For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਦੀ ਅਮੀਰਜ਼ਾਦੀ

11:45 AM Apr 03, 2024 IST
ਚੰਡੀਗੜ੍ਹ ਦੀ ਅਮੀਰਜ਼ਾਦੀ
Advertisement

ਅਵਤਾਰ ਐੱਸ. ਸੰਘਾ

ਇਹ ਪੰਜ ਕੁ ਸਾਲ ਪਹਿਲਾਂ ਦੀ ਗੱਲ ਏ। ਮੈਂ ਮੈਲਬੌਰਨ ਆਪਣੇ ਇੱਕ ਵਾਕਫ਼ ਨਿਰੰਜਨ ਬਰਾੜ ਦੇ ਘਰ ਬੈਠਾ ਸਾਂ। ਭਾਵੇਂ ਮੈਂ ਹੋਟਲ ਵਿੱਚ ਠਹਿਰਿਆ ਹੋਇਆ ਸਾਂ, ਪਰ ਬਰਾੜ ਨੇ ਮੈਨੂੰ ਕਿਹਾ ਸੀ ਕਿ ਮੈਂ ਇੱਕ ਰਾਤ ਉਸ ਕੋਲ ਜ਼ਰੂਰ ਠਹਿਰਾਂ। ਬਰਾੜ ਮੇਰਾ ਵਾਕਫ਼ ਪੱਤਰ ਵਿਹਾਰ ਰਾਹੀਂ ਹੋਇਆ ਸੀ। ਮੇਰਾ ਅਖ਼ਬਾਰ ਸੀ ਤੇ ਉਹ ਇਸ ਅਖ਼ਬਾਰ ਵਿੱਚ ਛਪਣ ਲਈ ਕਦੀ ਕਦੀ ਕੋਈ ਲੇਖ ਭੇਜ ਦਿੰਦਾ ਸੀ। ਮੈਂ ਇਹ ਲੇਖ ਛਾਪ ਦਿਆ ਕਰਦਾ ਸਾਂ। ਇੰਝ ਤਿੰਨ ਕੁ ਸਾਲ ਅਣਦੇਖੇ ਨੇੜਤਾ ਹੁੰਦੀ ਗਈ। ਜਦ ਮੈਂ ਕਿਹਾ ਕਿ ਮੈਂ ਤਿੰਨ-ਚਾਰ ਦਿਨ ਲਈ ਮੈਲਬੌਰਨ ਆ ਰਿਹਾ ਹਾਂ ਤਾਂ ਉਹ ਕਹਿਣ ਲੱਗਾ ਕਿ ਮੈਂ ਉਸ ਕੋਲ ਹੀ ਠਹਿਰਾਂ। ਮੈਂ ਉਸ ਕੋਲ ਇੱਕ ਰਾਤ ਲਈ ਠਹਿਰਨ ਦੀ ਹਾਮੀ ਭਰ ਦਿੱਤੀ। ਸ਼ਾਮ ਦਾ ਵੇਲਾ ਸੀ। ਤੁਸੀਂ ਪੰਜਾਬੀਆਂ ਦੀ ਆਦਤ ਜਾਣਦੇ ਹੀ ਹੋ। ਕੁਦਰਤੀ ਸੀ ਕਿ ਉਹ ਕੁਝ ਨਾ ਕੁਝ ਘੈਂਟ ਹੀ ਕਰੂਗਾ। ਇਸ ਦਾ ਮਤਲਬ ਸੀ ਕਿ ਦਾਰੂ ਸਿੱਕਾ ਚੱਲਣਾ ਹੀ ਚੱਲਣਾ ਸੀ।
‘‘ਕਿਵੇਂ ਰਿਹਾ, ਮੈਲਬੌਰਨ ਦਾ ਸਫ਼ਰ, ਵੀਰ ਜੀ?’’ ਬਰਾੜ ਮੈਨੂੰ ਪੁੱਛਣ ਲੱਗਾ।
‘‘ਮੈਂ ਇਸ ਸ਼ਹਿਰ ਵਿੱਚ ਪਹਿਲੀ ਵਾਰ ਆਇਆ ਹਾਂ। ਮੈਨੂੰ ਤਾਂ ਸਿਡਨੀ ਜਿਹਾ ਹੀ ਲੱਗ ਰਿਹਾ ਏ। ਸ਼ਾਇਦ ਸਿਡਨੀ ਤੋਂ ਕੁਝ ਵਧੀਆ ਹੋਵੇ। ਇੰਝ ਇਸ ਲਈ ਕਹਿ ਹੋ ਜਾਂਦਾ ਏ ਕਿਉਂਕਿ ਇਹ ਸ਼ਹਿਰ ਦੋ ਕੁ ਵਾਰ ਦੁਨੀਆ ਦਾ ਸਭ ਤੋਂ ਵੱਧ ਰਹਿਣ ਯੋਗ ਸ਼ਹਿਰ ਐਲਾਨਿਆ ਜਾ ਚੁੱਕਾ ਏ। ਨਾਲੇ ਆਸਟਰੇਲੀਆ ਕੋਲ ਸਿਰਫ਼ ਚਾਰ-ਪੰਜ ਤਾਂ ਵੱਡੇ ਸ਼ਹਿਰ ਹਨ। ਮੈਲਬੌਰਨ, ਸਿਡਨੀ, ਬ੍ਰਿਸਬੇਨ, ਐਡੀਲੇਡ, ਪਰਥ, ਹੋਬਰਟ ਆਦਿ। ਸ਼ਾਇਦ ਡਾਰਵਿਨ ਵੀ ਚੰਗਾ ਹੋਵੇ।’’
‘‘ਸਾਡੇ ਇੱਥੇ ਕਿਸੇ ਖ਼ਾਸ ਕੰਮ ਆਏ ਹੋ? ਕੀ ਅਖ਼ਬਾਰ ਦੀ ਬ੍ਰਾਂਚ ਤੇ ਨਹੀਂ ਖੋਲ੍ਹਣੀ ਚਾਹੁੰਦੇ?’’
