ਅਮਿਤਾਭ ਬੱਚਨ 82 ਵਰ੍ਹਿਆਂ ਦੇ ਹੋਏ
ਮੁੰਬਈ: ਬੌਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅੱਜ 82 ਸਾਲ ਦੇ ਹੋ ਗਏ ਹਨ। ਇਸ ਮੌਕੇ ਫਿਲਮ ਇੰਡਸਟਰੀ ਦੀਆਂ ਉੱਘੀਆਂ ਹਸਤੀਆਂ ਨੇ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਬੌਲੀਵੁੱਡ ਦੇ ਅਦਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀਆਂ ਤਸਵੀਰਾਂ ਅਪਲੋਡ ਕਰ ਕੇ ਪਿਆਰ ਭਰੇ ਤੇ ਭਾਵੁਕ ਨੋਟ ਸਾਂਝੇ ਕੀਤੇ ਹਨ। ਕਾਜੋਲ ਨੇ ਇੰਸਟਾਗ੍ਰਾਮ ’ਤੇ ਪੋਸਟ ਪਾ ਕੇ ਹਮੇਸ਼ਾ ਉਸ ਨੂੰ ਅਤੇ ਹੋਰਾਂ ਨੂੰ ਪ੍ਰੇਰਿਤ ਕਰਨ ਲਈ ਅਮਿਤਾਭ ਬੱਚਨ ਦਾ ਧੰਨਵਾਦ ਕੀਤਾ। ਇਸ ਦੀ ਕੈਪਸ਼ਨ ਵਿੱਚ ਉਸ ਨੇ ਲਿਖਿਆ,‘ਜਨਮ ਦਿਨ ਮੁਬਾਰਕ, ਅਮਿਤ ਜੀ! ਤੁਸੀਂ ਆਪਣੀ ਬੇਮਿਸਾਲ ਪ੍ਰਤਿਭਾ, ਪਿਆਰ ਤੇ ਸਮਰਪਣ ਭਾਵਨਾ ਨਾਲ ਹਮੇਸ਼ਾ ਸਾਡੇ ਸਾਰਿਆਂ ਲਈ ਪ੍ਰੇਰਨਾ ਸਰੋਤ ਬਣੇ ਰਹੇ ਹੋ। ਅਸੀਂ ਤੁਹਾਡੀ ਚੰਗੀ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕਰਦੇ ਹਾਂ।’ ਜ਼ਿਕਰਯੋਗ ਹੈ ਕਿ ਕਾਜੋਲ ਨੇ 2001 ਵਿੱਚ ਰਿਲੀਜ਼ ਹੋਈ ਫਿਲਮ ‘ਕਭੀ ਖੁਸ਼ੀ ਕਭੀ ਗ਼ਮ’ ਵਿੱਚ ਬਿੱਗ ਬੀ ਨਾਲ ਕੰਮ ਕੀਤਾ ਸੀ। ਇਸ ਮੌਕੇ ਅਮਿਤਾਭ ਦੇ ਲੰਬੇ ਸਮੇਂ ਤੋਂ ਪ੍ਰਸ਼ੰਸਕ ਰਹੇ ਮਨੀਸ਼ ਪੌਲ ਨੇ ਵੀ ਅਮਿਤਾਭ ਬੱਚਨ ਨੂੰ ਜਨਮ ਦਿਨ ’ਤੇ ਖਾਸ ਸੰਦੇਸ਼ ਭੇਜਿਆ ਹੈ। ਇਸ ਤੋਂ ਇਲਾਵਾ ਹੋਰ ਅਦਾਕਾਰਾਂ ਨੇ ਵੀ ਬਿੱਗ ਬੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਹਨ। -ਏਐੱਨਆਈ