ਪੰਜਾਬੀ ਪਰਦੇ ਦਾ ਨਵਾਂ ਨਾਇਕ ਅਮੀਕ ਵਿਰਕ
ਸੁਰਜੀਤ ਜੱਸਲ
ਅਮੀਕ ਵਿਰਕ ਪੰਜਾਬੀ ਸਨਿਮਾ ਦਾ ਉਹ ਅਦਾਕਾਰ ਹੈ ਜੋ ਰਾਤੋਂ ਰਾਤ ਸਟਾਰ ਬਣਨ ਦੀ ਥਾਂ ਸਿੱਖਦੇ ਹੋਏ ਪੌੜੀ ਦਰ ਪੌੜੀ ਮੰਜ਼ਿਲ ਵੱਲ ਵਧਣ ਵਿੱਚ ਵਿਸ਼ਵਾਸ ਰੱਖਦਾ ਹੈ। ਪਿਛਲੇ ਦਨਿੀਂ ਆਈ ਬਹੁ-ਚਰਚਿਤ ਫਿਲਮ ‘ਮੌੜ’ ਵਿੱਚ ਅੰਗਰੇਜ਼ ਪੁਲੀਸ ਅਫ਼ਸਰ ਹਰਟਨ ਦਾ ਕਿਰਦਾਰ ਨਿਭਾ ਕੇ ਸਭ ਨੂੰ ਹੈਰਾਨ ਕਰਨ ਵਾਲਾ ਅਮੀਕ ਵਿਰਕ ਹੁਣ ਪੰਜਾਬੀ ਫਿਲਮ ‘ਜੂਨੀਅਰ’ ਵਿੱਚ ਬਤੌਰ ਹੀਰੋ ਨਜ਼ਰ ਆਵੇਗਾ। ਪੰਜਾਬੀ ਸਨਿਮਾ ਵਿੱਚ ਇੱਕ ਨਵਾਂ ਅਧਿਆਇ ਲਿਖਣ ਦਾ ਦਮ ਰੱਖਦੀ ਇਸ ਐਕਸ਼ਨ ਤੇ ਡਰਾਮਾ ਫਿਲਮ ਲਈ ਅਮੀਕ ਨੇ ਲਗਾਤਾਰ ਦੋ ਸਾਲ ਸਖ਼ਤ ਮਿਹਨਤ ਕੀਤੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਹ ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਹਰ ਪਾਸੇ ਚਰਚਾ ਵਿੱਚ ਹੈ।
ਚੰਡੀਗੜ੍ਹ ਦਾ ਜੰਮਪਲ ਤੇ ਚੰਡੀਗੜ੍ਹ ਸਮੇਤ ਆਸਟਰੇਲੀਆ ਤੋਂ ਐਨੀਮੇਸ਼ਨ ਤੇ ਮਲਟੀਮੀਡੀਆ ਦੀ ਪੜ੍ਹਾਈ ਕਰਨ ਵਾਲੇ ਅਮੀਕ ਵਿਰਕ ਦਾ ਮੁੱਢ ਤੋਂ ਹੀ ਝੁਕਾਅ ਸਨਿਮਾ ਵੱਲ ਸੀ। ਉਸ ਦਾ ਨਾਨਕਾ ਪਰਿਵਾਰ ਕਲਾ ਨਾਲ ਸਬੰਧ ਰੱਖਦਾ ਹੈ, ਉੱਥੋਂ ਹੀ ਉਸ ਨੂੰ ਵੀ ਪਹਿਲਾਂ ਪੇਂਟਿੰਗ ਤੇ ਫਿਰ ਅਦਾਕਾਰੀ ਦੀ ਚੇਟਕ ਲੱਗੀ। ਉਸ ਨੇ ਆਪਣੇ ਪਰਿਵਾਰਕ ਕਾਰੋਬਾਰ ਦੀ ਥਾਂ ਫਿਲਮ ਜਗਤ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ। ਬਤੌਰ ਅਦਾਕਾਰ ਆਪਣੀ ਸ਼ੁਰੂਆਤ ਕਰਨ ਤੋਂ ਪਹਿਲਾਂ ਅਮੀਕ ਵਿਰਕ ਨੇ ਪਹਿਲਾਂ ਇਸ ਇੰਡਸਟਰੀ ਨੂੰ ਸਮਝਿਆ ਅਤੇ ਆਪਣਾ ਪ੍ਰੋਡਕਸ਼ਨ ਨਦਰ ਫਿਲਮਜ਼ ਖੋਲ੍ਹ ਕੇ ‘ਬੰਬੂਕਾਟ’, ‘ਲਹੌਰੀਏ’, ‘ਵੇਖ ਬਰਾਤਾਂ ਚੱਲੀਆਂ’, ‘ਭਲਵਾਨ ਸਿੰਘ’, ‘ਅਫ਼ਸਰ’ ਅਤੇ ‘ਗੋਲਕ ਬੁਗਨੀ ਬੈਂਕ ਤੇ ਬਟੂਆ-1’ ਸਮੇਤ ਕੁਝ ਹੋਰ ਫਿਲਮਾਂ ਦਾ ਨਿਰਮਾਣ ਕੀਤਾ। ਫਿਲਮ ਖੇਤਰ ਦਾ ਹਰ ਤਰ੍ਹਾਂ ਦਾ ਤਜਰਬਾ ਹਾਸਲ ਕਰਨ ਤੋਂ ਬਾਅਦ ਹੀ ਉਸ ਨੇ ਬਤੌਰ ਅਦਾਕਾਰ ਆਪਣੀ ਅਗਲੀ ਪਾਰੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਹਾਲ ਹੀ ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਜਤਿੰਦਰ ਮੌਹਰ ਦੀ ਫਿਲਮ ‘ਮੌੜ’ ਵਿੱਚ ਅਮੀਕ ਨੇ ਅੰਗਰੇਜ਼ ਪੁਲੀਸ ਅਫ਼ਸਰ ਹਰਟਨ ਦਾ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ। ਇਸ ਫਿਲਮ ਨੇ ਉਸ ਨੂੰ ਬਤੌਰ ਅਦਾਕਾਰ ਅੱਗੇ ਲਿਆਂਦਾ ਹੈ। ਹੁਣ ਬਤੌਰ ਹੀਰੋ ਉਸ ਦੀ ਫਿਲਮ ‘ਜੂਨੀਅਰ’ ਰਿਲੀਜ਼ ਹੋਵੇਗੀ। ਇਸ ਫਿਲਮ ਦੀ ਕਹਾਣੀ ਵੀ ਉਸ ਨੇ ਖੁਦ ਲਿਖੀ ਹੈ।
ਸੰਪਰਕ: 98146-07737