‘‘ਵੀਰ ਜੀ, ਅਖ਼ਬਾਰ ਤਾਂ ਸਿਡਨੀ ਵਿੱਚ ਹੀ ਮਸਾ ਚੱਲਦੀ ਏ। ਪੰਜਾਬੀ ਦੀਆਂ ਅਖ਼ਬਾਰਾਂ ਦਾ ਭਵਿੱਖ ਕੋਈ ਬਹੁਤਾ ਵਧੀਆ ਨਹੀਂ। ਇਹ ਚੱਲ ਚੱਲ ਕੇ ਅਸਫਲ ਹੁੰਦੀਆਂ ਆਈਆਂ ਹਨ। ਅਖ਼ਬਾਰ ਤਾਂ ਮੈਂ ਇੱਕ ਸ਼ੁਗਲ ਅਤੇ ਸ਼ੌਂਕ ਦੇ ਤੌਰ ’ਤੇ ਚਲਾ ਰਿਹਾ ਹਾਂ। ਇਹ ਮੈਨੂੰ ਨਵਾਂ ਲਿਖਣ ਵੱਲ ਪ੍ਰੇਰਿਤ ਵੀ ਕਰਦੀ ਰਹਿੰਦੀ ਏ। ਮੇਰਾ ਤੋਰੀ ਫੁਲਕਾ ਤਾਂ ਹੋਰ ਕੰਮ ਤੋਂ ਚੱਲਦਾ ਏ।’’
‘‘ਉਹ ਕੀ ਕੰਮ ਏ?’’
‘‘ਮੈਂ ਇੱਕ ਪ੍ਰਿੰਟਿੰਗ ਪ੍ਰੈੱਸ ਵਿੱਚ ਕੰਮ ਕਰਦਾ ਹਾਂ। ਕੰਪਿਊਟਰ ਦੀ ਮੁਹਾਰਤ ਹਾਸਲ ਕਰਨ ਤੋਂ ਬਾਅਦ ਗੋਰਿਆਂ ਨੇ ਮੈਨੂੰ ਪ੍ਰੈੱਸ ਵਿੱਚ ਪ੍ਰੀ-ਪ੍ਰੈੱਸ ਦੀ ਬਰਾਂਚ ਵਿੱਚ ਦਫ਼ਤਰੀ ਕੰਮ ਦਿੱਤਾ ਹੋਇਆ ਏ। ਗੁਜ਼ਾਰਾ ਉੱਧਰੋਂ ਹੋ ਜਾਂਦਾ ਏ ਤੇ ਸ਼ੌਂਕ ਅਖ਼ਬਾਰ ਚਲਾਉਣ ਨਾਲ ਪੂਰਾ ਹੋ ਜਾਂਦਾ ਏ।’’
‘‘ਕਿਹੜੇ ਹੋਟਲ ਵਿੱਚ ਠਹਿਰੇ ਹੋਏ ਹੋ?’’
‘‘ਮੈਂ ਡੋਰ ਸੈੱਟ ਮੈਲਬੌਰਨ ਵਿੱਚ ਠਹਿਰਿਆ ਹੋਇਆ ਹਾਂ।’’
‘‘ਸੱਚੀਂ? ਇਸ ਹੋਟਲ ਨੇ ਤਾਂ ਮੈਨੂੰ ਸਾਡਾ ਅਤੀਤ ਯਾਦ ਕਰਾ ਦਿੱਤਾ।’’ ਬਰਾੜ ਥੋੜ੍ਹਾ ਸ਼ਰਾਬੀ ਹੋ ਗਿਆ ਸੀ। ਬੋਲਣ ਵਿੱਚ ਉਹ ਬੜਾ ਬੇਬਾਕ ਸੀ। ਆਪਣੀਆਂ ਹੱਡ ਬੀਤੀਆਂ ਸੁਣਾ ਕੇ ਬਹੁਤੀ ਬੇਇੱਜ਼ਤੀ ਮਹਿਸੂਸ ਨਹੀਂ ਸੀ ਕਰਦਾ।
‘‘ਕੀ ਗੱਲ ਵੀਰ ਜੀ। ਬੜੇ ਉਤਸੁਕ ਹੋ?’’
