For the best experience, open
https://m.punjabitribuneonline.com
on your mobile browser.
Advertisement

ਅੰਮੀ ਦਾ ਵਿਹੜਾ

06:49 AM Aug 14, 2024 IST
ਅੰਮੀ ਦਾ ਵਿਹੜਾ
Advertisement

ਰਣਜੀਤ ਲਹਿਰਾ

Advertisement

ਲਹਿਰਾਗਾਗਾ ਤੋਂ ਚੜ੍ਹਦੇ ਵੱਲ ਪੰਜ ਕੁ ਮੀਲ ਦੀ ਵਿੱਥ ’ਤੇ ਵਸਿਆ ਪਿੰਡ ਭੁਟਾਲ ਇਲਾਕੇ ਦੇ ਪੁਰਾਣੇ ਤੇ ਵੱਡੇ ਪਿੰਡਾਂ ਵਿੱਚੋਂ ਹੈ। ਸੰਤਾਲੀ ਵਾਲੇ ਹੱਲਿਆਂ ਤੋਂ ਪਹਿਲਾਂ ਭੁਟਾਲ ਕਲਾਂ ਵਿੱਚ ਚਾਰ ਕੁ ਘਰ ਮੁਸਲਮਾਨਾਂ ਦੇ ਵੱਸਦੇ ਸਨ। ਉਹ ਸ਼ਾਇਦ ਵਣਜਾਰੇ ਸਨ ਜਿਹੜੇ ਮੇਲਿਆਂ ਵਗੈਰਾ ਵਿੱਚ ਸਾਜ਼-ਸਾਮਾਨ ਵੇਚਦੇ ਹੁੰਦੇ ਸਨ। ਉਂਝ ਆਰਥਿਕ ਪੱਖੋਂ ਠੀਕ-ਠਾਕ ਸਨ। ਕਹਿਣ ਦਾ ਭਾਵ, ਇਹ ਪਰਿਵਾਰ ਰੰਗੀਂ ਵੱਸਦੇ ਸਨ। ਨਾ ਕਿਸੇ ਕਿਸਮ ਦਾ ਡਰ-ਭੈਅ ਤੇ ਨਾ ਕਿਸੇ ਕਿਸਮ ਦਾ ਵੈਰ-ਭਾਵ। ਉਨ੍ਹਾਂ ਪਰਿਵਾਰਾਂ ਦੇ ਮੁਖੀਆਂ ਵਿੱਚੋਂ ਦੋ ਨਾਮ ਗਫੂਰ ਖਾਨ ਤੇ ਜਮਾਲਾ ਯੋਗੀ ਸਨ।
ਹੱਲਿਆਂ ਵਾਲੇ ਸਾਲ ਤੋਂ ਪਹਿਲਾਂ ਇਨ੍ਹਾਂ ਪਰਿਵਾਰਾਂ ਦੀਆਂ ਦੋ ਲੜਕੀਆਂ ਸੁਨਾਮ ਵਿਆਹੀਆਂ ਹੋਈਆਂ ਸਨ। ਸੰਤਾਲੀ ਵਿੱਚ ਜਦੋਂ ਅੰਗਰੇਜ਼ੀ ਰਾਜ ਖਤਮ ਹੋਇਆ ਤਾਂ ਅੰਗਰੇਜ਼ਾਂ ਦੀ ‘ਪਾੜੋ ਤੇ ਰਾਜ ਕਰੋ’ ਵਾਲੀ ਨੀਤੀ ਸਦਕਾ ਵਧ-ਫੁੱਲ ਕੇ ਭਰ ਜੋਬਨ ’ਤੇ ਆਈ ਨਫ਼ਰਤਾਂ ਦੀ ਕੰਡਿਆਲੀ ਫ਼ਸਲ ਦੇ ਕੰਡਿਆਂ ਨੇ ਜ਼ਹਿਰੀ ਪੱਛ ਲਾਉਣੇ ਸ਼ੁਰੂ ਕਰ ਦਿੱਤੇ। ਭਾਰਤ ਦੀ ਫਿ਼ਜ਼ਾ ਵਿੱਚ ਆਜ਼ਾਦੀ ਦੇ ਤਰਾਨੇ ਗੂੰਜਣ ਦੀ ਥਾਂ ਹਰ ਪਾਸੇ ਕੂਕਾਂ-ਕੁਰਲਾਹਟਾਂ ਤੇ ਵੈਣ ਪੈਣ ਲੱਗੇ। ਇੱਕੋ ਮਾਂ ਜਾਏ ਇੱਕ-ਦੂਜੇ ਦੇ ਖੂਨ ਦੇ ਤਿਰਹਾਏ ਹੋ ਗਏ। ਹੱਲਾ-ਗੁੱਲਾ ਪੈ ਗਿਆ, ਦੰਗੇ ਸ਼ੁਰੂ ਹੋ ਗਏ ਅਤੇ ਪਿੰਡਾਂ ਵਿੱਚ ਵਹੀਰਾਂ ਹਮਲੇ ਕਰਨ ਲੱਗੀਆਂ।
ਐਨ ਉਸੇ ਸਮੇਂ ਭੁਟਾਲ ਦੇ ਮੁਸਲਿਮ ਪਰਿਵਾਰਾਂ ਦੀਆਂ ਸੁਨਾਮ ਵਿਆਹੀਆਂ ਲੜਕੀਆਂ ਦੇ ਸਹੁਰੇ ਪਰਿਵਾਰ ਵੱਢਾ-ਟੁੱਕੀ ਦਾ ਸ਼ਿਕਾਰ ਹੋ ਗਏ। ਪਰਿਵਾਰਾਂ ’ਤੇ ਹੋਏ ਹਮਲੇ ਵਿੱਚ ਇਤਫ਼ਾਕਨ ਦੋਵੇਂ ਭੈਣਾਂ ਤਾਂ ਲੁਕ-ਛੁਪ ਕੇ ਬਚ ਰਹੀਆਂ ਪਰ ਬਾਕੀ ਪਰਿਵਾਰ ਵਿੱਚੋਂ ਕੌਣ ਮਾਰਿਆ ਗਿਆ ਤੇ ਕਿਹੜਾ ਬਚ ਰਿਹਾ, ਇਹਦਾ ਉਨ੍ਹਾਂ ਨੂੰ ਕੋਈ ਪਤਾ ਨਾ ਲੱਗਾ। ਪਰਿਵਾਰ ਉੱਜੜ ਗਿਆ ਤੇ ਦੋਵੇਂ ਭੈਣਾਂ ਲਈ ਜਹਾਨ ਸੁੰਨਾ ਹੋ ਗਿਆ। ਉਨ੍ਹਾਂ ਦਾ ਕੋਈ ਥਹੁ-ਟਿਕਾਣਾ ਨਾ ਰਿਹਾ ਤੇ ਨਾ ਕੋਈ ਢਾਰਸ ਦੇਣ ਵਾਲਾ ਰਿਹਾ। ਹੁਣ ਜਾਣ ਤਾਂ ਕਿੱਧਰ ਜਾਣ। ਹੋਰ ਤਾਂ ਹੋਰ, ਉਨ੍ਹਾਂ ਨੂੰ ਤਾਂ ਆਪਣੇ ਪੇਕਿਆਂ ਦੇ ਪਿੰਡ ਦੇ ਰਾਹਾਂ ਦੀ ਵੀ ਕੋਈ ਪਛਾਣ ਨਹੀਂ ਸੀ। ਉਨ੍ਹਾਂ ਨੂੰ ਬਸ ਰੇਲ ਪਟੜੀ ਦਾ ਪਤਾ ਸੀ ਜਿਹੜੀ ਉਨ੍ਹਾਂ ਦੇ ਪੇਕੇ ਪਿੰਡ ਵੱਲ ਲਹਿਰੇ ਨੂੰ ਜਾਂਦੀ ਸੀ।
