ਅਮਿਤਾਭ ਨੇ ਜਯਾ ’ਤੇ ਛਤਰੀ ਤਾਣ ਕੇ ਕੀਤਾ ਪਿਆਰ ਦਾ ਇਜ਼ਹਾਰ
ਮੁੰਬਈ:
ਅਦਾਕਾਰ ਅਮਿਤਾਭ ਬੱਚਨ ਆਪਣੀ ਪਤਨੀ ਜਯਾ ਬੱਚਨ ਪ੍ਰਤੀ ਆਪਣਾ ਪਿਆਰ ਜਤਾਉਣ ਦਾ ਕੋਈ ਮੌਕਾ ਨਹੀਂ ਗੁਆਉਂਦੇ। ਅਦਾਕਾਰ ਨੇ ਹਾਲ ਹੀ ਵਿੱਚ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਅਦਾਕਾਰ ਤੋਂ ਸਿਆਸਤਦਾਨ ਬਣੀ ਜਯਾ ਬੱਚਨ ’ਤੇ ਛਤਰੀ ਤਾਣੀ ਹੋਈ ਹੈ ਅਤੇ ਦੋਵੇਂ ਸੈਰ ਕਰਦੇ ਦਿਖਾਈ ਦੇ ਰਹੇ ਹਨ। ਮੰਗਲਵਾਰ ਰਾਤ ਸਮੇਂ ਬਿੱਗ ਬੀ ਵੱਲੋਂ ਐਕਸ ’ਤੇ ਸਾਂਝੀ ਕੀਤੀ ਗਈ ਤਸਵੀਰ ਵਿੱਚ ਕੈਪਸ਼ਨ ਨਾਲ ਲਿਖਿਆ, ‘‘ਅਤੇ ਇਹ ਮੀਂਹ ਹਰ ਰੋਜ਼ ਆਉਂਦਾ ਹੈ... ਕੰਮ ਦੇ ਸੈੱਟ ’ਤੇ ਵੀ।’’ ਤਸਵੀਰ ਵਿੱਚ ਅਮਿਤਾਭ ਨੇ ਸਫ਼ੈਦ ਕੁੜਤਾ ਪਜਾਮਾ ਪਾਇਆ ਹੋਇਆ ਹੈ ਅਤੇ ਉਸ ਨੇ ਮੀਂਹ ਤੋਂ ਬਚਣ ਲਈ ਜਯਾ ’ਤੇ ਛਤਰੀ ਤਾਣੀ ਹੋਈ ਹੈ। ਜਯਾ ਦੇ ਹੱਥ ਵਿੱਚ ਲੱਡੂਆਂ ਦਾ ਕਟੋਰਾ ਫੜਿਆ ਦਿਖਾਈ ਦੇ ਰਿਹਾ ਹੈ। ਜਯਾ ਅਤੇ ਅਮਿਤਾਭ 3 ਜੂਨ, 1973 ਨੂੰ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਜੋੜੇ ਦੇ ਦੋ ਬੱਚੇ ਲੇਖਿਕਾ ਸ਼ਵੇਤਾ ਬੱਚਨ ਨੰਦਾ ਅਤੇ ਅਦਾਕਾਰ ਅਭਿਸ਼ੇਕ ਬੱਚਨ ਹਨ। ਆਪਣੇ ਬਲੌਗ ਵਿੱਚ ਅਮਿਤਾਭ ਨੇ ਫੋਟੋਆਂ ਦੀ ਇੱਕ ਸੀਰੀਜ਼ ਸਾਂਝੀ ਕਰਦਿਆਂ ਮੀਂਹ ਕਾਰਨ ਪ੍ਰਭਾਵਿਤ ਲੋਕਾਂ ਦੀ ਗੱਲ ਕੀਤੀ ਹੈ। ਅਦਾਕਾਰ ਨੇ ਲਿਖਿਆ, ‘‘ਅਤੇ ਮੀਂਹ ਹਰ ਰੋਜ਼ ਆਉਂਦਾ ਹੈ, ਕੰਮ ਦੇ ਸੈੱਟ ’ਤੇ ਵੀ, ਕਲਾਕਾਰ ਮੀਂਹ ਵਿੱਚ ਛਤਰੀ ਲੈ ਕੇ ਕੰਮ ਕਰਦੇ ਹਨ। ਗਰਮੀਆਂ ਮਗਰੋਂ ਪਏ ਮੀਂਹ ਨੂੰ ਕਈ ਮਾਣਦੇ ਹਨ ਅਤੇ ਇਹ ਖੇਤੀਬਾੜੀ ਲਈ ਵੀ ਚੰਗਾ ਹੈ। ਪਰ ਕਈ ਵਾਰ ਮੀਂਹ ਨਾਲ ਹੜ੍ਹ ਅਤੇ ਤਬਾਹੀ ਵੀ ਹੁੰਦੀ ਹੈ। ਜ਼ਮੀਨ ਖਿਸਕਣ ਕਾਰਨ ਕਈਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਹਰ ਸਾਲ ਇਹੀ ਵਾਪਰਦਾ ਹੈ। ਮੀਂਹ ਨੂੰ ਦਰਸਾਉਣਾ ਮੁਸ਼ਕਲ ਹੈ ਪਰ ਅਸੀਂ ਸਾਰਿਆਂ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕਰਦੇ ਹਾਂ।’’ -ਏਐੱਨਆਈ