‘‘ਲਓ, ਸੁਣੋ ਫਿਰ ਮੇਰੀ ਕਹਾਣੀ। ਔਹ ਮੇਰੀ ਘਰਵਾਲੀ ਕਿਰਨਦੀਪ ਏ। ਇਹ ਮੋਗੇ ਨੇੜੇ ਕਹਿੰਦੇ ਕਹਾਉਂਦੇ ਲੈਂਡ ਲਾਰਡਾਂ ਦੀ ਬੇਟੀ ਏ। ਇਸ ਦੇ ਨਾਨੇ ਨੇ ਚੰਡੀਗੜ੍ਹ ਦੇ 23 ਸੈਕਟਰ ਵਿੱਚ 1976 ਵਿੱਚ ਦੋ ਕੋਠੀਆਂ ਖ਼ਰੀਦੀਆਂ ਸਨ। ਨਾਨਾ ਤਾਂ ਪੰਜ ਕੁ ਸਾਲ ਬਾਅਦ ਪੂਰਾ ਹੋ ਗਿਆ ਸੀ। ਇਹ ਕੋਠੀਆਂ ਇਹਦੇ ਦੋਵੇਂ ਮਾਮਿਆਂ ਨੂੰ ਮਿਲ ਗਈਆਂ। ਮਾਮੇ ਚੰਗੀਆਂ ਨੌਕਰੀਆਂ ’ਤੇ ਵੀ ਸਨ। ਕਿਰਨਦੀਪ ਹੋਰਾਂ ਦੀ ਆਪਣੀ ਕੋਠੀ 18 ਸੈਕਟਰ ਵਿੱਚ ਏ। ਉਹ ਅੱਜਕੱਲ੍ਹ ਕਿਰਾਏ ’ਤੇ ਏ ਕਿਉਂਕਿ ਇਹਦੇ ਮਾਪੇ ਪੂਰੇ ਹੋ ਗਏ ਸਨ ਤੇ ਭਰਾ ਕੈਲੀਫੋਰਨੀਆ ਰਹਿੰਦਾ ਏ। ਮੈਂ ਵਿਆਹ ਲਈ ਅਖ਼ਬਾਰ ਵਿੱਚ ਆਪਣਾ ਇਸ਼ਤਿਹਾਰ ਦਿੱਤਾ ਸੀ। ਮੈਂ ਪੰਜ ਕੁ ਸਾਲ ਮੈਲਬੌਰਨ ਰਹਿ ਕੇ ਪੰਜਾਬ ਗਿਆ ਸਾਂ। ਇਨ੍ਹਾਂ ਨੇ ਇਸ਼ਤਿਹਾਰ ਦੇਖ ਕੇ ਮੇਰੇ ਨਾਲ ਰਾਬਤਾ ਕਾਇਮ ਕੀਤਾ। ਦੋਹਾਂ ਪਾਸਿਆਂ ਨੂੰ ਰਿਸ਼ਤਾ ਠੀਕ ਮਹਿਸੂਸ ਹੋਇਆ। ਮਹੀਨੇ ਕੁ ਵਿੱਚ ਹੀ ਸ਼ਾਦੀ ਹੋ ਗਈ। ਕਿਰਨ ਚੰਡੀਗੜ੍ਹ ਯੂਨੀਵਰਸਿਟੀ ਤੋਂ ਐੱਮ. ਏ. ਪਬਲਿਕ ਐਡਮਨਿਸਟ੍ਰੇਸ਼ਨ ਏ। ਮੈਂ ਵੀ ਉਸੇ ਯੂਨੀਵਰਸਿਟੀ ਤੋਂ ਐੱਮ. ਏ. ਅਰਥ ਸ਼ਾਸਤਰ ਹਾਂ। ਛੇ ਕੁ ਮਹੀਨੇ ਵਿੱਚ ਕਿਰਨ ਇੱਧਰ ਮੇਰੇ ਕੋਲ ਆ ਗਈ। ਕੁਝ ਮਹੀਨੇ ਨੌਕਰੀ ਤੋਂ ਬਗੈਰ ਬਿਤਾਏ। ਕੁਝ ਔਖੇ ਔਖੇ ਮਹਿਸੂਸ ਕਰਨ ਲੱਗੇ। ਤੈਨੂੰ ਪਤਾ, ਸ਼ਹਿਰਾਂ ਵਿੱਚ ਤਾਂ ਪੈਸੇ ਬਿਨਾਂ ਬੰਦੇ ਨੂੰ ਕਬਰ ਵੀ ਨਸੀਬ ਨਹੀਂ ਹੁੰਦੀ। ਮਨ ਬਣਿਆ ਕਿਰਨ ਵੀ ਨੌਕਰੀ ਕਰੇ। ਕਿਰਨ ਕੋਲ ਨਾ ਅਜੇ ਵਧੀਆ ਕੰਪਿਊਟਰ ਸਕਿਲ ਸੀ ਤੇ ਨਾ ਹੀ ਅੰਗਰੇਜ਼ੀ ਦੀ ਬੋਲ ਚਾਲ ਕਲਾ। ਜਿੱਥੇ ਅਰਜ਼ੀ ਭੇਜੇ ਅਸਫਲ ਹੋਈ ਜਾਵੇ। ਫਿਰ ਕਿਸੇ ਨੇ ਕਿਹਾ ਕਿ ਕਿਸੇ ਪੰਜ ਤਾਰਾ ਹੋਟਲ ਵਿੱਚ ਹਾਊਸ ਕੀਪਿੰਗ ਦੀ ਨੌਕਰੀ ਲਈ ਅਰਜ਼ੀ ਪਾਈਏ। ਅਸੀਂ ਅਰਜ਼ੀ ਪਾ ਦਿੱਤੀ। ਇਹਨੇ ਇੰਟਰਵਿਊ ਦਿੱਤੀ ਤੇ ਇਹ ਪਾਸ ਕਰ ਗਈ।’’
‘‘ਫਿਰ ਤਾਂ ਗੁਜ਼ਾਰਾ ਸੋਹਣਾ ਹੋ ਗਿਆ ਹੋਊ?’’
