ਅਮਿਤਾਭ ਨੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ
ਮੁੰਬਈ:
ਉੱਘੇ ਅਦਾਕਾਰ ਅਮਿਤਾਭ ਬੱਚਨ ਨੇ ਅੱਜ ਉਨ੍ਹਾਂ ਮਹਾਨ ਸ਼ਖ਼ਸੀਅਤਾਂ ਨੂੰ ਯਾਦ ਕੀਤਾ, ਜਿਨ੍ਹਾਂ ਨੂੰ ਦੇਸ਼ ਨੇ ਸਾਲ 2024 ਵਿੱਚ ਗੁਆ ਲਿਆ। ਦੇਸ਼ ਨੇ ਹਾਲ ਹੀ ਵਿੱਚ ਕਈ ਮਹਾਨ ਹਸਤੀਆਂ ਨੂੰ ਗੁਆ ਲਿਆ ਜਿਨ੍ਹਾਂ ਵਿੱਚ ਕਾਰੋਬਾਰੀ ਰਤਨ ਟਾਟਾ, ਤਬਲਾਵਾਦਕ ਜ਼ਾਕਿਰ ਹੁਸੈਨ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਉੱਘੇ ਫ਼ਿਲਮਸਾਜ਼ ਸ਼ਿਆਮ ਬੈਨੇਗਲ ਸ਼ਾਮਲ ਹਨ। ਇਨ੍ਹਾਂ ਨੇ ਨਿੱਜੀ ਤੌਰ ’ਤੇ ਆਪੋ-ਆਪਣੇ ਖੇਤਰ ਵਿੱਚ ਭਾਰਤ ਦੀ ਪ੍ਰਗਤੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਉਨ੍ਹਾ ਕਲਾਕਾਰ ਸਤੀਸ਼ ਆਚਾਰੀਆ ਵੱਲੋਂ ਬਣਾਏ ਇੱਕ ਕਾਰਟੂਨ ਵਜੋਂ ਭਾਵਪੂਰਨ ਸ਼ਰਧਾਂਜਲੀ ਭੇਟ ਕੀਤੀ ਅਤੇ ਪੋਸਟ ਵਿੱਚ ਲਿਖਿਆ, ‘‘ਤਸਵੀਰ ਸਭ ਕੁਝ ਕਹਿ ਦਿੰਦੀ ਹੈ।’’ ਇਸ ਕਲਾਕ੍ਰਿਤੀ ਵਿੱਚ ਸਵਰਗ ’ਚ ਚਾਰ ਹਸਤੀਆਂ ਦਿਖਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਹਰੇਕ ਆਪੋ-ਆਪਣੇ ਜਨੂੰਨ ਵਿੱਚ ਡੁੱਬਿਆ ਹੋਇਆ ਹੈ। ਜ਼ਾਕਿਰ ਹੁਸੈਨ ਤਬਲਾ ਵਜਾਉਂਦੇ, ਸ਼ਿਆਮ ਬੈਨੇਗਲ ਕੈਮਰੇ ਨਾਲ ਕੰਮ ਕਰਦੇ, ਰਤਨ ਟਾਟਾ ਕੁੱਤਿਆਂ ਨੂੰ ਖਾਣਾ ਖਵਾਉਂਦੇ ਅਤੇ ਡਾ. ਮਨਮੋਹਨ ਸਿੰਘ ਦੇਸ਼ ਦੀ ਭਲਾਈ ਲਈ ਕੰਮ ਕਰਦੇ ਦਿਖਾਈ ਦੇ ਰਹੇ ਹਨ। ਕੈਪਸ਼ਨ ਵਿੱਚ ਲਿਖਿਆ ਹੋਇਆ ਹੈ, ‘‘ਸਾਲ 2024 ਵਿੱਚ ਪਾਰਸੀ, ਮੁਸਲਮਾਨ, ਸਿੱਖ ਅਤੇ ਹਿੰਦੂ ਸਦੀਵੀ ਵਿਛੋੜਾ ਦੇ ਗਏ। ਪੂਰਾ ਦੇਸ਼ ਸੋਗ ਵਿੱਚ ਡੁੱਬ ਗਿਆ ਅਤੇ ਉਨ੍ਹਾਂ ਨੂੰ ਸਿਰਫ਼ ਭਾਰਤੀਆਂ ਵਜੋਂ ਯਾਦ ਕੀਤਾ ਜਾ ਰਿਹਾ ਹੈ।’’ -ਆਈਏਐੱਨਐੱਸ