੇ ਦਿਨਾਂ ਵਿੱਚ ਇੱਥੇ ਮੋਢੇ ਨਾਲ ਮੋਢਾ ਖਹਿੰਦੈ, ਪਰ ਮੇਲੇ ਦੀ ਸਮਾਪਤੀ ਪਿੱਛੋਂ ਇੰਨਾ ਵੱਡਾ ਮੈਦਾਨ ਦੇਖ ਕੇ ਯਕੀਨ ਨਹੀਂ ਹੁੰਦਾ ਕਿ ਇੱਥੇ ਕਦੇ ਇੰਨਾ ਵੱਡਾ ਮੇਲਾ ਭਰਿਆ ਸੀ। ਛਪਾਰ ਦਾ ਮੇਲਾ ਸਾਡੇ ਸੱਭਿਆਚਾਰਕ ਵਿਹਾਰਾਂ ਦਾ ਸੁੰਦਰ ਗੁਲਦਸਤਾ ਹੈ। ਗੁੱਗਾ ਪੀਰ ਨੂੰ ਪੰਜਾਬ ਤੋਂ ਇਲਾਵਾ ਹਰਿਆਣਾ, ਹਿਮਾਚਲ, ਉੱਤਰੀ ਰਾਜਸਥਾਨ, ਜੰਮੂ ਅਤੇ ਗੁਜਰਾਤ ਵਿੱਚ ਵੀ ਪੂਜਣਯੋਗ ਸਥਾਨ ਹਾਸਲ ਹੈ, ਪਰ ਜੋ ਪ੍ਰਸਿੱਧੀ ਪੰਜਾਬ ਵਿੱਚ ਮਿਲੀ ਹੈ, ਉਹ ਅਦਭੁੱਤ ਹੈ। ਮੇਲੇ ਤੋਂ ਕਈ ਦਿਨ ਪਹਿਲਾਂ ਘਰਾਂ ਵਿੱਚ ਮਹਿਮਾਨ ਨਿਵਾਜੀ ਲਈ ਤਿਆਰੀਆਂ ਹੋਣ ਲੱਗ ਜਾਂਦੀਆਂ ਹਨ। ਸਕੂਲਾਂ, ਕਾਲਜਾਂ ਤੇ ਹੋਰ ਸੰਸਥਾਨਾਂ ਵਿੱਚ ਛੁੱਟੀ ਵਾਲਾ ਮਾਹੌਲ ਬਣ ਜਾਂਦੈ। ਸਾਰੇ ਰਾਹ ਮੇਲਾ ਛਪਾਰ ਵੱਲ ਜਾਂਦੇ ਲੱਗਦੇ ਹਨ। ਚੰਡੋਲ, ਪੰਘੂੜੇ ਤੇ ਸਰਕਸਾਂ ਰੰਗ ਬੰਨ੍ਹਦੇ ਹਨ। ਰਾਜਨੀਤਿਕ ਪਾਰਟੀਆਂ ਮੇਲੇ ਦੇ ਇਕੱਠ ’ਚੋਂ ਆਪਣੀਆਂ ਵੋਟਾਂ ਭਾਲਦੀਆਂ ਹਨ। ਜਲੇਬੀਆਂ, ਪਕੌੜੇ, ਖਜਲਾ ਅਤੇ ਖਿਡੌਣਿਆਂ ਦੀਆਂ ਦੁਕਾਨਾਂ ’ਤੇ ਭੀੜ ਲੱਗੀ ਹੁੰਦੀ ਹੈ। ਚਾਰੇ ਪਾਸੇ ਹੁਲਾਸ ਦਾ ਮਾਹੌਲ ਨਜ਼ਰੀਂ ਪੈਂਦੈ। ਜਿਉਂ ਜਿਉਂ ਦਿਨ ਢਲਦਾ, ਮੇਲੇ ਨੂੰ ਰੂਪ ਚੜ੍ਹਦੈ। ਪਹਿਲਵਾਨਾਂ ਦੇ ਅਖਾੜੇ, ਛਿੰਝਾਂ ਤਕੜੇ ਜੁੱਸਿਆਂ ਨੂੰ ਲਲਕਾਰਦੇ ਹਨ। ਚੌੜੀਆਂ ਛਾਤੀਆਂ ਤੇ ਲਿਸ਼ ਲਿਸ਼ ਕਰਦੇ ਸਰੀਰ ਦੇਖ ਕੇ ਚੋਬਰਾਂ ਦੇ ਮੂੰਹੋਂ ‘ਬਈ ਵਾਹ’ ਮੱਲੋ-ਮੱਲੀ ਨਿਕਲ ਜਾਂਦੀ ਹੈ। ਟਿਕੀ ਰਾਤ ਨੂੰ ਗੱਭਰੂਆਂ ਦੀਆਂ ਟੋਲੀਆਂ ਬੋਲੀਆਂ ਅਤੇ ਮਲਵਈ ਗਿੱਧੇ ਨਾਲ ਧਮੱਚੀ ਪੱਟਦੀਆਂ ਨੇ ਤਾਂ ਇਉਂ ਲੱਗਦੈ ਜਿਵੇਂ ਸਮਾਂ ਬੰਨ੍ਹ ਲਿਆ ਹੋਵੇ। ਪੀਰਾਂ ਦੀ ਅਰਾਧਨਾ ਮਗਰੋਂ ਬੋਲੀਆਂ ਟੱਪਿਆਂ ਨਾਲ ਮਾਹੌਲ ਰੰਗੀਨ ਬਣ ਜਾਂਦਾ ਤੇ ਤਾਰਿਆਂ ਦੀਆਂ ਖਿੱਤੀਆਂ ਦੇ ਖਿਸਕਣ ਦਾ ਚਿੱਤ ਚੇਤਾ ਹੀ ਨਹੀਂ ਰਹਿੰਦਾ।
ਰਾਤਾਂ ਨੂੰ ਇਸਤਰੀਆਂ ਵਾਲੇ ਲਬਿਾਸ ਪਾ ਕੇ ਜਦੋਂ ਨਚਾਰ ਪੈਲਾਂ ਪਾਉਂਦੇ ਨੇ ਤਾਂ ਪੰਜਾਬੀਆਂ ਦੇ ਬੁੱਲ੍ਹਾਂ ’ਤੇ ਹਾਸਾ ਠਣਕਦੈ ਤੇ ਗਮੰਤਰੀਆਂ ਦੀਆਂ ਢੱਡ ਸਾਰੰਗੀਆਂ ਮੇਲੇ ਦੇ ਰੂਪ ਨੂੰ ਹੋਰ ਨਿਖਾਰਦੀਆਂ ਹਨ। ਕਿੱਸੇ ਹੀਰ ਰਾਂਝਾ, ਪੂਰਨ ਭਗਤ, ਇੰਦਰ ਬੇਗੋ, ਰਾਜਾ ਰਸਾਲੂ, ਸੁੱਚੇ ਸੂਰਮੇ ਜਿੱਥੇ ਜੋਸ਼ ਨਾਲ ਭਰ ਦਿੰਦੇ ਹਨ, ਉੱਥੇ ਨਵੀਂ ਪੀੜ੍ਹੀ ਨੂੰ ਆਪਣੇ ਅਲੋਪ ਹੋ ਰਹੇ ਕੀਮਤੀ ਵਿਰਸੇ ਅਤੇ ਸੱਭਿਆਚਾਰ ਨਾਲ ਵੀ ਜੋੜਦੇ ਹਨ। ਪੰਜ ਦਿਨ ਲੱਗਣ ਵਾਲੇ ਛਪਾਰ ਦੇ ਮੇਲੇ ਵਿੱਚ ਪੰਜਾਬ ਨੱਚਦਾ ਗਾਉਂਦਾ ਨਜ਼ਰ ਆਉਂਦੈ। ਇੱਥੇ ਅਸਮਾਨੀ ਪੀਂਘ ਦੇ ਸੱਤੇ ਰੰਗ ਉੱਘੜਦੇ ਨੇ, ਜਿੱਥੇ ਵੀਰਾਂ, ਯੋਧਿਆਂ ਦੀਆਂ ਵਾਰਾਂ ਗਾ ਕੇ ਨਮਨ ਕੀਤਾ ਜਾਂਦੈ, ਉੱਥੇ ਇਸ਼ਕ ਹਕੀਕੀ ਅਤੇ ਇਸ਼ਕ ਮਿਜ਼ਾਜੀ ਦੇ ਆਦਰਸ਼ਾਂ ਨੂੰ ਵੀ ਚੇਤਿਆਂ ਵਿੱਚ ਉਭਾਰਿਆ ਜਾਂਦਾ। ਮੇਲੇ ਤਾਂ ਜੱਗ ਜਿਉਂਦਿਆਂ ਦੇ ਹੀ ਹੁੰਦੇ ਨੇ। ਸ਼ਾਲਾ! ਇਹ ਖੁਸ਼ੀਆਂ ਚਿਰ ਸਦੀਵੀ ਰਹਿਣ:
ਮੇਲਿਆਂ ’ਚੋਂ ਮੇਲਾ, ਮੇਲਾ ਹੈ ਛਪਾਰ ਦਾ
ਰਾਂਝਿਆਂ ਤੇ ਹੀਰਾਂ ਨੂੰ, ਜੋ ’ਵਾਜ਼ਾਂ ਮਾਰਦਾ।
ਸੰਪਰਕ: 89684-33500

Advertisement

Advertisement
Author Image

joginder kumar

View all posts

Advertisement
Advertisement
×