‘‘ਵੀਰ, ਗੁਜ਼ਾਰਾ ਤਾਂ ਸੋਹਣਾ ਸੌਖਾ ਹੋ ਗਿਐ। ਘਰ ਖ਼ਰੀਦਣ ਲਈ ਵੀ ਦੋ ਤਨਖਾਹਾਂ ਹੋ ਗਈਆਂ ਪਰ ਕਿਰਨ ਦਾ ਕੰਮ ਬੜਾ ਔਖਾ ਤੇ ਨੀਵੇਂ ਦਰਜੇ ਦਾ ਸੀ।’’
‘‘ਹਾਊਸ ਕੀਪਿੰਗ ਕੀ ਹੁੰਦਾ ਏ?’’
‘‘ਹੋਟਲਾਂ ਵਿੱਚ ਕੰਮਾਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਹਾਊਸ ਕੀਪਿੰਗ ਬਰਾਂਚ ਦਾ ਕੰਮ ਕਮਰਿਆਂ ਨੂੰ ਅੰਦਰੋਂ ਠੀਕ ਕਰਨਾ ਹੁੰਦਾ ਏ। ਇੱਕ ਹਾਊਸ ਕੀਪਰ ਹਰ ਰੋਜ਼ 12 ਕਮਰੇ ਠੀਕ ਕਰਦਾ/ਕਰਦੀ ਏ। ਕਮਰੇ ਵਿੱਚੋਂ ਪੁਰਾਣੇ ਬਿਸਤਰੇ ਕੱਢ ਕੇ ਨਵੇਂ ਬਿਸਤਰੇ ਵਿਛਾਉਣੇ ਹੁੰਦੇ ਹਨ। ਕਮਰੇ ਦੀ ਸਫ਼ਾਈ ਕਰਨੀ ਹੁੰਦੀ ਏ। ਟਾਵਲ ਧੋਣ ਲਈ ਸੁੱਟਣੇ ਹੁੰਦੇ ਹਨ, ਚਾਦਰਾਂ ਧੋਣ ਲਈ ਦੇਣੀਆਂ ਹੁੰਦੀਆਂ ਹਨ, ਫਰਸ਼ ਵੈਕਿਊਮ ਕਰਨਾ ਹੁੰਦਾ ਏ, ਬਾਥਰੂਮ ਚੈੱਕ ਕਰਨੇ ਹੁੰਦੇ ਹਨ ਤੇ ਸਾਫ਼ ਕਰਨੇ ਹੁੰਦੇ ਹਨ ਵਗੈਰਾ ਵਗੈਰਾ।’’
‘‘ਕੀ ਇਹ ਕੰਮ ਮਾੜਾ ਸੀ?’’
‘‘ਵੀਰ, ਇਸ ਕੰਮ ਲਈ ਤਾਂ ਪੰਜਾਬ ਵਿੱਚ ਵੱਡੇ ਘਰਾਣਿਆਂ ਨੇ ਦੋ-ਤਿੰਨ ਨੌਕਰਾਣੀਆਂ ਰੱਖੀਆਂ ਹੁੰਦੀਆਂ ਹਨ। ਉਨ੍ਹਾਂ ਦੀ ਹਾਲਤ ਦੀ ਕਲਪਨਾ ਕਰ ਸਕਦੇ ਹੋ। ਉਹ ਮੰਗ ਮੰਗ ਕੇ ਗੁਜ਼ਾਰਾ ਕਰਦੀਆਂ ਹਨ। ਕਈ ਅਮੀਰਜ਼ਾਦੇ ਉਨ੍ਹਾਂ ਨੂੰ ਅਧੋਰਾਣੇ ਕੱਪੜੇ ਦੇ ਦਿੰਦੇ ਹਨ। ਉਹ ਰੋਟੀ ਵੀ ਆਪਣੇ ਜਜ਼ਮਾਨਾਂ ਦੇ ਘਰੋਂ ਹੀ ਲੈ ਕੇ ਜਾਂਦੀਆਂ ਹਨ। ਮੇਰੀ ਘਰਵਾਲੀ ਨੂੰ ਸ਼ਰਮ ਤਾਂ ਆਵੇ ਪਰ ਹੋਰ ਕੋਈ ਚਾਰਾ ਵੀ ਨਹੀਂ ਸੀ। ਰੋਜ਼ 12 ਕਮਰੇ ਕਰਕੇ ਪੂਰੀ ਤਰ੍ਹਾਂ ਥੱਕ ਜਾਇਆ ਕਰਦੀ ਸੀ। ਕਾਰ ਅਜੇ ਚਲਾਉਣੀ ਸਿੱਖੀ ਨਹੀਂ ਸੀ। 40 ਕਿਲੋਮੀਟਰ ਜਾਣ ਤੇ 40 ਹੀ ਵਾਪਸ ਆਉਣ ਦਾ ਸਫ਼ਰ ਵੀ ਰੇਲ ’ਤੇ ਹੀ ਕਰਨਾ ਹੁੰਦਾ ਸੀ। ਕਿਰਨ ਦੀ ਤਾਂ ਛੇ ਮਹੀਨੇ ਵਿੱਚ ਭੜੀਂ ਬੋਲ ਗਈ। ਕਦੀ ਕਦੀ ਮੇਰੇ ਨਾਲ ਆਪਣਾ ਦੁੱਖ ਰੋਇਆ ਕਰੇ ਪਰ ਜਦੋਂ ਦੋ ਹਫ਼ਤਿਆਂ ਬਾਅਦ 2000 ਡਾਲਰ ਖਾਤੇ ਵਿੱਚ ਆ ਜਾਇਆ ਕਰੇ, ਫਿਰ ਚੁੱਪ ਕਰ ਜਾਇਆ ਕਰੇ।’’
‘‘ਕੀ ਹੁਣ ਵੀ ਭਾਬੀ ਉਹੀ ਕੰਮ ਕਰਦੇ ਨੇ?’’
