ਅਮਰੀਕਾ ਦੀ ਧਰੁਵੀ ਪਟੇਲ ਬਣੀ ਮਿਸ ਇੰਡੀਆ ਵਰਲਡਵਾਈਡ
ਵਾਸ਼ਿੰਗਟਨ: ਅਮਰੀਕਾ ਵਿੱਚ ‘ਕੰਪਿਊਟਰ ਇਨਫਰਮੇਸ਼ਨ ਸਿਸਟਮ’ ਕੋਰਸ ਦੀ ਵਿਦਿਆਰਥਣ ਧਰੁਵੀ ਪਟੇਲ ਨੂੰ ਮਿਸ ਇੰਡੀਆ ਵਰਲਡਵਾਈਡ 2024 ਦੀ ਜੇਤੂ ਐਲਾਨਿਆ ਗਿਆ ਹੈ। ਧਰੁਵੀ ਅਦਾਕਾਰਾ ਤੋਂ ਇਲਾਵਾ ਯੂਨੀਸੈਫ ਦੀ ਰਾਜਦੂਤ ਬਣਨਾ ਚਾਹੁੰਦੀ ਹੈ। ਉਸ ਨੂੰ ਇਹ ਖਿਤਾਬ ਨਿਊ ਜਰਸੀ ਦੇ ਐਡੀਸਨ ਵਿੱਚ ਹੋਏ ਸਮਾਗਮ ਦੌਰਾਨ ਦਿੱਤਾ ਗਿਆ। ਧਰੁਵੀ ਨੇ ਕਿਹਾ, ‘ਮਿਸ ਇੰਡੀਆ ਵਰਲਡਵਾਈਡ ਜਿੱਤਣਾ ਮਾਣਮੱਤਾ ਸਨਮਾਨ ਹੈ। ਇਹ ਸਿਰਫ਼ ਸਨਮਾਨ ਹੀ ਨਹੀਂ, ਬਲਕਿ ਇਹ ਮੇਰੀ ਵਿਰਾਸਤ, ਮੇਰੀਆਂ ਕਦਰਾਂ-ਕੀਮਤਾਂ ਅਤੇ ਵਿਸ਼ਵ ਪੱਧਰ ’ਤੇ ਦੂਜਿਆਂ ਨੂੰ ਪ੍ਰੇਰਿਤ ਕਰਨ ਦੇ ਮੌਕੇ ਨੂੰ ਦਰਸਾਉਂਦਾ ਹੈ।’ ਸੂਰੀਨਾਮ ਦੀ ਲੀਜ਼ਾ ਅਬਦੋਏਲਹਾਕ ਨੂੰ ਪਹਿਲੀ ਰਨਰ-ਅੱਪ, ਜਦੋਂਕਿ ਨੀਦਰਲੈਂਡ ਦੀ ਮਾਲਵਿਕਾ ਸ਼ਰਮਾ ਨੂੰ ਦੂਜੀ ਰਨਰ-ਅੱਪ ਐਲਾਨਿਆ ਗਿਆ। ਮਿਸਿਜ਼ ਵਰਗ ਵਿੱਚ ਟ੍ਰਿਨੀਦਾਦ ਤੇ ਟੋਬੈਗੋ ਦੀ ਸੁਐਨ ਮੌਟੈਟ ਜੇਤੂ ਰਹੀ, ਜਿਸ ਵਿੱਚ ਸਨੇਹਾ ਨਾਂਬਿਆਰ ਪਹਿਲੀ ਤੇ ਯੂਕੇ ਦੀ ਪਵਨਦੀਪ ਕੌਰ ਦੂਜੀ ਰਨਰ ਅੱਪ ਰਹੀ। ਟੀਨ ਵਰਗ ’ਚ ਗੁਆਡੇਲੂਪ ਦੀ ਸੀਏਰਾ ਸੁਰੇਟ ਨੂੰ ਮਿਸ ਟੀਨ ਇੰਡੀਆ ਵਰਲਡਵਾਈਡ ਦਾ ਖ਼ਿਤਾਬ ਮਿਲਿਆ, ਜਦਕਿ ਨੀਦਰਲੈਂਡ ਦੀ ਸ਼੍ਰੇੇਆ ਸਿੰਘ ਤੇ ਸੂਰੀਨਾਮ ਦੀ ਸ਼ਰਧਾ ਟੇਡਜੋ ਨੂੰ ਕ੍ਰਮਵਾਰ ਪਹਿਲੀ ਤੇ ਦੂਜੀ ਰਨਰ-ਅੱਪ ਐਲਾਨਿਆ। -ਪੀਟੀਆਈ