ਰਾਤ ਦੇ ਘੁੱਪ ਹਨੇਰੇ ਤੇ ਖ਼ੌਫ਼ਨਾਕ ਮੰਜ਼ਰ ਵਿੱਚ ਦੋਵੇਂ ਭੈਣਾਂ ਕਿਵੇਂ ਨਾ ਕਿਵੇਂ ਰੇਲ ਦੀ ਪਟੜੀ ਪੈ ਗਈਆਂ। ਹੋਰ ਕਰ ਵੀ ਕੀ ਸਕਦੀਆਂ ਸਨ। ਉਨ੍ਹਾਂ ਨੂੰ ਸਹਾਰੇ ਦੀ ਇੱਕੋ-ਇੱਕ ਉਮੀਦ ਦੀ ਕਿਰਨ ਬਾਬਲ ਦੇ ਵਿਹੜੇ ਵਿੱਚੋਂ ਦਿਖਾਈ ਦੇ ਰਹੀ ਸੀ। ਰਾਤੋ-ਰਾਤ ਤੁਰਦੀਆਂ ਉਹ ਲਹਿਰੇ ਪਹੁੰਚ ਗਈਆਂ ਤੇ ਉੱਥੋਂ ਦਿਨ ਚੜ੍ਹਦੇ ਨੂੰ ਆਪਣੇ ਪੇਕੇ ਪਿੰਡ ਭੁਟਾਲ ਕਲਾਂ ਜਾ ਪਹੁੰਚੀਆਂ। ਅੱਗੇ ਉਨ੍ਹਾਂ ਜਿਹੜਾ ਮੰਜ਼ਰ ਅੱਬਾ ਤੇ ਅੰਮੀ ਦੇ ਵਿਹੜੇ ਦਾ ਦੇਖਿਆ, ਉਹਨੇ ਉਨ੍ਹਾਂ ਦੇ ਹੰਝੂਆਂ ਦੇ ਖਾਰੇ ਪਾਣੀਆਂ ਨੂੰ ਵੀ ਖੁਸ਼ਕ ਕਰ ਦਿੱਤਾ। ਇੱਕ ਬਜ਼ੁਰਗ ਵੱਢਿਆ ਪਿਆ ਸੀ, ਬਾਕੀ ਜੀਆਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਘਰ ਇੰਝ ਲੱਗ ਰਹੇ ਸਨ ਜਿਵੇਂ ਮੁੱਦਤਾਂ ਤੋਂ ਉਨ੍ਹਾਂ ਵਿੱਚ ਕੋਈ ਰਹਿੰਦਾ ਨਾ ਹੋਵੇ।
ਰੋਂਦੀਆਂ ਪਿੱਟਦੀਆਂ ਦੋਹਾਂ ਭੈਣਾਂ ਦੇ ਕੰਨਾਂ ਵਿੱਚ ਕਿਸੇ ਭਲੇ ਪੁਰਸ਼ ਦੀ ਆਵਾਜ਼ ਪਈ ਜਿਸ ਨੇ ਬੋਚ ਕੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੇ ਪਰਿਵਾਰਾਂ ਦੇ ਜਿ਼ੰਦਾ ਬਚੇ ਜੀਆਂ ਨੂੰ ਕਾਜਲ ਪੱਤੀ ਦੇ ਜੰਗੀ ਕੇ ਲਾਣੇ ਦੇ ਸਾਧੂ ਸਿੰਘ ਨੇ ਆਪਣੇ ਘਰ ਲੁਕੋ ਰੱਖਿਆ ਹੈ, ਜੇ ਤੁਸੀਂ ਬਚਣਾ ਹੈ ਤਾਂ ਹੁਣ ਇੱਥੇ ਰੋਣ-ਪਿੱਟਣ ਦੀ ਥਾਂ ਉਨ੍ਹਾਂ ਦੇ ਘਰ ਚਲੀਆਂ ਜਾਓ। ਦੋਵੇਂ ਭੈਣਾਂ ਨੂੰ ਵਿੱਛੜੇ ਜੀਅ ਮਿਲ ਗਏ ਭਾਵੇਂ ਬਾਬਲ ਦਾ ਵਿਹੜਾ ਉੱਜੜ ਚੁੱਕਿਆ ਸੀ ਪਰ ਉਨ੍ਹਾਂ ਦੇ ਦੁੱਖਾਂ ਦਾ ਇੱਥੇ ਹੀ ਅੰਤ ਹੋਣ ਵਾਲਾ ਨਹੀਂ ਸੀ। ਕੁਝ ਦਿਨਾਂ ਬਾਅਦ ਕੁਝ ਲਠੈਤ ਸਾਧੂ ਸਿੰਘ ਦੇ ਦਰਾਂ ’ਤੇ ਆ ਧਮਕੇ ਕਿ ਦੋਵੇਂ ਕੁੜੀਆਂ ਉਨ੍ਹਾਂ ਦੇ ਹਵਾਲੇ ਕਰੋ। ਹੁਣ ਦੋਵੇਂ ਭੈਣਾਂ ਦਾ ਸੁਹੱਪਣ ਤੇ ਜਵਾਨੀ ਹੀ ਉਨ੍ਹਾਂ ਦੀ ਦੁਸ਼ਮਣ ਬਣ ਗਈ ਸੀ ਪਰ ਸਾਧੂ ਸਿੰਘ ਨਿਰsਾ ਸੰਤ ਨਹੀਂ ਸੀ, ਸਿਪਾਹੀ ਵੀ ਸੀ। ਉਹਨੇ ਦਰਾਂ ’ਤੇ ਆਏ ਬਦਮਾਸ਼ਾਂ ਦਾ ਮੁਕਾਬਲਾ ਕਰਨ ਲਈ ਆਪਣੇ ਭਰਾਵਾਂ ਨੂੰ ਹੋਕਰਾ ਮਾਰਿਆ ਅਤੇ ਬਦਮਾਸ਼ਾਂ ਨੂੰ ਲਲਕਾਰ ਕੇ ਕਹਿ ਦਿੱਤਾ ਕਿ ਤੁਸੀਂ ਲੜਕੀਆਂ ਨੂੰ ਹੱਥ ਸਾਡੀਆਂ ਲਾਸ਼ਾਂ ਉੱਤੋਂ ਦੀ ਲੰਘ ਕੇ ਲਾ ਸਕਦੇ ਹੋ, ਸਾਡੇ ਜਿਊਂਦੇ ਜੀ ਨਹੀਂ। ਸਿਰੇ ਦੀ ਇਹ ਗੱਲ ਸੁਣ ਕੇ ਬਦਮਾਸ਼ਾਂ ਦੇ ਪੈਰ ਭਾਰ ਝੱਲਣੋਂ ਜਵਾਬ ਦੇ ਗਏ ਤੇ ਉਨ੍ਹਾਂ ਉੱਥੋਂ ਖਿਸਕਣ ਵਿੱਚ ਹੀ ਭਲਾਈ ਸਮਝੀ। ਸਾਧੂ ਸਿੰਘ ਤੇ ਉਹਦੇ ਭਰਾ ਓਨੀ ਦੇਰ (ਕਰੀਬ ਮਹੀਨਾ ਡੇਢ ਮਹੀਨਾ) ਇਨ੍ਹਾਂ ਨਿਓਟਿਆਂ ਦੀ ਓਟ ਬਣੇ ਰਹੇ ਜਿੰਨੀ ਦੇਰ ਫ਼ੌਜ ਦੀਆਂ ਗੱਡੀਆਂ ਉਨ੍ਹਾਂ ਨੂੰ ਆਪਣੀ ਸੁਰੱਖਿਆ ਹੇਠ ਸ਼ਰਨਾਰਥੀ ਕੈਂਪ ਵਿੱਚ ਨਹੀਂ ਲੈ ਗਈਆਂ।
