ਅਮਿਤ ਸਿਹਾਗ ਨੇ 99 ਫ਼ੀਸਦੀ ਈਵੀਐੱਮ ਚਾਰਜਿੰਗ ’ਤੇ ਚੁੱਕੇ ਸੁਆਲ
ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 10 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣ ਦੇ ਨਤੀਜੀਆਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦਾ ‘ਚਾਰਜਿੰਗ ਵਿਵਾਦ’ ਸੂਬੇ ਦੀ ਸਿਆਸੀ ਅਤੇ ਸਮਾਜਿਕ ਫਿਜ਼ਾ ’ਚ ਗਰਮਾਇਆ ਹੋਇਆ ਹੈ। ਡੱਬਵਾਲੀ ਤੋਂ ਕਾਂਗਰਸ ਉਮੀਦਵਾਰ ਅਤੇ ਸਾਬਕਾ ਵਿਧਾਇਕ ਅਮਿਤ ਸਿਹਾਗ ਨੇ ਬਿਜਲਈ ਚੋਣ ਮਸ਼ੀਨਾਂ ਵਿੱਚ ਗੜਬੜੀ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਚੋਣ ਜਿੱਤੀ ਨਹੀਂ ਗਈ ਸਗੋਂ ਲੁੱਟੀ ਗਈ ਹੈ ਜਿਸ ਕਰ ਕੇ ਜਨਤਾ ਖੁਦ ਨੂੰ ਠੱਗਿਆ ਮਹਿਸੂਸ ਕਰ ਰਹੀ ਹੈ। ਡੱਬਵਾਲੀ ਤੋਂ ਸਿਰਫ਼ 610 ਵੋਟਾਂ ਦੇ ਫ਼ਰਕ ਨਾਲ ਹਾਰੇ ਅਮਿਤ ਸਿਹਾਗ ਨੇ ਵੋਟਾਂ ਦੀ ਗਿਣਤੀ ਸਮੇਂ ਕਈ ਮਸ਼ੀਨਾਂ ਦੀ ਬੈਟਰੀ ਚਾਰਜਿੰਗ 99 ਫ਼ੀਸਦੀ ਬਾਰੇ ਚੋਣ ਕਮਿਸ਼ਨ ਅਤੇ ਕਾਂਗਰਸ ਹਾਈ ਕਮਾਨ ਨੂੰ ਸ਼ਿਕਾਇਤ ਭੇਜੀ ਹੈ। ਜ਼ਿਕਰਯੋਗ ਹੈ ਕਿ ਹਾਰ ਨਾਲ ਮਾਯੂਸ ਕੌਮੀ ਪੱਧਰ ’ਤੇ ਲੀਡਰਸ਼ਿਪ ਦੇ ਵਫ਼ਦ ਵੱਲੋਂ ਵੀ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਜਾਂਚ ਦੀ ਮੰਗ ਕੀਤੀ ਜਾ ਚੁੱਕੀ ਹੈ। ਅਮਿਤ ਸਿਹਾਗ ਨੇ ਕਿਹਾ ਕਿ ਕਾਂਗਰਸ ਦੇ ਗਿਣਤੀ ਏਜੰਟਾਂ ਦੇ ਜ਼ਰੀਏ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਕਰੀਬ 25 ਤੋਂ ਵੱਧ ਮਸ਼ੀਨਾਂ ਵਿੱਚ ਬੈਟਰੀ ਦੀ ਚਾਰਜਿੰਗ 99 ਫ਼ੀਸਦੀ ਵਿਖਾਈ ਜਾ ਰਹੀ ਸੀ, ਜੋ ਕਿ ਸਪੱਸ਼ਟ ਤੌਰ ’ਤੇ ਖ਼ਦਸ਼ਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੇ ਦਿਨ ਤੋਂ ਲੈ ਕੇ ਗਿਣਤੀ ਤੱਕ ਚਾਰ ਦਿਨਾਂ ਵਿੱਚ ਸਿਰਫ਼ ਇੱਕ ਫ਼ੀਸਦੀ ਬੈਟਰੀ ਹੀ ਵਰਤੋਂ ਹੋਣਾ ਅਸੰਭਵ ਹੈ। ਉਨ੍ਹਾਂ ਕਿਹਾ ਕਿ ਕਿਸੇ ਇੱਕ ਖੇਤਰ ਵਿੱਚ ਵੋਟਾਂ ਦਾ ਕ੍ਰਮ ਇੱਕ ਤਰਫਾ ਵਿਖਾਇਆ ਗਿਆ, ਜੋ ਕਿ ਲੋਕ-ਭਾਵਨਾਵਾਂ ਦੇ ਉਲਟ ਹੈ ਅਤੇ ਬਿਜਲਈ ਵੋਟਿੰਗ ਮਸ਼ੀਨ (ਈਵੀਐਮ) ਦੀ ਬੈਟਰੀ 99 ਫ਼ੀਸਦੀ ਦਿਖਾਉਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਾਂ ਤਾਂ ਵੋਟਿੰਗ ਮਸ਼ੀਨ ਬਦਲੀ ਗਈ ਹੈ, ਜਾਂ ਫਿਰ ਮਸ਼ੀਨ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਨ ਸਭਾ ਚੋਣ ’ਚ ਭਾਜਪਾ, ਜਜਪਾ, ਇਨੈਲੋ ਤੇ ਆਪ ਨੇ ਇੱਕ ਲੁਕਵਾਂ ਗੱਠਜੋੜ ਕਰਕੇ ਕਥਿਤ ਹੱਥਕੰਡੇ ਅਪਣਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮਸ਼ੀਨਾਂ ਵਿੱਚ ਛੇੜਛਾੜ ਦੀਆਂ ਸੰਭਾਵਨਾ ਹਕੀਕਤ ਵਿੱਚ ਬਦਲਦੀ ਹੈ ਤਾਂ ਇਹ ਲੋਕਤੰਤਰ ਲਈ ਬਹੁਤ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਸ਼ਰਾਫਤ ਅਤੇ ਸਪੱਸ਼ਟ ਨੀਅਤ ਨਾਲ ਚੋਣ ਲੜੀ ਸੀ। ਉਹ ਇਸੇ ਸੋਚ ’ਤੇ ਚੱਲਦੇ ਹੋਏ ਭਵਿੱਖ ਵਿੱਚ ਵੀ ਡੱਬਵਾਲੀ ਦੀ ਬਿਹਤਰੀ ਲਈ ਕਾਰਜਸ਼ੀਲ ਰਹਿਣਗੇ।