ਅਮਿਤਾਭ ਨੇ ਦਿਲਚਸਪ ਕਿੱਸਾ ਸੁਣਾਇਆ
ਮੁੰਬਈ: ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਇਕ ਵਾਰ ਸਮਾਗਮ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਕਿ ਉਨ੍ਹਾਂ ਨੇ ਉਸ ਸਮਾਗਮ ਵਿੱਚ ਪੇਸ਼ਕਾਰੀ ਦੇਣੀ ਸੀ। ਇਹ ਕਿੱਸਾ ਅਦਾਕਾਰ ਨੇ ‘ਕੌਣ ਬਣੇਗਾ ਕਰੋੜਪਤੀ 16’ ਦੌਰਾਨ ਸਾਂਝਾ ਕੀਤਾ। ਇਸ ਦੌਰਾਨ ਅਮਿਤਾਭ ਨਾਲ ਹੌਟ ਸੀਟ ’ਤੇ ਗਾਇਕ ਗੁਰਦਾਸ ਮਾਨ ਅਤੇ ਸ਼ੰਕਰ ਮਹਾਦੇੇਵਨ ਬੈਠੇ ਸਨ। ਅਗਲੇ ਦਿਨਾਂ ਵਿੱਚ ਪ੍ਰਸਾਰਿਤ ਹੋਣ ਜਾਣ ਵਾਲੇ ਇਸ ਪ੍ਰੋਗਰਾਮ ਵਿੱਚ ਅਦਾਕਾਰ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇੱਕ ਵਾਰ ਪੁਲੀਸ ਨੇ ਇੱਕ ਸ਼ੋਅ ਵਿੱਚ ਜਾਣ ਤੋਂ ਰੋਕ ਦਿੱਤਾ ਸੀ। ‘ਸ਼ੋਲੇ’ ਦੇ ਅਦਾਕਾਰ ਨੇ ਦੱਸਿਆ ਕਿ 1980 ਦੇ ਆਸ-ਪਾਸ ਉਨ੍ਹਾਂ ਨੇ ਸਟੇਜ ਸ਼ੋਅ ਕਰਨੇ ਸ਼ੁਰੂ ਕੀਤੇ ਸਨ। ਉਨ੍ਹਾਂ ਦੇ ਸ਼ੋਅ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਸੀ। ਇਸ ਸ਼ੋਅ ਲਈ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਸੀ। ਸ਼ਿਕਾਗੋ ਵਿੱਚ ਹੋਣ ਵਾਲੇ ਸ਼ੋਅ ਦੌਰਾਨ ਪ੍ਰਬੰਧਕਾਂ ਨੇ ਕਿਹਾ ਕਿ ਉਹ ਸਿੱਧਾ ਸਟੇਜ ’ਤੇ ਆਉਣ ਦੀ ਥਾਂ ਦਰਸ਼ਕਾਂ ਵਿੱਚੋਂ ਦੀ ਹੋ ਕੇ ਸਟੇਜ ’ਤੇ ਪੁੱਜਣ। ਇਸ ਦੌਰਾਨ ਜਦੋਂ ਉਹ ਇੱਕ ਵਿਸ਼ੇਸ਼ ਦਰਵਾਜ਼ੇ ਰਾਹੀਂ ਸਟੇਜ ’ਤੇ ਜਾਣ ਲਈ ਆਏ ਤਾਂ ਉੱਥੇ ਮੌਜੂਦ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੰਦਰ ਜਾ ਕੇ ਸਟੇਜ ’ਤੇ ਪੇਸ਼ਕਾਰੀ ਦੇਣੀ ਹੈ ਪਰ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਸੀ। ਅਮਿਤਾਭ ਨੇ ਦੱਸਿਆ ਕਿ ਅਜਿਹਾ ਹੀ ਇੱਕ ਵਾਰ ਸ਼ਾਹਰੁਖ ਖਾਨ ਨਾਲ ਵੀ ਵਾਪਰਿਆ ਸੀ। ਉਨ੍ਹਾਂ ਨੂੰ ਵੀ ਦਿੱਲੀ ਵਿੱਚ ਹੋਏ ਸ਼ੋਅ ਦੌਰਾਨ ਅੰਦਰ ਜਾਣ ਤੋਂ ਮਨ੍ਹਾਂ ਕੀਤਾ ਗਿਆ ਸੀ। ਨਵੇਂ ਸਾਲ ’ਤੇ ਬਣਾਇਆ ਇਹ ਵਿਸ਼ੇਸ਼ ਪ੍ਰੋਗਰਾਮ ਮੰਗਲਵਾਰ ਨੂੰ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ’ਤੇ ਦਿਖਾਇਆ ਜਾਵੇਗਾ। -ਆਈਏਐੱਨਐੱਸ