ਸਾਧੂ ਸਿੰਘ ਸਾਡੇ ਮਰਹੂਮ ਸਾਥੀ ਨਾਮਦੇਵ ਭੁਟਾਲ ਦੇ ਪਿਤਾ ਜੀ ਸਨ। ਇੱਕ ਵਾਰ ਇਸ ਵਾਕਿਆਤ ਦਾ ਜਿ਼ਕਰ ਕਰਦਿਆਂ ਉਹਨੇ ਦੱਸਿਆ ਸੀ ਕਿ ਬਾਈ ਬਲਦੇਵ ਨੂੰ ਇਸ ਦਾ ਵੱਧ ਪਤਾ ਹੈ। ਹੱਲਿਆਂ ਵੇਲੇ ਨੌਂ ਕੁ ਸਾਲ ਦੇ ਬਾਈ ਬਲਦੇਵ ਦੇ ਮੂੰਹੋਂ ਸੁਣੀ ਇਸ ਕਹਾਣੀ ਦੀ ਪੁਸ਼ਟੀ ਕੁਝ ਦਿਨ ਪਹਿਲਾਂ ਉਦੋਂ ਹੋਈ ਜਦੋਂ ਮੈਂ ਸਾਥੀ ਨਾਮਦੇਵ ਦੇ ਬਚਪਨ ਦੀਆਂ ਪੈੜਾਂ ਲੱਭਦਾ ਪਿੰਡ ਭੁਟਾਲ ਕਲਾਂ ਗਿਆ ਸੀ। ਪਿੰਡ ਦੇ ਕੁਝ ਬਜ਼ੁਰਗਾਂ ਨੇ ਦੱਸਿਆ ਕਿ ਇਸੇ ਪਿੰਡ ਵਿੱਚ ਕੁਝ ਅਜਿਹੇ ਬੰਦੇ ਵੀ ਸਨ ਜਿਨ੍ਹਾਂ ਨੇ ਖ਼ੌਫ਼ਜ਼ਦਾ ਮੁਸਲਿਮ ਪਰਿਵਾਰਾਂ ਦਾ ਗਹਿਣਾ-ਗੱਟਾ ਸਾਂਭ ਲਿਆ ਸੀ ਤੇ ਸਾਧੂ ਸਿੰਘ ਵਰਗੇ ਸਤਯੁਗੀ ਬੰਦੇ ਵੀ ਸਨ ਜਿਨ੍ਹਾਂ ਨਿਓਟਿਆਂ ਦੀ ਓਟ ਬਣ ਕੇ ਇਨਸਾਨੀਅਤ ਦਾ ਧਰਮ ਨਿਭਾਇਆ ਸੀ। ਉਸ ਦੌਰ ਬਾਰੇ ਲਹਿੰਦੇ ਪੰਜਾਬ ਦੀ ਸ਼ਾਇਰਾ ਬੁਸ਼ਰਾ ਨਾਜ਼ ਨੇ ਕਿੰਨਾ ਸੱਚ ਲਿਖਿਆ ਹੈ:
ਧੀਆਂ ਪੁੱਤਰ ਮਾਵਾਂ ਨਾਲੋਂ ਵਿੱਛੜੇ ਵੰਡ ਝਮੇਲੇ ਵਿੱਚ,
ਦਿਲ ਮਾਵਾਂ ਦਾ ਧਾਹਾਂ ਮਾਰੇ ਐਧਰ ਵੀ ਤੇ ਓਧਰ ਵੀ!
ਸੰਪਰਕ: 94175-88616

Advertisement

Advertisement
Author Image

joginder kumar

View all posts

Advertisement