‘‘ਨਹੀਂ ਯਾਰ! ਮੈਂ ਤੈਨੂੰ ਦੱਸਦਾ ਅੱਗੇ ਕੀ ਹੋਇਆ ਸੀ?’’
‘‘ਕੀ ਹੋ ਗਿਆ ਸੀ?’’
‘‘ਇੱਕ ਦਿਨ ਇਹ ਘਰ ਪਹੁੰਚੀ ਤਾਂ ਭੈਅ ਭੀਤ ਜਿਹੀ ਹੋਈ ਲੱਗਦੀ ਸੀ। ਮੈਂ ਪੁੱਛਿਆ ਕੀ ਗੱਲ ਹੋ ਗਈ?’’
‘‘ਅੱਜ ਮੇਰੇ ਨਾਲ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਮੈਨੂੰ ਪਹਿਲੀ ਵਾਰੀ ਹੀਣ ਭਾਵਨਾ ਮਹਿਸੂਸ ਹੋਈ। ਮੈਂ ਪੁੱਛਿਆ ਦੱਸ ਤਾਂ ਸਹੀ ਕੀ ਹੋਇਆ? ਕਹਿੰਦੀ, ਜਦ ਮੈਂ ਹੋਟਲ ਵਿੱਚ ਇੱਕ ਕਮਰਾ ਖੋਲ੍ਹਿਆ ਤਾਂ ਉਸ ਕਮਰੇ ਵਿੱਚ ਰਹਿਣ ਵਾਲੇ ਬੰਦੇ ਨੇ ਆਪਣਾ ਨਾਮ ਬਖ਼ਸ਼ਿੰਦਰ ਸੰਧੂ ਲਿਖਿਆ ਹੋਇਆ ਸੀ। ਉਹ ਆਪ ਕਮਰੇ ਤੋਂ ਬਾਹਰ ਕਿਤੇ ਗਿਆ ਹੋਇਆ ਸੀ। ਕਿਸੇ ਫਰਮ ਨੇ ਉਸ ਨੂੰ ਭਾਰਤ ਤੋਂ ਮੈਲਬੌਰਨ ਕਿਸੇ ਦਫ਼ਤਰੀ ਕੰਮ ਲਈ ਭੇਜਿਆ ਸੀ। ਉਹ ਉਸ ਫਾਰਮ ਲਈ ਹੀ ਇੱਥੇ ਆਇਆ ਸੀ। ਉਸ ਦਾ ਰੁਕਣਾ ਪੰਜ ਕੁ ਦਿਨਾਂ ਦਾ ਸੀ। ਉਹ ਦਰਵਾਜ਼ੇ ਮੂਹਰੇ ਤਖ਼ਤੀ ਲਗਾ ਕੇ ਕਿਧਰੇ ਬਾਜ਼ਾਰ ਗਿਆ ਸੀ। ਕਹਿੰਦੀ, ਮੈਂ ਅਜੇ ਬਾਕੀ ਕਮਰੇ ਤਿਆਰ ਕਰ ਹੀ ਰਹੀ ਸੀ ਕਿ ਉਹ ਸਰਦਾਰ ਆ ਗਿਆ। ਕਹਿੰਦੀ, ਮੈਂ ਦੂਰੋਂ ਉਸ ਨੂੰ ਆਪਣੇ ਕਮਰੇ ਅੰਦਰ ਵੜਦਾ ਦੇਖਿਆ। ਕਿਰਨ ਆਪਣਾ ਮੂੰਹ ਛੁਪਾਉਂਦੀ ਹੋਈ ਆਖਰੀ ਕਮਰਾ ਸਾਫ਼ ਕਰਕੇ ਥੱਲੇ ਉਤਰ ਆਈ ਤੇ ਘਰ ਨੂੰ ਆ ਗਈ।’’
‘‘ਫਿਰ ਘਰ ਆ ਕੇ...?’’
‘‘ਕਿਰਨ ਕਹਿੰਦੀ...ਮੈਂ 4 ਦਿਨਾਂ ਦੀ ਛੁੱਟੀ ਲੈ ਰਹੀ ਹਾਂ। ਬਿਮਾਰ ਕਹਿ ਕੇ ਉਹਨੇ 4 ਦਿਨ ਦੀ ਛੁੱਟੀ ਲੈ ਲਈ।’’
‘‘ਮੈਂ ਪੁੱਛਿਆ, ਤੂੰ ਇੰਨੀ ਘਬਰਾਈ ਹੋਈ ਕਿਉਂ ਏਂ। ਉਹ ਸੰਧੂ ਕੌਣ ਏ?’’
