‘ਭਾਰਤ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਲਈ ਅਮਰੀਕੀ ਧਰਤੀ ਦੀ ਹੋ ਰਹੀ ਹੈ ਵਰਤੋਂ’
ਵਾਸ਼ਿੰਗਟਨ, 14 ਮਾਰਚ
ਅਮਰੀਕਾ ਵਿੱਚ ਸਿਲੀਕਾਨ ਵੈਲੀ ਦੇ ਉੱਘੇ ਭਾਰਤੀ-ਅਮਰੀਕੀਆਂ ਦੇ ਸਮੂਹ ਨੇ ਨਿਆਂ ਵਿਭਾਗ, ਸੰਘੀ ਜਾਂਚ ਬਿਊਰੋ (ਐੱਫਬੀਆਈ) ਅਤੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਅਮਰੀਕੀ ਧਰਤੀ ਦੀ ਵਰਤੋਂ ਭਾਰਤ ਖ਼ਿਲਾਫ਼ ਅਤਿਵਾਦੀ ਗਤੀਵਿਧੀਆਂ ਲਈ ਕੀਤੀ ਜਾ ਰਹੀ ਹੈ। ਸਮੂਹ ਨੇ ਕੈਲੇਫੋਰਨੀਆ ਵਿੱਚ ਹਿੰਦੂਆਂ ਖ਼ਿਲਾਫ਼ ਵਧਦੇ ਨਫ਼ਰਤੀ ਅਪਰਾਧਾਂ ਨੂੰ ਲੈ ਕੇ ਇਸ ਹਫ਼ਤੇ ਨਿਆਂ ਵਿਭਾਗ, ਐੱਫਬੀਆਈ ਅਤੇ ਸਥਾਨਕ ਪੁਲੀਸ ਦੇ ਵਿਸ਼ੇਸ਼ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਮੌਜੂਦ ਕਈ ਲੋਕਾਂ ਅਨੁਸਾਰ ਭਾਰਤੀ-ਅਮਰੀਕੀਆਂ ਨੇ ਇਸ ਗੱਲ ’ਤੇ ਨਾਰਾਜ਼ਗੀ ਅਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਕਿ ਅਮਰੀਕਾ ਵਿੱਚ ਕਾਨੂੰਨ ਐਨਫੋਰਸਮੈਂਟ ਏਜੰਸੀਆਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਜੋ ਭਾਰਤ ਵਿੱਚ ਅਤਿਵਾਦੀ ਗਤੀਵਿਧੀਆਂ ਦਾ ਸਮਰਥਨ ਕਰਦੇ ਹਨ। ਹਿੰਦੂ ਅਤੇ ਜੈਨ ਮੰਦਰਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿੱਚ ਵਾਧੇ ਨੂੰ ਲੈ ਕੇ ਭਾਈਚਾਰੇ ਦੇ ਨੇਤਾ ਅਜੈ ਜੈਨ ਭਟੂਰੀਆ ਦੀ ਪਹਿਲ ’ਤੇ ਮੀਟਿੰਗ ਕੀਤੀ ਗਈ ਸੀ। ਇਸ ਵਿੱਚ ਕਰੀਬ ਦੋ ਦਰਜਨ ਉੱਘੇ ਭਾਰਤੀ-ਅਮਰੀਕੀਆਂ ਨੇ ਸ਼ਮੂਲੀਅਤ ਕੀਤੀ। ਨਿਆਂ ਵਿਭਾਗ ਦੀ ਕਮਿਊਨਿਟੀ ਰਿਲੇਸ਼ਨਜ਼ ਸਰਵਿਸ ਤੋਂ ਵਿਨਸੈਂਟ ਪਲੇਅਰ ਅਤੇ ਹਰਪ੍ਰੀਤ ਸਿੰਘ ਮੋਖਾ ਦੇ ਨਾਲ-ਨਾਲ ਐੱਫਬੀਆਈ ਦੇ ਅਧਿਕਾਰੀ ਅਤੇ ਸਾਂ ਫਰਾਂਸਿਸਕੋ, ਮਿਲਪੀਟਾਸ, ਫਰੀਮਾਂਟ ਅਤੇ ਨੇਵਾਰਕ ਦੇ ਪੁਲੀਸ ਵਿਭਾਗਾਂ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਸ਼ਾਮਲ ਹੋਏ।
ਮੀਟਿੰਗ ਮਗਰੋਂ ਭਾਰਤੀ-ਅਮਰੀਕੀਆਂ ਨੇ ਕਿਹਾ ਕਿ ਉਨ੍ਹਾਂ ਲੋਕਾਂ ਖਾਸ ਕਰਕੇ ਹਿੰਦੂਆਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿੱਚ ਅਚਾਨਕ ਵਾਧੇ ਤੋਂ ਭਾਈਚਾਰੇ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਖਾਲਿਸਤਾਨ ਸਮਰਥਕ ਲੋਕ ਸਕੂਲਾਂ ਅਤੇ ਭਾਰਤੀਆਂ ਨਾਲ ਸਬੰਧਿਤ ਕਰਿਆਨੇ ਦੀਆਂ ਦੁਕਾਨਾਂ ਦੇ ਬਾਹਰ ਟਰੱਕ ਖੜੇ ਕਰ ਦਿੰਦੇ ਹਨ ਅਤੇ ਨੌਜਵਾਨ ਭਾਰਤੀ-ਅਮਰੀਕੀਆਂ ਨੂੰ ਡਰਾਉਂਦੇ ਹਨ। ਭਾਈਚਾਰੇ ਦੇ ਕਈ ਮੈਂਬਰਾਂ ਨੇ ਇਸ ਗੱਲ ’ਤੇ ਆਪਣੀ ਨਾਰਾਜ਼ਗੀ ਜਤਾਈ ਕਿ ਲਾਅ ਐਨਫੋਰਸਮੈਂਟ ਏਜੰਸੀਆਂ ਉਨ੍ਹਾਂ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕੀਆਂ, ਜੋ ਸਾਂ ਫਰਾਂਸਿਸਕੋ ਵਿੱਚ ਭਾਰਤੀ ਕੌਂਸਲਖਾਨੇ ਨੂੰ ਸਾੜਨ ਦੀ ਕੋਸ਼ਿਸ਼ ਵਿੱਚ ਸ਼ਾਮਲ ਸਨ ਅਤੇ ਖੁੱਲ੍ਹੇਆਮ ਭਾਰਤੀ ਡਿਪਲੋਮੈਟਾਂ ਨੂੰ ਧਮਕੀ ਦੇ ਰਹੇ ਸਨ। -ਪੀਟੀਆਈ