For the best experience, open
https://m.punjabitribuneonline.com
on your mobile browser.
Advertisement

ਯੂਕਰੇਨ ਤੇ ਇਜ਼ਰਾਈਲ ਨੂੰ ਫੰਡ ਦੇਣ ਖਿ਼ਲਾਫ਼ ਨਿੱਤਰੇ ਅਮਰੀਕੀ ਵਿਦਿਆਰਥੀ

07:25 AM May 05, 2024 IST
ਯੂਕਰੇਨ ਤੇ ਇਜ਼ਰਾਈਲ ਨੂੰ ਫੰਡ ਦੇਣ ਖਿ਼ਲਾਫ਼ ਨਿੱਤਰੇ ਅਮਰੀਕੀ ਵਿਦਿਆਰਥੀ
Advertisement

ਮਨਦੀਪ

Advertisement

ਫ਼ਲਸਤੀਨ ਵਿੱਚ ਕੀਤੀ ਜਾ ਰਹੀ ਨਸਲਕੁਸ਼ੀ ਤੇ ਬਾਇਡਨ ਪ੍ਰਸ਼ਾਸਨ ਵੱਲੋਂ ਅਮਰੀਕੀ ਲੋਕਾਂ ਦੇ ਟੈਕਸ ਦਾ ਪੈਸਾ ਵਿਦੇਸ਼ੀ ਸਹਾਇਤਾ ਪੈਕੇਜ (95 ਬਿਲੀਅਨ ਡਾਲਰ) ਦੇ ਨਾਂ ਹੇਠ ਯੂਕਰੇਨ, ਇਜ਼ਰਾਈਲ ਅਤੇ ਤਾਇਵਾਨ ਨੂੰ ਦੇਣ ਖ਼ਿਲਾਫ਼ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੇ ਬੀਤੀ 17 ਅਪਰੈਲ ਨੂੰ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਬਾਇਡਨ ਪ੍ਰਸ਼ਾਸਨ ਵੱਲੋਂ ਯੂਕਰੇਨ ਨੂੰ 60.8 ਬਿਲੀਅਨ ਡਾਲਰ, ਇਜ਼ਰਾਈਲ ਲਈ 26.3 ਬਿਲੀਅਨ ਡਾਲਰ ਅਤੇ ਇੰਡੋ-ਪੈਸੀਫਿਕ ਖੇਤਰ ਲਈ 8.1 ਬਿਲੀਅਨ ਡਾਲਰ ਦੀ ‘ਸ਼ਾਂਤੀ ਸਹਾਇਤਾ’ ਦੇਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਟਿਕ-ਟੌਕ ’ਤੇ ਦੇਸ਼-ਵਿਆਪੀ ਪਾਬੰਦੀ ਲਾਉਣ ਦਾ ਐਲਾਨ ਕਰਨ ਤੋਂ ਫੌਰੀ ਬਾਅਦ ਅਮਰੀਕਾ ਦੀਆਂ ਦਰਜਨਾਂ ਸਭ ਤੋਂ ਵੱਕਾਰੀ ਯੂਨੀਵਰਸਿਟੀਆਂ ਦੇ ਵਿਦਿਆਰਥੀ ਯੁੱਧ ਵਿਰੁੱਧ ਪ੍ਰਦਰਸ਼ਨ ਵਿੱਚ ਨਿੱਤਰ ਆਏ। ਤੀਹ ਅਪਰੈਲ ਰਾਤ 1 ਵਜੇ ਵਿਦਿਆਰਥੀਆਂ ਨੇ ਕੋਲੰਬੀਆ ਯੂਨੀਵਰਸਿਟੀ ਦੇ ਇਤਿਹਾਸਕ ‘ਹੈਮਿਲਟਨ ਹਾਲ’ ਉੱਤੇ ਕਬਜ਼ਾ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨੇ ਗਾਜ਼ਾ ’ਚ ਮਾਰੀ ਗਈ ਛੇ ਸਾਲਾ ਫ਼ਲਸਤੀਨੀ ਬੱਚੀ ਹਿੰਦ ਰਜ਼ਬ ਦੀ ਯਾਦ ’ਚ ‘ਹੈਮਿਲਟਨ ਹਾਲ’ ਦਾ ਨਾਮ ਬਦਲ ਕੇ ਅਕਾਦਮਿਕ ਇਮਾਰਤ ਉੱਤੇ ‘ਹਿੰਦ ਹਾਲ’ ਦਾ ਬੈਨਰ ਝੁਲਾ ਦਿੱਤਾ। ਸਿਆਹਫ਼ਾਮ ਲੋਕਾਂ ਉੱਤੇ ਨਸਲੀ ਹਮਲਿਆਂ ਅਤੇ ਵੀਅਤਨਾਮ ਜੰਗ ਵਿੱਚ ਅਮਰੀਕਾ ਦੀ ਭੂਮਿਕਾ ਖ਼ਿਲਾਫ਼ ਤੀਹ ਅਪਰੈਲ 1968 ਨੂੰ ਇਸੇ ਕੋਲੰਬੀਆ ਯੂਨੀਵਰਸਿਟੀ ਦੇ ‘ਹੈਮਿਲਟਨ ਹਾਲ’ ਉੱਤੇ ਵਿਦਿਆਰਥੀਆਂ ਨੇ ਕਬਜ਼ਾ ਕਰਕੇ ਜ਼ਬਰਦਸਤ ਇਤਿਹਾਸਕ ਰੋਸ ਪ੍ਰਦਰਸ਼ਨ ਕੀਤਾ ਸੀ। ਮੌਜੂਦਾ ਸਮੇਂ ਫ਼ਲਸਤੀਨ ਜੰਗ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਨੇ 1968 ਦੇ ਜੰਗ ਵਿਰੋਧੀ ਸੰਘਰਸ਼ ਦੀ 56ਵੀਂ ਵਰ੍ਹੇਗੰਢ ਮੌਕੇ ਉਸੇ ਇਤਿਹਾਸਕ ਵਿਰਾਸਤ ਨੂੰ ਸੁਰਜੀਤ ਕੀਤਾ ਹੈ।


ਅਮਰੀਕਾ ਦੇ ਕਾਲਜ-ਯੂਨੀਵਰਸਿਟੀ ਕੈਂਪਸਾਂ ਵਿੱਚ ਫ਼ਲਸਤੀਨ ਪੱਖੀ ਤੇ ਜੰਗ ਵਿਰੋਧੀ ਪ੍ਰਦਰਸ਼ਨ ਤੇਜ਼ ਹੋਣ ਨਾਲ ਇਹ ਵਿਦਿਆਰਥੀ ਸੰਘਰਸ਼ ਕੋਲੰਬੀਆ, ਹਾਰਵਰਡ, ਯੂਐੱਸਸੀ, ਔਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਸਮੇਤ 60 ਨਾਮਵਰ ਯੂਨੀਵਰਸਿਟੀਆਂ ਵਿੱਚ ਫੈਲ ਗਿਆ। ਹਥਿਆਰਬੰਦ ਪੁਲੀਸ ਤੇ ਫ਼ੌਜੀ ਬਲਾਂ ਵੱਲੋਂ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਉੱਤੇ ਲਾਠੀਚਾਰਜ ਕਰਨ, ਦਰਜਨਾਂ ਵਿਦਿਆਰਥੀਆਂ ਦੀਆਂ ਗ੍ਰਿਫ਼ਤਾਰੀਆਂ ਤੇ ਯੂਨੀਵਰਸਿਟੀ ਕੈਂਪਸ ’ਚੋਂ ਜਬਰੀ ਖਦੇੜਨ ਮਗਰੋਂ ਦੇਸ਼ ਭਰ ਦੇ ਵਿਦਿਆਰਥੀਆਂ ਵਿੱਚ ਗੁੱਸੇ ਦੀ ਲਹਿਰ ਫੁੱਟ ਪਈ ਤੇ ਇਹ ਵਿਦਿਆਰਥੀ ਸੰਘਰਸ਼ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ਵਿੱਚ ਫੈਲ ਗਿਆ। ਟੈਕਸਾਸ ਸੂਬੇ ’ਚ ਫ਼ੌਜ ਨੂੰ ਤਾਇਨਾਤ ਕੀਤਾ ਗਿਆ ਅਤੇ ਕਥਿਤ ਤੌਰ ’ਤੇ ਔਸਟਿਨ ਵਿਖੇ ਟੈਕਸਾਸ ਯੂਨੀਵਰਸਿਟੀ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਫ਼ਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੇ ਹਾਰਵਰਡ ਯਾਰਡ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਪੁਲੀਸ, ਫ਼ੌਜ ਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਨ ਦੀ ਧਮਕੀ ਮਗਰੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ’ਚ ਟੈਂਟ ਲਗਾ ਕੇ ਪੱਕਾ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਸਰਕਾਰ ਤੇ ਕੋਲੰਬੀਆ ਯੂਨੀਵਰਸਿਟੀ ਪ੍ਰਸ਼ਾਸਨ ਨੇ ਨਿਹੱਕੀ ਜੰਗ ਦਾ ਵਿਰੋਧ ਕਰ ਰਹੇ ਵਿਦਿਆਰਥੀਆਂ ਉੱਤੇ ਦੋਸ਼ ਮੜ੍ਹਨੇ ਸ਼ੁਰੂ ਕਰ ਦਿੱਤੇ ਕਿ ਇਹ ‘ਫ਼ਲਸਤੀਨ ਏਕਤਾ ਅੰਦੋਲਨ’ ਯਹੂਦੀ ਵਿਰੋਧੀ ਹੈ। ਜ਼ਮੀਨੀ ਹਕੀਕਤ ਇਹ ਹੈ ਕਿ ਸੈਂਕੜੇ ਯਹੂਦੀ ਵਿਦਿਆਰਥੀ ਫ਼ਲਸਤੀਨ ਏਕਤਾ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੇ ਹਨ। ਉਨ੍ਹਾਂ ਦਾ ਤਰਕ ਹੈ ਕਿ ਫ਼ਲਸਤੀਨੀਆਂ ਦੀ ਨਸਲਕੁਸ਼ੀ ਦਾ ਵਿਰੋਧ ਕਰਨ ਦਾ ਮਤਲਬ ਯਹੂਦੀਆਂ ਦਾ ਵਿਰੋਧ ਕਰਨਾ ਨਹੀਂ ਹੈ। ਵਿਦਿਆਰਥੀ ਗਾਜ਼ਾ ਵਿੱਚ ਮਾਰੇ ਗਏ 36000 ਤੋਂ ਵੱਧ ਨਿਰਦੋਸ਼ ਲੋਕਾਂ ਲਈ ਨਸਲਵਾਦੀ ਰਾਜ ਇਜ਼ਰਾਈਲ ਤੇ ਉਸ ਦੀ ਪਿੱਠ ’ਤੇ ਖੜ੍ਹੇ ਬਾਇਡਨ ਪ੍ਰਸ਼ਾਸਨ ਨੂੰ ਜੰਗ ਦਾ ਜ਼ਿੰਮੇਵਾਰ ਸਮਝਦੇ ਹਨ। ਅਮਰੀਕੀ ਹਾਕਮ ਕੋਲੰਬੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਭਾਰੀ ਪੁਲੀਸ ਦਮਨ ਨਾਲ ਦਬਾਉਣਾ ਚਾਹੁੰਦੇ ਸਨ, ਪਰ ਇਸ ਦੇ ਉਲਟ ਇਹ ਵਿਦਿਆਰਥੀ ਰੋਹ ਜੰਗਲ ਦੀ ਅੱਗ ਵਾਂਗੂੰ ਪੂਰੇ ਦੇਸ਼ ਵਿੱਚ ਫੈਲ ਗਿਆ ਤੇ ਇਸ ਨੇ ਪੂਰੇ ਸੰਸਾਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਸੰਘਰਸ਼ ਵਿੱਚ ਅਮਰੀਕਾ ਸਥਿਤ ਭਾਰਤੀ ਵਿਦਿਆਰਥੀਆਂ ਨੇ ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ਾਂ ਦੀ ਤਰਜ਼ ’ਤੇ ਜੰਗ ਅਤੇ ਜੰਗਬਾਜ਼ ਤਾਕਤਾਂ ਤੋਂ ‘ਆਜ਼ਾਦੀ’ ਦੀ ਨਾਅਰੇਬਾਜ਼ੀ ਕਰਦਿਆਂ ਅਮਰੀਕੀ ਵਿਦਿਆਰਥੀਆਂ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ। ਅਮਰੀਕਾ ਦੇ ਗੁਆਂਢੀ ਦੇਸ਼ ਕੈਨੇਡਾ ਦੀ ਮੈੱਕਗਿਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇਸ ਸੰਘਰਸ਼ ਨੂੰ ਦੇਸ਼ ਭਰ ਵਿੱਚ ਲਿਜਾਣ ਲਈ ਸੰਘਰਸ਼ ਕੀਤਾ ਹੈ।
ਅਮਰੀਕਾ ਵਿਸ਼ਵ ਅਮਨ-ਸ਼ਾਂਤੀ, ਮਾਨਵਤਾਵਾਦ, ਜਮਹੂਰੀਅਤ ਤੇ ਸੁਰੱਖਿਆ ਦਾ ਦਾਅਵਾ ਕਰਦਾ ਹੈ, ਪਰ ਉਸ ਦੇ ਆਪਣੇ ਦੇਸ਼ ਦੇ ਉੱਚ ਵਿੱਦਿਅਕ ਅਦਾਰਿਆਂ ਵਿੱਚ ਸ਼ਾਂਤਮਈ ਤਰੀਕੇ ਨਾਲ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਕੁੱਟਮਾਰ, ਗ੍ਰਿਫ਼ਤਾਰੀਆਂ, ਅੱਥਰੂ ਗੈਸ, ਘੋੜਸਵਾਰ ਪੁਲੀਸ ਦੀ ਵਰਤੋਂ ਜਮਹੂਰੀਅਤ ਦੇ ਬੁਨਿਆਦੀ ਅਸੂਲਾਂ ਦੇ ਖ਼ਿਲਾਫ਼ ਹੈ ਜਿਸ ਦੇ ਸਿੱਟੇ ਵਜੋਂ ਵਿਦਿਆਰਥੀ ਸੰਘਰਸ਼ ਤੇਜ਼ੀ ਨਾਲ ਫੈਲਿਆ। ਇਸ ਸੰਘਰਸ਼ ਦੀ ਇਹ ਇੱਕ ਸਿਆਸੀ ਤੇ ਮਾਨਵਤਾਵਾਦੀ ਮਹੱਤਤਾ ਹੈ ਕਿ ਵਿਦਿਆਰਥੀ ਨੈਤਿਕ ਆਧਾਰ ’ਤੇ ਜੰਗ ਤੇ ਬੇਇਨਸਾਫ਼ੀ ਦਾ ਵਿਰੋਧ ਕਰ ਰਹੇ ਹਨ ਅਤੇ ਨੌਜਵਾਨ ਤਾਕਤ ਦੀ ਇਹ ਸਰਗਰਮੀ ਨਿਆਂ ਤੇ ਸ਼ਾਂਤੀ ਲਈ ਆਲਮੀ ਸਰੋਕਾਰ ਦਿਖਾ ਰਹੀ ਹੈ। ਉਹ ਜੰਗ ਖ਼ਿਲਾਫ਼ ਸ਼ਾਂਤੀਪੂਰਨ ਢੰਗ ਨਾਲ ਅਮਨ ਹਾਸਲ ਕਰਨ ਦੇ ਹਾਮੀ ਹਨ। ਅਮਰੀਕਾ ਵਿੱਚ ਜ਼ਿਆਦਾਤਰ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰ ਜਾਂ ਦੋਸਤ ਫ਼ੌਜ ਵਿੱਚ ਨੌਕਰੀ ਕਰਦੇ ਹੋਣ ਕਰਕੇ ਉਹ ਜੰਗ ਦੇ ਸੰਤਾਪ ਤੇ ਆਪਣੇ ਅਜ਼ੀਜ਼ਾਂ ਦੀ ਰੱਖਿਆ ਲਈ ਯੁੱਧ ਦਾ ਵਿਰੋਧ ਕਰਨ ਲਈ ਪ੍ਰੇਰਿਤ ਹੁੰਦੇ ਹਨ। ਇਸ ਤੋਂ ਬਿਨਾਂ ਯੂਨੀਵਰਸਿਟੀਆਂ ਆਮ ਤੌਰ ’ਤੇ ਰਾਜਨੀਤਕ ਸਰਗਰਮੀ ਦੇ ਕੇਂਦਰ ਹੁੰਦੀਆਂ ਹਨ ਤੇ ਵਿਦਿਆਰਥੀ ਅਕਸਰ ਆਪਣੀ ਸਮਾਜਿਕ-ਸਿਆਸੀ ਚੇਤਨਾ ਕਰ ਕੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਆਵਾਜ਼ ਉਠਾਉਂਦੇ ਰਹਿੰਦੇ ਹਨ। ਯੁੱਧ ਦੇ ਘਾਤਕ ਵਾਤਾਵਰਣਕ ਸਿੱਟਿਆਂ ਕਰ ਕੇ ਵਿਦਿਆਰਥੀ ਵਾਤਾਵਰਣ ਦੀ ਰੱਖਿਆ ਲਈ ਜੰਗਬੰਦੀ ਦੀ ਵਕਾਲਤ ਕਰਦੇ ਹਨ।
ਸੰਸਾਰ ਵਿੱਚ ਲਗਾਤਾਰ ਜੰਗਾਂ, ਤਣਾਅ ਤੇ ਟਕਰਾਅ ਖੜ੍ਹੇ ਕਰਨ ਵਿੱਚ ਅਮਰੀਕੀ ਸਾਮਰਾਜ ਦੀ ਲੰਮੇ ਸਮੇਂ ਤੋਂ ਵੱਡੀ ਭੂਮਿਕਾ ਰਹੀ ਹੈ। ਅਮਰੀਕੀ ਸਾਮਰਾਜ ਆਪਣੇ ਸੰਸਾਰ ਵਿਆਪੀ ਪ੍ਰਭਾਵ ਅਤੇ ਵੱਕਾਰ ਲਈ ਤੀਜੀ ਦੁਨੀਆ ਦੇ ਮੁਲਕਾਂ ਦੀ ਲੁੱਟ-ਖਸੁੱਟ ਕਰਦਾ ਹੈ। ਅਮਰੀਕਾ ਵੱਲੋਂ ਮੁਲਕਾਂ ਨੂੰ ਭੜਕਾ ਕੇ ਕਰਵਾਈਆਂ ਜੰਗਾਂ ਕਾਰਨ ਅਮਰੀਕਾ ਦੇ ਆਮ ਲੋਕਾਂ ਉੱਤੇ ਵੀ ਬੋਝ ਪੈਂਦਾ ਹੈ। ਅਮਰੀਕਾ ਅੰਦਰ ਲਗਾਤਾਰ ਵਧਦੀ ਮਹਿੰਗਾਈ, ਟੈਕਸ ਬੋਝ, ਬੇਘਰੇ ਲੋਕ, ਸਿਹਤ ਤੇ ਸਿੱਖਿਆ ਬਜਟ ’ਤੇ ਕੱਟ ਤੇ ਦੂਜੇ ਪਾਸੇ ਜੰਗ ਵਿੱਚ ਅਰਬਾਂ-ਖਰਬਾਂ ਡਾਲਰ ਵਹਾਉਣ ਕਰ ਕੇ ਅਮਰੀਕੀ ਲੋਕਾਂ ਤੇ ਵਿਦਿਆਰਥੀਆਂ ਵਿੱਚ ਲਗਾਤਾਰ ਚੇਤਨਾ ਤੇ ਰੋਸ ਪੈਦਾ ਹੁੰਦਾ ਆ ਰਿਹਾ ਹੈ। ਵਿਦਿਆਰਥੀਆਂ ’ਤੇ ਹੋਏ ਮੌਜੂਦਾ ਸਰਕਾਰੀ ਜਬਰ ਨੇ ਰੋਹ ਦੀ ਇਸ ਚੰਗਿਆੜੀ ਨੂੰ ਹੋਰ ਵੱਧ ਭੜਕਾਇਆ ਹੈ।
ਅਮਰੀਕੀ ਸਾਮਰਾਜ ਨੇ ਦਹਾਕਿਆਂ ਤੋਂ ਲਾਤੀਨੀ ਅਮਰੀਕਾ, ਮੱਧ ਪੂਰਬ ਤੇ ਅਫ਼ਰੀਕਾ ਮਹਾਂਦੀਪ ਦੇ ਵੱਖ-ਵੱਖ ਮੁਲਕਾਂ ਵਿੱਚ ਆਰਥਿਕ-ਸਿਆਸੀ ਗਲਬੇ, ਰਾਜਪਲਟੇ ਤੇ ਦਖਲਅੰਦਾਜ਼ੀ ਕਰਕੇ ਵੱਡੇ ਵਿਰੋਧੀ ਪੈਦਾ ਕਰ ਲਏ ਹਨ। ਅਮਰੀਕੀ ਸਾਮਰਾਜ ਵਿਰੋਧੀ ਇਹ ਤਾਕਤਾਂ ਰੂਸ-ਚੀਨ ਵਰਗੀਆਂ ਵੱਡੀਆਂ ਸੰਸਾਰ ਤਾਕਤਾਂ ਨਾਲ ਮਿਲ ਕੇ ਅਮਰੀਕਾ ਲਈ ਲਗਾਤਾਰ ਵੱਖ-ਵੱਖ ਤਰ੍ਹਾਂ ਦੀਆਂ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਰਹੀਆਂ ਹਨ। ਇਸੇ ਸਮੇਂ ਅਮਰੀਕੀ ਧਰਤੀ ਤੋਂ ਸਾਮਰਾਜ ਵਿਰੋਧੀ, ਸਾਮਰਾਜੀ ਜੰਗਾਂ ਵਿਰੋਧੀ ਆਵਾਜ਼ ਉੱਠਣਾ ਵਿਸ਼ਵਵਿਆਪੀ ਅਹਿਮੀਅਤ ਵਾਲੀ ਘਟਨਾ ਹੈ। ਯੂਕਰੇਨ ਤੇ ਫ਼ਲਸਤੀਨ ਜੰਗ ਦਾ ਸਿੱਧਾ ਸਬੰਧ ਅਮਰੀਕੀ ਸਾਮਰਾਜ ਨਾਲ ਜੁੜਿਆ ਹੋਇਆ ਹੈ ਤੇ ਵਿਦਿਆਰਥੀ ਇਸ ਕੜੀ ਨੂੰ ਖ਼ਤਮ ਕਰਨ ਦੀ ਮੰਗ ਕਰਕੇ ਸੰਸਾਰ ਸਾਹਮਣੇ ਵੱਡਾ ਸਿਆਸੀ ਤੇ ਸ਼ਾਂਤੀ ਦਾ ਸੁਨੇਹਾ ਦੇ ਰਹੇ ਹਨ।