‘‘ਕਹਿੰਦੀ, ਜਦ ਮੇਰੇ ਵਾਸਤੇ ਰਿਸ਼ਤੇ ਲੱਭੇ ਜਾ ਰਹੇ ਸਨ। ਉਦੋਂ ਇਹ ਸੰਧੂ ਵੀ ਕਿਸੇ ਦੀ ਦੱਸ ਪੁੱਛ ’ਤੇ ਮੈਨੂੰ ਦੇਖਣ ਮਾਮਾ ਜੀ ਦੀ ਕੋਠੀ ਆਇਆ ਸੀ। ਮੈਂ ਆਪਣੇ ਮਾਪਿਆਂ ਨੂੰ ਉਦੋਂ ਇਹ ਕਹਿੰਦੀ ਹੁੰਦੀ ਸੀ ਕਿ ਮੈਂ ਅਜੇ ਵਿਆਹ ਨਹੀਂ ਕਰਵਾਉਣਾ। ਮੁੰਡਾ ਤਾਂ ਠੀਕ ਲੱਗਦਾ ਸੀ। ਮੈਨੂੰ ਡਰ ਹੈ ਕਿ ਉਹ ਮੈਨੂੰ ਪਛਾਣ ਲਵੇਗਾ। ਮੈਨੂੰ ਕਮਰੇ ਸਾਫ਼ ਕਰਦੀ ਨੂੰ ਉਹਦੇ ਸਾਹਮਣੇ ਸ਼ਰਮ ਆਵੇਗੀ। ਮੈਂ ਚਾਰ ਕੁ ਦਿਨ ਛੁੱਟੀ ਕਰਾਂਗੀ।’’
‘‘ਇਸ ਦਾ ਮਤਲਬ ਇਹ ਕਿ ਭਾਬੀ ਜੀ ਨੂੰ ਸ਼ਰਮ ਆ ਗਈ। ਇੰਜ ਹੋ ਹੀ ਜਾਂਦਾ ਏ। ਇੰਜ ਤਾਂ ਮੇਰੇ ਨਾਲ ਇੱਕ ਵਾਰੀ ਸਿਡਨੀ ਵੀ ਹੋ ਗਿਆ ਸੀ।’’
‘‘ਕਿਉਂ ਕੀ ਹੋਇਆ ਸੀ?’’
‘‘ਮੈਂ ਸਿਡਨੀ ਪਹੁੰਚ ਕੇ ਚਾਰ ਕੁ ਸਾਲ ਬਾਅਦ ਟੈਕਸੀ ਚਲਾਉਣ ਤੱਕ ਪੁੱਜਾ ਸਾਂ। ਇੰਡੀਆ ’ਚੋਂ ਆ ਕੇ ਇੱਥੇ ਟੈਕਸੀ ਤੱਕ ਪਹੁੰਚਣਾ ਵੀ ਔਖਾ ਲੱਗਦਾ ਹੁੰਦਾ ਸੀ। ਬੰਦਾ ਸੋਚਦਾ ਇਹ ਟੈਕਸੀ ਦਾ ਟੈਸਟ ਤਾਂ ਔਖੇ ਸੌਖੇ ਪਾਸ ਹੋ ਜਾਊ ਪਰ ਇਨ੍ਹਾਂ ਸੜਕਾਂ ’ਤੇ ਟੈਕਸੀ ਚੱਲੂ ਕਿਵੇਂ? ਬੰਦਾ ਜਦ ਹਾਰਬਰ ਪੁਲ ਤੋਂ ਨਾਰਥ ਸਿਡਨੀ ਵੱਲ ਨੂੰ ਨਿਕਲਦੀਆਂ 12-13 ਸੜਕਾਂ ਦੇਖਦਾ ਏ, ਇੱਕ ਵਾਰ ਤਾਂ ਬੰਦੇ ਦਾ ਸਾਹ ਸੁੱਕ ਜਾਂਦਾ ਏ। ਪਹਿਲਾਂ ਇੱਕ ਸਾਲ ਬੰਦੇ ਕੋਲ ਆਮ ਕਾਰ ਦਾ ਲਾਇਸੈਂਸ ਹੋਵੇ। ਫਿਰ ਸਾਲ ਇੰਤਜ਼ਾਰ ਕਰੇ। ਫਿਰ ਟੈਕਸੀ ਲਈ ਅੰਗਰੇਜ਼ੀ ਤੇ ਗਣਿਤ ਟੈਸਟ ਪਾਸ ਕਰੇ। ਫਿਰ ਕਿਸੇ ਕਾਲਜ ਤੋਂ ਟੈਕਸੀ ਕੋਰਸ ਕਰ ਕੇ ਉਸ ਨੂੰ ਪਾਸ ਕਰੇ। ਫਿਰ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਤੋਂ ਇਹ ਟੈਸਟ ਪਾਸ ਕਰੇ। ਫਿਰ ਕਸਟਮਰ ਸਰਵਿਸ ਤੇ ਟੈਕਸੀ ਦੇ ਅਕੀਦਿਆਂ ਸਬੰਧੀ ਲੈਕਚਰ ਅਟੈਂਡ ਕਰੇ। ਫਿਰ ਚਲਾਉਣ ਲਈ ਟੈਕਸੀ ਲੱਭੇ, ਫਿਰ ਭੁੱਲਦਾ ਭਟਕਦਾ ਫਿਰੇ। ਉਦੋਂ ਕਿਹੜੇ ਜੀਪੀਐੱਸ ਹੁੰਦੇ ਸੀ।’’
‘‘ਹੋਇਆ ਕੀ ਸੀ?’’
