ਅਮਰੀਕੀ ਰਾਸ਼ਟਰਪਤੀ ਬਾਇਡਨ ਨੂੰ ਹੋਇਆ ਕਰੋਨਾ
ਮਿਲਵਾਕੀ:
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ (81) ਕੋਵਿਡ-19 ਪਾਜ਼ੇਟਿਵ ਨਿਕਲ ਆਏ ਹਨ। ਕਰੋਨਾ ਹੋਣ ਕਰਕੇ ਅਗਾਮੀ ਰਾਸ਼ਟਰਪਤੀ ਚੋਣਾਂ ਲਈ ਉਨ੍ਹਾਂ ਦੀ ਪ੍ਰਚਾਰ ਮੁਹਿੰਮ ਨੂੰ ਝਟਕਾ ਲੱਗਾ ਹੈ। ਬਾਇਡਨ ਨੂੰ ਕਰੋਨਾ ਦੀ ਲਾਗ ਅਜਿਹੇ ਮੌਕੇ ਲੱਗੀ ਹੈ ਜਦੋਂ ਉਨ੍ਹਾਂ ਦੀ ਸਿਹਤ ਤੇ ਉਮੀਦਵਾਰ ਵਜੋਂ ਵਿਹਾਰਕਤਾ ਨੂੰ ਲੈ ਕੇ ਉਨ੍ਹਾਂ ’ਤੇ ਖਾਸਾ ਦਬਾਅ ਹੈ। ਬਾਇਡਨ ਨੇ ਐਕਸ ’ਤੇ ਲਿਖਿਆ, ‘‘ਮੈਂ ਬਿਮਾਰ ਹਾਂ।’’ ਬਾਇਡਨ ਬੁੱਧਵਾਰ ਨੂੰ ਕੋਵਿਡ-19 ਪਾਜ਼ੇਟਿਵ ਨਿਕਲੇ ਸਨ, ਜਿਸ ਨਾਲ ਲਾਸ ਵੇਗਸ ਵਿਚਲੀ ਚੋਣ ਰੈਲੀ ਅਸਰਅੰਦਾਜ਼ ਹੋਈ ਸੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਇਕ ਬਿਆਨ ਵਿਚ ਕਿਹਾ, ‘‘ਉਨ੍ਹਾਂ ਦੀ ਵੈਕਸੀਨੇਸ਼ਨ ਕੀਤੀ ਗਈ ਹੈ ਤੇ ਉਨ੍ਹਾਂ ਨੂੰ (ਕਰੋਨਾ ਦੇ) ਹਲਕੇ ਲੱਛਣ ਹਨ।’’ ਉਂਜ ਕਰੋਨਾ ਦੀ ਲਾਗ ਤੋਂ ਪੀੜਤ ਹੋਣ ਦਾ ਪਤਾ ਲੱਗਣ ’ਤੇ ਬਾਇਡਨ ਡੈਲਾਵੇਅਰ ਸਥਿਤ ਆਪਣੇ ਘਰ ਪਰਤ ਆਏ ਹਨ, ਜਿੱਥੇ ਉਨ੍ਹਾਂ ਖ਼ੁਦ ਨੂੰ ਹੋਰਨਾਂ ਨਾਲੋਂ ਵੱਖ ਕਰ ਲਿਆ ਹੈ। ਰਾਸ਼ਟਰਪਤੀ ਹਾਲਾਂਕਿ ਆਪਣੇ ਫ਼ਰਜ਼ਾਂ ਨੂੰ ਉਸੇ ਤਰ੍ਹਾਂ ਨਿਭਾਉਂਦੇ ਰਹਿਣਗੇ। -ਪੀਟੀਆਈ