ਜੇਕਰ ਇਹ ਸੰਘਰਸ਼ ਸਮਾਜ ਦੇ ਸਭ ਤਬਕਿਆਂ ਤੱਕ ਵਧਦਾ ਹੈ ਤਾਂ ਇਸ ਨਾਲ ਅਮਰੀਕੀ ਜੰਗੀ ਮਸ਼ੀਨ ਦੇ ਕਈ ਪੁਰਜ਼ੇ (ਹਥਿਆਰ ਤੇ ਹੋਰ ਵਿਸ਼ਵ ਵਪਾਰ ਕਾਰਪੋਰੇਸ਼ਨਾਂ) ਤੇ ਇਸ ਦੇ ਮੋਹਰੇ (ਇਜ਼ਰਾਈਲ, ਯੂਕਰੇਨ) ਨਿਸੱਤੇ ਹੋ ਜਾਣਗੇ। ਇਉਂ ਇਹ ਮਾਮਲਾ ਹੋਰ ਵੱਧ ਉੱਭਰ ਸਕਦਾ ਹੈ ਕਿ ਜੰਗ ਲਈ ਵਿੱਤੀ ਸਹਾਇਤਾ (ਫੰਡ) ਤੇ ਹਥਿਆਰ ਕੰਪਨੀਆਂ ਦੇ ਵਿਕਰੀ ਸੌਦਿਆਂ ਅਤੇ ਸਪਲਾਈ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇ।
ਅਮਰੀਕਾ ਵਿੱਚ ਵਿਦਿਆਰਥੀਆਂ ਦੀ ਚੰਗੀ ਪਹਿਲਕਦਮੀ ਤੇ ਅਗਵਾਈ ਹੇਠ ਸਾਮਰਾਜ ਦੇ ਗੜ੍ਹ ਵਿੱਚੋਂ ਪੈਦਾ ਹੋਈ ਚੁਣੌਤੀ ਨੂੰ ਦੇਸ਼ ਦੇ ਸਭ ਵਰਗਾਂ ਤੱਕ ਲਿਜਾ ਕੇ ਜੰਗ ਖ਼ਿਲਾਫ਼ ਹੋਰ ਵੱਡੀ ਜਨਤਕ ਲਾਮਬੰਦੀ ਕਰਨ ਦੀ ਲੋੜ ਹੈ। ਇਸ ਤਰ੍ਹਾਂ ਦੁਨੀਆ ਭਰ ਦੇ ਚੇਤੰਨ-ਜੁਝਾਰੂ ਨੌਜਵਾਨਾਂ-ਵਿਦਿਆਰਥੀਆਂ ਤੇ ਇਨਸਾਫ਼ਪਸੰਦ ਲੋਕਾਂ ਨੂੰ ਜੰਗ ਖ਼ਿਲਾਫ਼ ਕੌਮਾਂਤਰੀ ਮੁਹਿੰਮ ਚਲਾਉਣ ਦੀ ਲੋੜ ਹੈ। ਜੰਗਾਂ ਸਾਮਰਾਜੀ ਪ੍ਰਬੰਧ ਦੀ ਦੇਣ ਹਨ ਤੇ ਸਾਮਰਾਜ ਦੀ ਹੋਂਦ ਤੱਕ ਇਹ ਜੰਗਾਂ ਸੰਸਾਰ ਦੇ ਵੱਖ-ਵੱਖ ਕੋਨਿਆਂ ਵਿੱਚ ਵੱਖ-ਵੱਖ ਸ਼ਕਲਾਂ ਵਿੱਚ ਉੱਠਦੀਆਂ ਰਹਿਣੀਆਂ ਹਨ। ਜੰਗਾਂ ਦੇ ਖ਼ਾਤਮੇ ਲਈ ਮੁਨਾਫ਼ਾਖੋਰ ਸਾਮਰਾਜ-ਸਰਮਾਏਦਾਰੀ ਵਿਵਸਥਾ ਦਾ ਖ਼ਾਤਮਾ ਅਤੇ ਇਸ ਦੀ ਥਾਂ ਮਨੁੱਖਤਾ ਪੱਖੀ ਵਿਵਸਥਾ ਦੀ ਸਥਾਪਨਾ ਦੀ ਲੋੜ ਹੈ। ਇਸ ਲਈ ਨੌਜਵਾਨ ਸ਼ਕਤੀ ਦੀ ਹਮੇਸ਼ਾ ਵੱਡੀ ਭੂਮਿਕਾ ਰਹੀ ਹੈ।
ਸੰਪਰਕ: +1 438-924-2052

Advertisement
Author Image

Advertisement
Advertisement
×