Amit Shah returns to Delhi ਅਮਿਤ ਸ਼ਾਹ ਨੇ ਮਹਾਰਾਸ਼ਟਰ ਵਿੱਚ ਰੈਲੀਆਂ ਰੱਦ ਕੀਤੀਆਂ
02:10 PM Nov 17, 2024 IST
Advertisement
ਨਵੀਂ ਦਿੱਲੀ, 17 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ਵਿੱਚ ਅਸਥਿਰ ਹਾਲਾਤ ਦੇ ਮੱਦੇਨਜ਼ਰ ਚੋਣਾਂ ਵਾਲੇ ਸੂਬੇ ਮਹਾਰਾਸ਼ਟਰ ਵਿੱਚ ਆਪਣੀਆਂ ਰੈਲੀਆਂ ਰੱਦ ਕਰ ਦਿੱਤੀਆਂ ਹਨ ਅਤੇ ਉਹ ਦਿੱਲੀ ਪਰਤ ਰਹੇ ਹਨ।
ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਇਸ ਉੱਤਰ-ਪੂਰਬੀ ਸੂਬੇ ਵਿੱਚ ਸਥਿਤੀ ਦੀ ਸਮੀਖਿਆ ਲਈ ਇਕ ਮੀਟਿੰਗ ਕਰ ਸਕਦੇ ਹਨ। ਮਨੀਪੁਰ ਵਿੱਚ ਭੜਕੀ ਭੀੜ ਨੇ ਇੰਫਾਲ ਵਾਦੀ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਸ਼ਨਿਚਰਵਾਰ ਰਾਤ ਨੂੰ ਭਾਜਪਾ ਦੇ ਤਿੰਨ ਹੋਰ ਵਿਧਾਇਕਾਂ ਅਤੇ ਕਾਂਗਰਸ ਦੇ ਇਕ ਵਿਧਾਇਕ ਦੇ ਘਰ ਵਿੱਚ ਅੱਗ ਲਗਾ ਦਿੱਤੀ। ਨਾਲ ਹੀ, ਸੁਰੱਖਿਆ ਬਲਾਂ ਨੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਦੇ ਜੱਦੀ ਘਰ ਵਿੱਚ ਦਾਖ਼ਲ ਹੋਣ ਦੀ ਪ੍ਰਦਰਸ਼ਨਕਾਰੀਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।
ਸੂਤਰਾਂ ਨੇ ਦੱਸਿਆ ਕਿ ਸ਼ਾਹ ਨੂੰ ਮਹਾਰਾਸ਼ਟਰ ਵਿੱਚ ਭਾਜਪਾ ਦੀ ਪ੍ਰਚਾਰ ਮੁਹਿੰਮ ਤਹਿਤ ਕੁਝ ਚੋਣ ਰੈਲੀਆਂ ਵਿੱਚ ਹਿੱਸਾ ਲੈਣਾ ਸੀ ਪਰ ਉਨ੍ਹਾਂ ਨੇ ਰੈਲੀਆਂ ਰੱਦ ਕਰ ਦਿੱਤੀਆਂ ਅਤੇ ਉਹ ਦਿੱਲੀ ਪਰਤ ਰਹੇ ਹਨ। ਉਨ੍ਹਾਂ ਦੀਆਂ ਰੈਲੀਆਂ ਰੱਦ ਕਰਨ ਪਿੱਛੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਸੂਤਰਾਂ ਨੇ ਦੱਸਿਆ ਕਿ ਇਹ ਮਨੀਪੁਰ ਵਿੱਚ ਅਸਥਿਰ ਹਾਲਾਤ ਕਰ ਕੇ ਹੋ ਸਕਦਾ ਹੈ।
ਸੂਤਰਾਂ ਨੇ ਕਿਹਾ ਕਿ ਗ੍ਰਹਿ ਮੰਤਰੀ ਮਨੀਪੁਰ ਵਿੱਚ ਸਥਿਤੀ ਦੀ ਸਥਿਤੀ ਦੀ ਸਮੀਖਿਆ ਲਈ ਦਿੱਲੀ ਵਿੱਚ ਸਿਖ਼ਰਲੇ ਅਧਿਕਾਰੀਆਂ ਨਾਲ ਮੀਟਿੰਗ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰੀ ਸੁਰੱਖਿਆ ਅਧਿਕਾਰੀਆਂ ਦੀ ਇਕ ਟੀਮ ਸਥਿਤੀ ਦਾ ਮੁਲਾਂਕਣ ਕਰਨ ਅਤੇ ਸਥਿਤੀ ਤੋਂ ਨਜਿੱਠਣ ਵਿੱਚ ਸੂਬਾ ਸਰਕਾਰ ਦੀ ਮਦਦ ਕਰਨ ਲਈ ਜਲਦੀ ਹੀ ਮਨੀਪੁਰ ਦਾ ਦੌਰਾ ਕਰ ਸਕਦੀ ਹੈ। -ਪੀਟੀਆਈ
Advertisement
Advertisement