ਸਕੂਲ ਸਮੇਂ ਕਲਾਸਾਂ ਛੱਡ ਕੇ ਭੱਜ ਜਾਂਦੇ ਸਨ ਅਮਿਤਾਭ ਬੱਚਨ
ਮੁੰਬਈ: ਬੌਲੀਵੁੱਡ ਦੇ ਮੈਗਾਸਟਾਰ ਫਿਲਮ ਦੀ ਸ਼ੂਟਿੰਗ ਦੌਰਾਨ ਸਮੇਂ ਦੇ ਬੜੇ ਪਾਬੰਦ ਹਨ। ਉਹ ਫਿਲਮ ਦੇ ਕਿਸੇ ਵੀ ਸੀਨ ਦੀ ਰਿਹਰਸਲ ਵੀ ਲਗਨ ਨਾਲ ਕਰਦੇ ਹਨ ਪਰ ਆਪਣੇ ਵਿਦਿਆਰਥੀ ਸਮੇਂ ਦੌਰਾਨ ਉਹ ਵੀ ਸਕੂਲ ’ਚ ਕਲਾਸਾਂ ਛੱਡ ਕੇ ਭੱਜ (ਬੰਕ) ਜਾਂਦੇ ਸਨ। ਕੁਇਜ਼ ਸ਼ੋਅ ‘ਕੌਣ ਬਣੇਗਾ ਕਰੋੜਪਤੀ’ ਦੌਰਾਨ ਅਦਾਕਾਰ ਨੇ ਖ਼ੁਲਾਸਾ ਕੀਤਾ ਹੈ ਕਿ ਉਹ ਵੀ ਆਪਣੇ ਸਕੂਲ ਸਮੇਂ ਦੌਰਾਨ ਬੰਕ ਮਾਰਦੇ ਰਹੇ ਹਨ। ਇਸ ਸ਼ੋਅ ਦੇ ‘ਇੰਡੀਆ ਚੈਂਲੇਜਰ ਵੀਕ’ ਦੌਰਾਨ ਨਵਾਂ ਮੋੜ ਆ ਗਿਆ ਹੈ। ਇਸ ਹਫ਼ਤੇ ਸ਼ੋਅ ਦੇ 10 ਪ੍ਰਤੀਭਾਗੀਆਂ ਵਿੱਚੋਂ ਦੋ ਜਣੇ ਫਾਸਟੈਸਟ ਫਿੰਗਰ ਫਸਟ (ਐੱਫਐੱਫਐੱਫ) ਤਹਿਤ ‘ਜਲਦੀ 5 ਬਜ਼ਰ ਰਾਊਂਡ’ ਵਿੱਚ ਹੌਟਸੀਟ ਲਈ ਮੁਕਾਬਲਾ ਕਰਨਗੇ। ਇਸ ਦੌਰਾਨ ਜੇਤੂ ਰਹਿਣ ਵਾਲਾ ਇਸ ਵਿੱਚ ਅੱਗੇ ਖੇਡੇਗਾ। ਇਸ ਸ਼ੋਅ ਦੌਰਾਨ ਪੰਜਾਬ ਦੇ ਜਸਪਾਲ ਸਿੰਘ ਨੇ ਆਪਣੇ ਗਿਆਨ ਨਾਲ ਦਰਸ਼ਕਾਂ ’ਤੇ ਡੂੰਘੀ ਛਾਪ ਛੱਡੀ ਹੈ। ਉਹ ਇੱਕ ਸਾਇੰਸ ਲੈਬ ਅਸਿਸਟੈਂਟ ਵਜੋਂ ਕੰਮ ਕਰਦਾ ਹੈ। ਇਸ ਦੌਰਾਨ ਅਮਿਤਾਭ ਨਾਲ ਗੱਲਬਾਤ ਕਰਦਿਆਂ ਉਸ ਨੇ ਕੁਝ ਫਿਲਮਾਂ ਜਿਵੇਂ ‘ਮੁਹੱਬਤੇਂ’ ਵਿੱਚ ਕੀਤੇ ਪ੍ਰਿੰਸੀਪਲ ਦੇ ਕੀਤੇ ਰੋਲ ਬਾਰੇ ਚਰਚਾ ਕੀਤੀ। ਇਸ ਦੌਰਾਨ ਉਸ ਨੇ ਅਦਾਕਾਰ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਅਸਲ ਵਿੱਚ ਪ੍ਰਿੰਸੀਪਲ ਹੁੰਦੇ ਤਾਂ ਵੀ ਫਿਲਮਾਂ ਵਿੱਚ ਦਿਖਾਏ ਕਿਰਦਾਰ ਵਾਂਗ ਹੀ ਸਖ਼ਤ ਹੋਣਾ ਸੀ। ਜਸਪਾਲ ਨੇ ਸਵਾਲ ਕੀਤਾ ਕਿ ਕਦੇ ਅਮਿਤਾਭ ਨੇ ਕਲਾਸਾਂ ਛੱਡੀਆਂ ਸਨ। ਇਸ ਦੇ ਜਵਾਬ ਵਿੱਚ ਅਦਾਕਾਰ ਨੇ ਕਿਹਾ ਕਿ ਉਹ ਪੜ੍ਹਾਈ ਵਿੱਚ ਬਹੁਤਾ ਚੰਗਾ ਨਹੀਂ ਸੀ। ਉਸ ਦੇ ਸਕੂਲ ਦਾ ਪ੍ਰਿੰਸੀਪਲ ਬਹੁਤ ਸਖ਼ਤ ਸੁਭਾਅ ਵਾਲਾ ਸੀ ਪਰ ਉਹ ਇਸ ਦੇ ਬਾਵਜੂਦ ਸਕੂਲ ’ਚ ਬੰਕ ਮਾਰਦੇ ਰਹੇ ਹਨ। -ਆਈਏਐੱਨਐੱਸ