ਹਿੰਦੀ ਵਿੱਚ ਗੱਲ ਕਰਨ ’ਤੇ ਅਮਰੀਕੀ ਇੰਜਨੀਅਰ ਨੂੰ ਨੌਕਰੀ ਤੋਂ ਕੱਢਿਆ
ਵਾਸ਼ਿੰਗਟਨ, 1 ਅਗਸਤ
ਅਮਰੀਕਾ ਵਿੱਚ ਰਹਿ ਰਹੇ 78 ਸਾਲਾ ਭਾਰਤੀ ਮੂਲ ਦੇ ਇੰਜਨੀਅਰ ਨੂੰ ਨੌਕਰੀ ਤੋਂ ਸਿਰਫ਼ ਇਸ ਲਈ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਉਹ ਭਾਰਤ ਵਿੱਚ ਮਰਨ ਕੰਢੇ ਪਏ ਆਪਣੇ ਇੱਕ ਰਿਸ਼ਤੇਦਾਰ ਨਾਲ ਵੀਡੀਓ ਕਾਲ ’ਤੇ ਹਿੰਦੀ ਵਿੱਚ ਗੱਲ ਕਰ ਰਿਹਾ ਸੀ। ਮੀਡੀਆ ਨੇ ਮੁਕੱਦਮੇ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ ਹੈ। ਮੀਡੀਆ ਮੁਤਾਬਕ ਅਲਬਾਮਾ ਮਿਜ਼ਾਈਲ ਡਿਫੈਂਸ ਕੰਟਰੈਕਟਰ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਨਿਲ ਵਾਰਸ਼ਨੀ ਨੇ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਹੈ। ਵਾਰਸ਼ਨੀ ਹੰਟਸਵਿਲੇ ਮਿਜ਼ਾਈਲ ਡਿਫੈਂਸ ਕੰਟਰੈਕਟਰ ਪਰਸਨਜ਼ ਕਾਰਪੋਰੇਸ਼ਨ ਵਿੱਚ ਸੀਨੀਅਰ ਸਿਸਟਮ ਇੰਜਨੀਅਰ ਵਜੋਂ ਕੰਮ ਕਰਦਾ ਸੀ। ਉਨ੍ਹਾਂ ਸੰਘੀ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਦੋਸ਼ ਲਾਇਆ ਕਿ ਉਸ ਨਾਲ ਸੰਸਥਾਗਤ ਵਿਤਕਰਾ ਕੀਤਾ ਗਿਆ ਹੈ, ਜਿਸ ਕਾਰਨ ਪਿਛਲੇ ਸਾਲ ਅਕਤੂਬਰ ਵਿੱਚ ਉਸ ਨੂੰ ਬੇਰੁਜ਼ਗਾਰ ਹੋਣਾ ਪਿਆ। ਏਐੱਲ ਡਾਟ ਕਾਮ ਨੇ ਖ਼ਬਰ ਦਿੱਤੀ ਕਿ ਇੱਕ ਗੋਰੇ ਸਹਿਕਰਮੀ ਨੇ ਵਾਰਸ਼ਨੀ ਨੂੰ ਭਾਰਤ ਵਿੱਚ ਮਰਨ ਕੰਢੇ ਪਏ ਆਪਣੇ ਰਿਸ਼ਤੇਦਾਰ ਨਾਲ ਫੋਨ ’ਤੇ ਹਿੰਦੀ ਵਿੱਚ ਗੱਲ ਕਰਦਿਆਂ ਸੁਣਿਆ ਸੀ। ਵਾਰਸ਼ਨੀ ਨੂੰ 26 ਸਤੰਬਰ 2022 ਨੂੰ ਉਸ ਦੇ ਮਰਨ ਕੰਢੇ ਪਏ ਰਿਸ਼ਤੇਦਾਰ ਕੇਸੀ ਗੁਪਤਾ ਦਾ ਭਾਰਤ ਤੋਂ ਫੋਨ ਆਇਆ ਸੀ, ਜੋ ਆਖ਼ਰੀ ਵਾਰ ਵਾਰਸ਼ਨੀ ਨਾਲ ਗੱਲ ਕਰਨਾ ਚਾਹੁੰਦਾ ਸੀ। -ਪੀਟੀਆਈ