ਡਾਕਟਰੀ ਪਾਬੰਦੀਆਂ ਕਾਰਨ ‘ਕਾਮਿਕ-ਕਾਨ’ ਵਿੱਚ ਸ਼ਾਮਲ ਨਹੀਂ ਹੋ ਸਕੇ ਅਮਿਤਾਭ ਬੱਚਨ
ਮੁੰਬਈ: ਅਦਾਕਾਰ ਅਮਿਤਾਭ ਬੱਚਨ ਨੇ ਦੱਸਿਆ ਕਿ ਉਹ ਕੰਮ ਪ੍ਰਤੀ ਵਚਨਬੱਧਤਾ ਅਤੇ ਡਾਕਟਰੀ ਪਾਬੰਦੀਆਂ ਕਾਰਨ ਸਾਂ ਡਿਏਗੋ ਕਾਮਿਕ-ਕਾਨ (ਕਾਮਿਕ ਬੁੱਕ ਕਨਵੈਨਸ਼ਨ) ਵਿੱਚ ਆਪਣੀ ਆਉਣ ਵਾਲੀ ਫਿਲਮ ‘ਕਲਕੀ 2898-ਏਡੀ’ ਦੇ ਪੈਨਲ ਵਿੱਚ ਸ਼ਮੂਲੀਅਤ ਨਹੀਂ ਕਰ ਸਕੇ। ਸ਼ੁੱਕਰਵਾਰ ਨੂੰ ਅਮਰੀਕਾ ਵਿੱਚ ਹੋਈ ਕਨਵੈਨਸ਼ਨ ’ਚ ਅਦਾਕਾਰ ਪ੍ਰਭਾਸ, ਕਮਲ ਹਾਸਨ, ਨਿਰਦੇਸ਼ਕ ਨਾਗ ਅਸ਼ਵਨਿ ਅਤੇ ਨਿਰਮਾਤਾ ਸੀ. ਅਸ਼ਵਨੀ ਦੱਤ ਦੀ ਮੌਜੂਦਗੀ ਵਿੱਚ ਇਸ ਫਿਲਮ ਦੀ ਪਹਿਲੀ ਝਲਕ ਸਾਂਝੀ ਕੀਤੀ ਗਈ ਸੀ। ਇਸ ਫਿਲਮ ਦਾ ਪਹਿਲਾ ਨਾਮ ‘ਪ੍ਰਾਜੈਕਟ ਕੇ’ ਸੀ। ਕਾਮਿਕ-ਕਾਨ ਵਿੱਚ ਅਮਿਤਾਭ ਨੇ ਵੀਡੀਓ ਕਾਲ ਰਾਹੀਂ ਸ਼ਮੂਲੀਅਤ ਕੀਤੀ ਸੀ। ਹੁਣ ਉਨ੍ਹਾਂ ਆਪਣੇ ਬਲੌਗ ਰਾਹੀਂ ਸਮਾਗਮ ’ਚੋਂ ਆਪਣੀ ਗੈਰ-ਮੌਜੂਦਗੀ ਦਾ ਕਾਰਨ ਦੱਸਿਆ ਹੈ। 80 ਸਾਲਾ ਅਦਾਕਾਰ ਨੇ ਕਿਹਾ, ‘‘ਸਾਂ ਡਿਏਗੋ ਅਤੇ ਪ੍ਰਾਜੈਕਟ ਕੇ.। ਫਿਲਮ ਦੀ ਪਹਿਲੀ ਝਲਕ ਜਾਰੀ ਕਰਨ ਲਈ ਉਥੇ ਗਏ ਨਿਰਮਾਤਾਵਾਂ ਅਤੇ ਬਾਕੀ ਟੀਮ ਲਈ ਇਹ ਬਹੁਤ ਵੱਡਾ ਪਲ ਸੀ। ਨਾਗੀ ਸਰ ਨੇ ਮੈਨੂੰ ਨਾਲ ਆਉਣ ਲਈ ਕਾਫੀ ਕਿਹਾ ਪਰ ਕੰਮ ਅਤੇ ਡਾਕਟਰੀ ਪਾਬੰਦੀਆਂ ਕਾਰਨ ਮੈਂ ਨਹੀਂ ਜਾ ਸਕਿਆ। ਪਰ ਮੈਨੂੰ ਮੰਨਣਾ ਪਵੇਗਾ ਕਿ ਪਹਿਲੀ ਝਲਕ ਬਹੁਤ ਸ਼ਾਨਦਾਰ ਸੀ। ਸ਼ੈਲੀ, ਸੰਗੀਤ, ਫਰੇਮ... ਸਭ ਕੁਝ।’’ ਉਨ੍ਹਾਂ ਨੇ ਕਿਹਾ, ‘‘ਆਖਿਰਕਾਰ ਕੇ-ਕਲਕੀ ਦਾ ਖੁਲਾਸਾ ਹੋ ਗਿਆ। ਮਿਥਿਹਾਸਕ ਤੌਰ ’ਤੇ ਇਹ ਬਹੁਤ ਅਹਿਮ ਹੈ।’’ ਜ਼ਿਕਰਯੋਗ ਹੈ ਕਿ ਮਾਰਚ ਵਿੱਚ ਇਸ ਫਿਲਮ ਦੀ ਸ਼ੂਟਿੰਗ ਕਰਦਿਆਂ ਅਮਤਿਾਭ ਬੱਚਨ ਜ਼ਖ਼ਮੀ ਹੋ ਗਏ ਸਨ। ਇਸ ਵਿੱਚ ਦੀਪਿਕਾ ਪਾਦੂਕੋਨ ਅਤੇ ਦਿਸ਼ਾ ਪਟਾਨੀ ਨੇ ਵੀ ਅਹਿਮ ਕਿਰਦਾਰ ਅਦਾ ਕੀਤੇ ਹਨ। ‘ਸਾਂ ਡਿਏਗੋ ਕਾਮਿਕ-ਕਾਨ ਇੰਟਰਨੈਸ਼ਨਲ’ ਵਿੱਚ ਹਿੱਸਾ ਲੈਣ ਵਾਲੀ ਇਹ ਪਹਿਲੀ ਭਾਰਤੀ ਬਹੁ-ਭਾਸ਼ਾਈ ਫਿਲਮ ਹੈ।’’ -ਪੀਟੀਆਈ