‘‘ਇੱਕ ਦਿਨ ਮੈਂ ਇੱਕ ਮੁੰਡਾ ਟੈਕਸੀ ਰੈਂਕ ਤੋਂ ਚੁੱਕਿਆ। ਟੈਕਸੀ ’ਚ ਬੈਠਦੇ ਸਾਰ ਕਹਿੰਦਾ ‘ਸਰ, ਸਤਿ ਸ੍ਰੀ ਅਕਾਲ! ਤੁਸੀਂ ਤਾਂ ਸਾਨੂੰ ਪੜ੍ਹਾਉਂਦੇ ਹੁੰਦੇ ਸੀ।’’ ਮੈਂ ਹੈਰਾਨ ਵੀ ਹੋਇਆ ਤੇ ਹੀਣਾ ਜਿਹਾ ਵੀ ਪਰ ਕਰ ਵੀ ਕੀ ਸਕਦਾ ਸੀ। ਆਖਰ ਮੈਂ ਹਾਲਾਤ ਨਾਲ ਸਮਝੌਤਾ ਜਿਹਾ ਕਰ ਲਿਆ। ਇਸ ਦਾ ਮਤਲਬ ਇਹ ਥੋੜ੍ਹਾ ਏ ਕਿ ਮੈਂ ਆਪਣਾ ਕੰਮ ਛੱਡ ਦੇਵਾਂ। ਮੇਰੇ ਨਾਲ ਤਾਂ ਇੱਕ ਐਸਾ ਬੰਦਾ ਵੀ ਟੈਕਸੀ ਰੈਂਕ ’ਤੇ ਟੈਕਸੀ ਚਲਾਉਂਦਾ ਰਿਹਾ ਸੀ ਜਿਹਨੇ ਮੇਰੇ ਪ੍ਰੀਖਿਆ ਕੇਂਦਰ ਵਿੱਚ ਬੀ.ਏ. ਦੇ ਪਰਚੇ ਦਿੱਤੇ ਸਨ। ਮੈਂ ਉਸ ਕੇਂਦਰ ਦਾ ਸੁਪਰਡੈਂਟ ਸਾਂ।’’
‘‘ਗੱਲ ਤਾਂ ਤੇਰੀ ਠੀਕ ਏ।’’
‘‘ਮੇਰੇ ਨਾਲ ਇੱਕ ਘੱਟ ਅਜੀਬ ਕਿਸਮ ਦਾ ਵਾਕਿਆ ਵੀ ਹੋਇਆ ਸੀ। ਮੈਂ ਸਿਡਨੀ ਵਿੱਚ ਸੱਤ ਕੁ ਸਾਲ ਹਾਈ ਸਕੂਲ ਅਧਿਆਪਕ ਵੀ ਰਿਹਾ ਸਾਂ। ਨਾਲ ਨਾਲ ਮੈਂ ਦੋ ਸ਼ਿਫਟਾਂ ਟੈਕਸੀ ਵੀ ਕਰਦਾ ਸਾਂ। ਜਿੱਥੇ ਮੇਰੀ ਰਿਹਾਇਸ਼ ਸੀ ਉੱਥੋਂ ਦੇ ਸਕੂਲ ਵਿੱਚ ਮੈਂ ਪੜ੍ਹਾਉਂਦਾ ਸਾਂ। ਉਸੇ ਥਾਂ ਹੀ ਮੈਂ ਟੈਕਸੀ ਚਲਾਉਂਦਾ ਸਾਂ। ਇੱਕ ਦਿਨ ਇੱਕ ਗੋਰਾ, ਗੋਰੀ ਤੇ ਉਨ੍ਹਾਂ ਦਾ ਇੱਕ ਬੱਚਾ ਮੇਰੀ ਟੈਕਸੀ ’ਤੇ ਚੜ੍ਹੇ। ਚੜ੍ਹਦੇ ਸਾਰ ਹੀ ਬੱਚਾ ਬੋਲ ਪਿਆ, ‘‘ਮੰਮ, ਡਰਾਈਵਰ ਇਜ਼ ਆਵਰ ਟੀਚਰ।’’ ਬੱਚੇ ਨਾਲ ਤੇ ਮਾਪਿਆਂ ਨਾਲ ਮੇਰੀ ਸੋਹਣੀ ਹੈਲੋ ਹੈਲੋ ਹੋ ਗਈ। ਨਾ ਮੈਨੂੰ ਹੀਣ ਭਾਵਨਾ ਮਹਿਸੂਸ ਹੋਈ ਤੇ ਨਾ ਹੀ ਉਨ੍ਹਾਂ ਨੂੰ ਬੁਰਾ ਲੱਗਾ। ਕੰਮਾਂ ਤੇ ਦੇਸ਼ਾਂ ਵਿੱਚ ਭਾਵੇਂ ਫ਼ਰਕ ਹੋਵੇ, ਫਿਰ ਵੀ ਕੰਮ ਤਾਂ ਕਰਨਾ ਹੀ ਏ। ਸਾਨੂੰ ਪੰਜਾਬੀਆਂ ਨੂੰ ਸ਼ਰਮ ਮਾਰ ਲੈਂਦੀ ਏ। ਗੋਰੇ ਸ਼ਰਮ ਨਹੀਂ ਮੰਨਦੇ। ਉਹ ਕਾਰਾਂ ਦੀ ਪਾਰਕਿੰਗ ਕਰਵਾਉਣ ਦੇ ਕੰਮ ਨੂੰ ਵੀ ਓਨਾ ਮਹੱਤਵਪੂਰਨ ਸਮਝਦੇ ਹਨ ਜਿੰਨਾ ਕਿਸੇ ਫਰਮ ਵਿੱਚ ਸੁਪਰਵਾਈਜ਼ਰ ਬਣਨ ਨੂੰ। ਮੈਂ ਤੈਨੂੰ ਦੱਸਦਾ...