ਸ਼ਿਮਲਾ ਮਿਰਚ ਤੇ ਖ਼ਰਬੂਜ਼ਿਆਂ ਦੀ ਫ਼ਸਲ ’ਤੇ ਅਮਰੀਕੀ ਸੁੰਡੀ ਦਾ ਹਮਲਾ
ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਪਰੈਲ
ਮਾਲਵਾ ਖੇਤਰ ਵਿੱਚ ਨਰਮੇ ਦੀ ਬਿਜਾਈ ਤੋਂ ਪਹਿਲਾਂ ਖੇਤਾਂ ਵਿੱਚ ਖੜ੍ਹੀ ਸ਼ਿਮਲਾ ਮਿਰਚ ਅਤੇ ਖਰਬੂਜ਼ੇ ਦੀ ਫ਼ਸਲ ਉੱਤੇ ਅਮਰੀਕੀ ਸੁੰਡੀ ਦਾ ਹਮਲਾ ਹੋ ਗਿਆ ਹੈ, ਜਿਸ ਤੋਂ ਘਬਰਾ ਕੇ ਕਿਸਾਨਾਂ ਵੱਲੋਂ ਛਿੜਕਾਅ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਖੇਤੀ ਵਿਭਿੰਨਤਾ ਤਹਿਤ ਇਸ ਇਲਾਕੇ ਵਿੱਚ ਵੱਡੀ ਪੱਧਰ ’ਤੇ ਜ਼ਿੰਕ ਫੂਡ ਦੀ ਰਾਣੀ ਸ਼ਿਮਲਾ ਮਿਰਚ ਦੀ ਕਾਸ਼ਤ ਕੀਤੀ ਜਾਂਦੀ ਹੈ। ਇਥੋਂ ਹਰ ਸਾਲ ਸ਼ਿਮਲਾ ਮਿਰਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੀ ਜਾਂਦੀ ਹੈ।
ਦਿਲਚਸਪ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੇ ਰੇਤਲੇ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਸ਼ਿਮਲਾ ਮਿਰਚ ਨੂੰ ਲਾਇਆ ਜਾਂਦਾ ਹੈ ਅਤੇ ਇਸ ਖੇਤਰ ’ਚੋਂ ਉੱਤਰੀ ਭਾਰਤ ਦੇ ਸਾਰੇ ਸੂਬਿਆਂ ਵਿੱਚ ਇਸ ਦੀ ਸਪਲਾਈ ਹੁੰਦੀ ਹੈ। ਇਸ ਵਾਰ ਅਚਾਨਕ ਇਸ ’ਤੇ ਹੋਏ ਸੁੰਡੀ ਦੇ ਹਮਲੇ ਨੇ ਕਿਸਾਨਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਅਮਰੀਕੀ ਸੁੰਡੀ ਨੇ ਬਹੁਤ ਸਮਾਂ ਪਹਿਲਾਂ ਨਰਮੇ ਦੀ ਫ਼ਸਲ ਉੱਤੇ ਲਗਾਤਾਰ ਹਮਲੇ ਕਰ ਕੇ ਕਿਸਾਨਾਂ ਦਾ ਚਿੱਟੇ ਸੋਨੇ ਤੋਂ ਮੋਹ ਭੰਗ ਕਰ ਦਿੱਤਾ ਸੀ ਤੇ ਬਾਅਦ ਵਿੱਚ ਬੀ.ਟੀ ਕਾਟਨ ਆਉਣ ਕਾਰਨ ਇਸ ਹਮਲੇ ਤੋਂ ਕਿਸਾਨਾਂ ਨੂੰ ਛੁਟਕਾਰਾ ਮਿਲਿਆ ਸੀ।
ਬੀਕੇਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਦੱਸਿਆ ਕਿ ਉਨ੍ਹਾਂ ਦੇ ਪਿੰਡ ਭੈਣੀਬਾਘਾ ਵਿੱਚ ਲਗਪਗ 800 ਏਕੜ ਰਕਬੇ ਵਿੱਚ ਕਿਸਾਨਾਂ ਨੇ ਸ਼ਿਮਲਾ ਮਿਰਚ ਨੂੰ ਮਹਿੰਗੇ ਭਾਅ ਦਾ ਬੀਜ ਲੈ ਕੇ ਖੇਤਾਂ ਵਿੱਚ ਲਾਇਆ ਹੈ। ਇਸ ਵਾਰ ਅਚਾਨਕ ਅਮਰੀਕੀ ਸੁੰਡੀ ਦੇ ਹਮਲੇ ਨੇ ਕਿਸਾਨਾਂ ਨੂੰ ਮੁਸੀਬਤ ’ਚ ਪਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਛਿੜਕਾਅ ਕਰ ਰਹੇ ਹਨ, ਪਰ ਸੁੰਡੀ ਦੇ ਹਮਲੇ ਤੋਂ ਬਚਾਅ ਹੁੰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਇਸ ਹਮਲੇ ਦੀ ਸਾਰ ਲੈਣ ਵਾਸਤੇ ਅਜੇ ਤੱਕ ਖੇਤੀ ਵਿਭਾਗ ਅਤੇ ਬਾਗ਼ਬਾਨੀ ਵਿਭਾਗ ਦਾ ਕੋਈ ਮਾਹਿਰ ਖੇਤਾਂ ਵਿੱਚ ਨਹੀਂ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਜੇ ਇਹ ਹਮਲਾ ਲਗਾਤਾਰ ਵਧਦਾ ਰਿਹਾ ਤਾਂ ਇਸ ਨਾਲ ਸਬਜ਼ੀ ਦੀ ਕਾਸ਼ਤ ਨੂੰ ਸੱਟ ਵੱਜਣ ਦੇ ਨਾਲ-ਨਾਲ ਖਰਬੂਜ਼ੇ ਅਤੇ ਹੋਰ ਫ਼ਸਲਾਂ ਲਈ ਵੀ ਖ਼ਤਰਾ ਖੜ੍ਹਾ ਹੋ ਜਾਵੇਗਾ। ਨਰਮੇ ਦੀ ਫ਼ਸਲ ਉੱਪਰ ਇਸ ਦੇ ਹਮਲਾ ਹੋਣ ਦੇ ਡਰੋਂ ਵੱਡੀ ਪੱਧਰ ਉੱਤੇ ਕਿਸਾਨਾਂ ਨਰਮਾ ਬੀਜਣ ਤੋਂ ਵੀ ਹੱਥ ਖੜ੍ਹੇ ਕਰ ਜਾਣਗੇ।
ਖੇਤਾਂ ’ਚ ਜਾ ਕੇ ਜਾਂਚ ਕੀਤੀ ਜਾਵੇਗੀ: ਮਾਹਿਰ
ਖੇਤੀਬਾੜੀ ਵਿਭਾਗ ਦੇ ਮਾਨਸਾ ਸਥਿਤ ਖੇਤੀ ਵਿਕਾਸ ਅਫ਼ਸਰ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਅਜੇ ਤੱਕ ਕਿਸਾਨਾਂ ਵੱਲੋਂ ਸ਼ਿਮਲਾ ਮਿਰਚ ਅਤੇ ਖਰਬੂਜ਼ੇ ’ਤੇ ਹਮਲੇ ਸਬੰਧੀ ਜ਼ਿਲ੍ਹੇ ਭਰ ’ਚੋਂ ਕੋਈ ਜਾਣਕਾਰੀ ਮਹਿਕਮੇ ਦੇ ਮਾਹਿਰਾਂ ਦੇ ਧਿਆਨ ਵਿੱਚ ਨਹੀਂ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਸਬੰਧੀ ਸਬਜ਼ੀ ਕਾਸ਼ਤਕਾਰਾਂ ਨਾਲ ਖੇਤਾਂ ਵਿੱਚ ਜਾ ਕੇ ਤਾਲਮੇਲ ਬਣਾਉਣਗੇ।