ਅਮਰੀਕੀ ਸਕਿਉਰਿਟੀਜ਼ ਐਂਡ ਐਕਸਚੇਂਜ ਵੱਲੋਂ ਅਡਾਨੀ ਤੇ ਭਤੀਜੇ ਤੋਂ ਜਵਾਬ ਤਲਬ
ਨਿਊਯਾਰਕ, 23 ਨਵੰਬਰ
ਅਡਾਨੀ ਗਰੁੱਪ ਦੇ ਬਾਨੀ ਤੇ ਚੇਅਰਮੈਨ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਨੂੰ ਅਮਰੀਕੀ ਸਕਿਉਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸਈਸੀ) ਨੇ ਤਲਬ ਕਰਕੇ ਸੂਰਜੀ ਊਰਜਾ ਠੇਕਿਆਂ ’ਚ 2200 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਲੱਗੇ ਦੋਸ਼ਾਂ ਬਾਰੇ ਆਪਣਾ ਪੱਖ ਰੱਖਣ ਲਈ ਕਿਹਾ ਹੈ। ਕਮਿਸ਼ਨ ਨੇ ਅਡਾਨੀ ਦੇ ਅਹਿਮਦਾਬਾਦ ਸਥਿਤ ਸ਼ਾਂਤੀਵਨ ਫਾਰਮ ਅਤੇ ਉਸ ਦੇ ਭਤੀਜੇ ਸਾਗਰ ਨੂੰ ਇਸੇ ਸ਼ਹਿਰ ਦੇ ਬੋਕਾਦੇਵ ਸਥਿਤ ਰਿਹਾਇਸ਼ ’ਤੇ ਸੰਮਨ ਭੇਜ ਕੇ 21 ਦਿਨਾਂ ਦੇ ਅੰਦਰ ਜਵਾਬ ਤਲਬ ਕੀਤਾ ਹੈ। ਨਿਊਯਾਰਕ ਪੂਰਬੀ ਜ਼ਿਲ੍ਹਾ ਅਦਾਲਤ ਰਾਹੀਂ 21 ਨਵੰਬਰ ਨੂੰ ਭੇਜੇ ਗਏ ਨੋਟਿਸ ’ਚ ਕਿਹਾ ਗਿਆ ਹੈ, ‘‘ਇਸ ਸੰਮਨ ਦੀ ਤਾਮੀਲ ਦੇ 21 ਦਿਨਾਂ ਦੇ ਅੰਦਰ (ਜਿਸ ਦਿਨ ਤੁਹਾਨੂੰ ਇਹ ਸੰਮਨ ਮਿਲੇਗਾ, ਉਸ ਨੂੰ ਛੱਡ ਕੇ) ਤੁਹਾਨੂੰ ਮੁੱਦਈ (ਐੱਸਈਸੀ) ਨੂੰ ਸ਼ਿਕਾਇਤ ਦਾ ਜਵਾਬ ਦੇਣਾ ਹੋਵੇਗਾ ਜਾਂ ਸੰਘੀ ਸਿਵਲ ਪ੍ਰਕਿਰਿਆ ਦੇ ਨੇਮ 12 ਤਹਿਤ ਇਕ ਪ੍ਰਸਤਾਵ ਤਾਮੀਲ ਕਰਨਾ ਹੋਵੇਗਾ।’’ ਇਸ ’ਚ ਕਿਹਾ ਗਿਆ ਹੈ ਕਿ ਜੇ ਉਹ ਜਵਾਬ ਦੇਣ ’ਚ ਨਾਕਾਮ ਰਹਿੰਦੇ ਹਨ ਤਾਂ ਸ਼ਿਕਾਇਤ ਮੁਤਾਬਕ ਉਨ੍ਹਾਂ ਖ਼ਿਲਾਫ਼ ਫ਼ੈਸਲਾ ਲਿਆ ਜਾਵੇਗਾ ਅਤੇ ਫਿਰ ਉਨ੍ਹਾਂ ਨੂੰ ਆਪਣਾ ਜਵਾਬ ਜਾਂ ਪ੍ਰਸਤਾਵ ਵੀ ਅਦਾਲਤ ’ਚ ਦਾਖ਼ਲ ਕਰਨਾ ਹੋਵੇਗਾ। ਗੌਤਮ ਅਡਾਨੀ ਅਤੇ ਸੱਤ ਹੋਰਾਂ ਖ਼ਿਲਾਫ਼ ਬੁੱਧਵਾਰ ਨੂੰ ਨਿਊਯਾਰਕ ਦੀ ਅਦਾਲਤ ’ਚ ਦੋਸ਼ ਪੱਤਰ ਦਾਖ਼ਲ ਕੀਤੇ ਗਏ ਸਨ। ਕੇਸ ਮੁਤਾਬਕ ਅਡਾਨੀ ਗਰੁੱਪ ਦੀ ਕੰਪਨੀ ਨੇ ਸੂਰਜੀ ਊਰਜਾ ਸਪਲਾਈ ਦਾ ਠੇਕਾ ਲੈਣ ਲਈ 2020 ਅਤੇ 2024 ਦਰਮਿਆਨ ਭਾਰਤੀ ਸਰਕਾਰੀ ਅਧਿਕਾਰੀਆਂ ਨੂੰ ਕਰੀਬ 26.5 ਕਰੋੜ ਡਾਲਰ ਦੀ ਰਿਸ਼ਵਤ ਦੇਣ ’ਤੇ ਸਹਿਮਤੀ ਜਤਾਈ ਸੀ। -ਪੀਟੀਆਈ