‘ਜਦ ਅਸੀਂ ਨਵੇਂ ਨਵੇਂ ਸਿਡਨੀ ਆਏ ਸੀ ਤਾਂ ਸਾਡੀ ਜਾਬ ਸਿਡਨੀ ਦੀਆਂ ਰੇਲ ਗੱਡੀਆਂ ਵਿੱਚ ਸਕਿਉਰਿਟੀ ਕਰਨ ਦੀ ਸੀ। ਇੱਕ ਵਾਰ ਅੱਧੀ ਰਾਤ ਨੂੰ ਮੈਂ ਤੇ ਮੇਰਾ ਸਾਥੀ ਪਰਮਾਰ ਸਿਡਨੀ ਦੇ ਅੰਤਾਂ ਦੇ ਵਿਅਸਤ ਰੇਲਵੇ ਸਟੇਸ਼ਨ ਟਾਊਨ ਹਾਲ ’ਤੇ ਵੀਹ ਕੁ ਮਿੰਟ ਦੀ ਬਰੇਕ ਦਾ ਆਨੰਦ ਮਾਣ ਰਹੇ ਸਾਂ। ਅਸੀਂ ਹੈਰਾਨ ਹੋ ਗਏ ਜਦ ਅਸੀਂ ਦੇਖਿਆ ਕਿ ਸਟੇਸ਼ਨ
ਦਾ ਡਿਊਟੀ ਮੈਨੇਜਰ ਟੋਨੀ ਸਟੇਸ਼ਨ ਦੇ ਕਨਕੋਰਸ ’ਤੇ ਖੜ੍ਹਾ ਤੇਜ਼ ਤੇਜ਼ ਪੋਚਾ ਮਾਰ ਰਿਹਾ ਸੀ। ਕਿਸੇ ਨੂੰ ਪੁੱਛਣ ’ਤੇ ਪਤਾ ਲੱਗਾ ਆਸਟਰੇਲੀਆ ਵਿੱਚ ਅਫ਼ਸਰਾਂ ਨੂੰ ਵੀ ਆਪਣੀ ਡਿਊਟੀ ਦੌਰਾਨ ਕੁਝ ਸਮੇਂ ਲਈ ਇਹ ਕੰਮ ਕਰਨੇ ਪੈਂਦੇ ਹਨ। ਇਸ ਦੇਸ਼ ਵਿੱਚ ਚਪੜਾਸੀ ਨਹੀਂ ਹਨ। ਡਾਕਟਰ ਹੋਵੇ, ਪ੍ਰਿੰਸੀਪਲ
ਹੋਵੇ, ਮੈਨੇਜਰ ਹੋਵੇ, ਨੇਤਾ ਹੋਵੇ, ਇਹ ਸਾਰੇ ਆਪਣੇ ਦਫ਼ਤਰ ਦੀ ਸੀਟ ਤੋਂ ਉੱਠ ਕੇ ਬਾਹਰ ਆਉਂਦੇ ਹਨ ਤੇ ਆਪਣੇ ਮਿਲਣ ਵਾਲਿਆਂ ਨੂੰ ਆਪ ਅੰਦਰ ਬੁਲਾ ਕੇ ਲੈ ਕੇ ਜਾਂਦੇ ਹਨ।’’
‘‘ਵੀਰ, ਇੰਜ ਤਾਂ ਹੈ ਹੀ। ਇਸ ਪ੍ਰਕਾਰ ਦੇ ਵਰਤਾਰਿਆਂ ਨੇ ਹੀ ਤਾਂ ਇੱਥੇ ਮਜ਼ਦੂਰੀ ਦੀ ਸ਼ਾਨ ਨੂੰ ਚਾਰ ਚੰਦ ਲਗਾਏ ਹੋਏ ਹਨ। ਇਸੇ ਕਰਕੇ ਇਹ ਦੇਸ਼ ਤਰੱਕੀ ’ਤੇ ਹਨ। ਭਾਰਤ ਜਿਹੇ ਦੇਸ਼ਾਂ ਵਿੱਚ ਤਾਂ ਦੱਸੀ ਕਸਤੂਰੀ ਜਾਂਦੀ ਏ, ਪ੍ਰੰਤੂ ਵੇਚੀ ਹਿੰਗ ਜਾਂਦੀ ਏ।’’
ਇੰਜ ਗੱਲਾਂ ਹੁੰਦੀਆਂ ਰਹੀਆਂ। ਅਸੀਂ ਆਸਟਰੇਲੀਆ ਦੇ ਗੁਣ ਗਾਉਂਦੇ ਰਹੇ। ਭਾਰਤ ਦੇ ਅਤੀਤ ਦੀਆਂ ਸਿਫਤਾਂ ਕਰਦੇ ਰਹੇ। ਕੀ ਕਦੀ ਪੰਜਾਬ ਵੀ ਆਸਟਰੇਲੀਆ ਜਿਹਾ ਬਣੂ? ਇਹ ਸਵਾਲ ਸਾਡੀ ਸੋਚ ਦਾ ਵੱਧ ਗੰਭੀਰਤਾ ਨਾਲ ਕੇਂਦਰ ਬਿੰਦੂ ਬਣਿਆ ਰਿਹਾ।

Advertisement

Advertisement
Author Image

sukhwinder singh

View all posts

Advertisement
Advertisement
×