ਅਮਿਤ ਸ਼ਾਹ ਦੇ ਪੁੱਤ ਜੈ ਸ਼ਾਹ ਨੇ ਵਿਸ਼ਵ ਕੱਪ ਕ੍ਰਿਕਟ ’ਚ ਗੁਜਰਾਤ ਦੀ ਅਹਿਮੀਅਤ ਨੂੰ ਯਕੀਨੀ ਬਣਾਇਆ: ਟੀਐੱਮਸੀ
ਨਵੀਂ ਦਿੱਲੀ, 28 ਜੂਨ
ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਸਾਕੇਤ ਗੋਖਲੇ ਨੇ ਦੋਸ਼ ਲਾਇਆ ਕਿ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਇਹ ਯਕੀਨੀ ਬਣਾਇਆ ਕਿ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਲਈ ਸਟੇਡੀਅਮ ਦੀ ਚੋਣ ਵਿੱਚ ਗੁਜਰਾਤ ਨੂੰ ਦੂਜੇ ਰਾਜਾਂ ਨਾਲੋਂ ਪਹਿਲ ਦਿੱਤੀ ਜਾਵੇ ਕਿਉਂਕਿ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਹਨ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਅਤੇ ਮੇਜ਼ਬਾਨ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਵਿਸ਼ਵ ਕੱਪ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਤੇ ਕੁਝ ਵਿਰੋਧੀ ਨੇਤਾਵਾਂ ਨੇ ਇਸ ਪ੍ਰੋਗਰਾਮ ‘ਚ ਸਿਆਸੀ ਦਖਲਅੰਦਾਜ਼ੀ ਹੋਣ ਦਾ ਦੋਸ਼ ਲਗਾਇਆ। ਉਨ੍ਹਾਂ ਅਹਿਮਦਾਬਾਦ ਨੂੰ ਵੱਡੇ ਮੈਚਾਂ ਦੀ ਮੇਜ਼ਬਾਨੀ ਦੇ ਅਧਿਕਾਰ ਦਿੱਤੇ ਜਾਣ ‘ਤੇ ਸਵਾਲ ਉਠਾਏ ਗਏ ਸਨ ਜਦੋਂ ਕਿ ਕਈ ਹੋਰ ਰਾਜਾਂ ਨੂੰ ਕੋਈ ਮੈਚ ਨਹੀਂ ਮਿਲਿਆ। ਟੀਐੱਮਸੀ ਦੇ ਬੁਲਾਰੇ ਸਾਕੇਤ ਗੋਖਲੇ ਨੇ ਟਵੀਟ ਕੀਤਾ, ‘ਨਰਿੰਦਰ ਮੋਦੀ ਸਟੇਡੀਅਮ ਵਿੱਚ ਆਈਪੀਐੱਲ 2023 ਦਾ ਉਦਘਾਟਨੀ ਮੈਚ, ਨਰਿੰਦਰ ਮੋਦੀ ਸਟੇਡੀਅਮ ਵਿੱਚ ਆਈਪੀਐੱਲ 2023 ਦਾ ਫਾਈਨਲ, ਨਰਿੰਦਰ ਮੋਦੀ ਸਟੇਡੀਅਮ ਵਿੱਚ ਕ੍ਰਿਕਟ ਵਿਸ਼ਵ ਕੱਪ 2023 ਦਾ ਉਦਘਾਟਨੀ ਮੈਚ, ਕ੍ਰਿਕਟ ਵਿਸ਼ਵ ਕੱਪ 2023 ਦਾ ਫਾਈਨਲ। ਵੀ ਨਰਿੰਦਰ ਮੋਦੀ ਸਟੇਡੀਅਮ ਵਿੱਚ।’